ਤਨਖਾਹ ਨਾ ਮਿਲਣ ''ਤੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਕੀਤੀ ਹੜਤਾਲ
Tuesday, Mar 27, 2018 - 11:09 AM (IST)

ਦਿੜ੍ਹਬਾ ਮੰਡੀ (ਅਜੈ)—ਤਹਿਸੀਲ ਦਿੜ੍ਹਬਾ ਅਧੀਨ ਪੈਂਦੇ ਸਾਰੇ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਨੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੇ ਰੋਸ 'ਚ ਸੇਵਾ ਕੇਂਦਰਾਂ ਦਾ ਕੰਮ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ। ਇਸ ਮੌਕੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਕੰਪਨੀ ਖਿਲਾਫ ਨਾਅਰੇਬਾਜ਼ੀ ਵੀ ਕੀਤੀ।
ਸੇਵਾ ਕੇਂਦਰ ਮੁਲਾਜ਼ਮ ਪ੍ਰਵੀਨ ਗੋਇਲ ਅਤੇ ਹਰਮਨਜੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਨਵੰਬਰ ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਸਾਰੇ ਮੁਲਾਜ਼ਮ ਆਰਥਕ ਅਤੇ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੋ ਰਹੇ ਹਨ। ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਤਨਖਾਹ ਬਾਰੇ ਗੱਲ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਵੱਲੋਂ ਵੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਜਾਂਦਾ। ਸਾਰੇ ਹੀ ਮੁਲਾਜ਼ਮਾਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਤਨਖਾਹ ਨਹੀਂ ਮਿਲਦੀ ਉਦੋਂ ਤੱਕ ਕੰਮ ਸ਼ੁਰੂ ਨਹੀਂ ਕੀਤਾ ਜਾਵੇਗਾ।
ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ
ਮੁਲਾਜ਼ਮਾਂ ਨੇ ਤਨਖਾਹ ਸਬੰਧੀ ਇਕ ਮੰਗ ਪੱਤਰ ਤਹਿਸੀਲਦਾਰ ਸੰਜੀਵ ਕੁਮਾਰ ਦਿੜ੍ਹਬਾ ਨੂੰ ਦਿੱਤਾ। ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੇ ਜਾਣ ਕਾਰਨ ਤਹਿਸੀਲ ਦਫਤਰ ਦਿੜ੍ਹਬਾ ਅਤੇ ਬਾਕੀ ਸੇਵਾ ਕੇਂਦਰਾਂ 'ਤੇ ਵੀ ਲੋਕਾਂ ਨੂੰ ਆਪਣੇ ਕੰਮ ਨਾ ਹੋਣ ਕਰਕੇ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਕੌਣ ਸਨ ਸ਼ਾਮਲ
ਜਗਦੀਪ ਸਿੰਘ, ਅਮਿਤ ਕੁਮਾਰ, ਨਰਿੰਦਰ ਕੁਮਾਰ, ਲਖਵਿੰਦਰ ਸਿੰਘ, ਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਅਵਤਾਰ ਸਿੰਘ, ਦੀਪਕ ਕੁਮਾਰ, ਅਰਸ਼ਦੀਪ ਸਿੰਘ ਅਤੇ ਕੁਲਦੀਪ ਸਿੰਘ ਆਦਿ।