ਹੁਣ ਨੌਕਰਾਂ ਦੇ ਵੇਰਵੇ ਵੀ ਪੁਲਸ ਥਾਣੇ ''ਚ ਕਰਵਾਉਣਗੇ ਪੈਣਗੇ ਦਰਜ, ਜ਼ਿਲਾ ਮੈਜਿਸਟ੍ਰੇਟ ਨੇ ਦਿੱਤੇ ਹੁਕਮ

11/21/2017 1:24:23 PM

ਕਪੂਰਥਲਾ (ਮਲਹੋਤਰਾ, ਗੁਰਵਿੰਦਰ ਕੌਰ)— ਜ਼ਿਲਾ ਮੈਜਿਸਟ੍ਰ੍ਰੇਟ ਕਪੂਰਥਲਾ ਮੁਹੰਮਦ ਤਈਅਬ ਨੇ ਮਕਾਨ ਮਾਲਕਾਂ ਜਾਂ ਮਕਾਨਾਂ ਵਿਚ ਰਹਿੰਦੇ ਕਿਰਾਏਦਾਰਾਂ ਨੂੰ ਹੁਕਮ ਦਿੱਤੇ ਹਨ ਕਿ ਉਹ ਆਪਣੇ ਘਰਾਂ ਵਿਚ ਪੂਰਨ ਜਾਂ ਅੰਸ਼ਿਕ ਤੌਰ 'ਤੇ ਕੰਮ ਕਰਦੇ ਨੌਕਰਾਂ/ਨੌਕਰਾਣੀਆਂ/ਘਰੇਲੂ ਨੌਕਰਾਂ ਆਦਿ ਦੀ ਪੂਰੀ ਜਾਣਕਾਰੀ ਲਈ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਜਾਂ ਕਿਸੇ ਸਰਕਾਰੀ/ਅਰਧ ਸਰਕਾਰੀ ਸੰਸਥਾ/ਸਰਕਾਰ ਵੱਲੋਂ ਮਨਜ਼ੂਰਸ਼ੁਦਾ ਅਦਾਰੇ ਵੱਲੋਂ ਜਾਰੀ ਪਛਾਣ ਪੱਤਰ, ਜਿਸ ਵਿਚ ਉਸ ਵਿਅਕਤੀ ਦਾ ਨਾਮ, ਪੱਕਾ ਪਤਾ, ਫੋਟੋ ਆਦਿ ਹੋਵੇ, ਲੈ ਕੇ ਉਸ ਦੀ ਆਪਣੇ ਨਜ਼ਦੀਕੀ ਪੁਲਸ ਥਾਣੇ/ਚੌਕੀ ਵਿਚ ਦਰਜ ਕਰਵਾਉਣ ਅਤੇ ਉਨ੍ਹਾਂ ਦੀ ਪੁਲਸ ਵੈਰੀਫਿਕੇਸ਼ਨ ਕਰਵਾਉਣੀ ਯਕੀਨੀ ਬਣਾਉਣ। 
ਇਹ ਹੁਕਮ 19 ਜਨਵਰੀ 2018 ਤੱਕ ਲਾਗੂ ਰਹਿਣਗੇ। ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਹੈ ਕਿ ਘਰਾਂ ਵਿਚ ਪੂਰੇ ਜਾਂ ਅੰਸ਼ਿਕ ਤੌਰ 'ਤੇ ਕੰਮ ਕਰਦੇ ਨੌਕਰਾਂ ਦਾ ਸਥਾਈ ਪਤਾ/ਰਿਕਾਰਡ ਨਹੀਂ ਰੱਖਿਆ ਜਾਂਦਾ, ਜਿਸ ਨਾਲ ਜੁਰਮ ਹੋਣ 'ਤੇ ਅਜਿਹੇ ਦੋਸ਼ੀਆਂ ਨੂੰ ਲੱਭਣਾ ਔਖਾ ਹੋ ਜਾਂਦਾ ਹੈ। ਜਿਸ ਨਾਲ ਅਮਨ ਤੇ ਕਾਨੂੰਨ ਭੰਗ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਇਸੇ ਤਰ੍ਹਾਂ ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਮੁਹੰਮਦ ਤਈਅਬ ਨੇ ਜ਼ਿਲਾ ਕਪੂਰਥਲਾ ਵਿਚ ਹੋਟਲ/ਰੈਸਟੋਰੈਂਟ ਅਤੇ ਹੁੱਕਾ ਬਾਰਾਂ ਆਦਿ ਵਿਚ ਤੰਬਾਕੂ ਅਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ਵੱਖ-ਵੱਖ ਖਾਣ-ਪੀਣ ਵਾਲੀਆਂ ਵਸਤੂਆਂ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਆਦਿ ਵਿਚ ਤਿਆਰ ਕਰਕੇ ਆਉਣ ਵਾਲੇ ਗਾਹਕਾਂ ਨੂੰ ਵੇਚਣ ਜਾਂ ਸਰਵ ਕਰਨ 'ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 19 ਜਨਵਰੀ 2018 ਤਕ ਲਾਗੂ ਰਹਿਣਗੇ। 
ਜਾਰੀ ਹੁਕਮਾਂ ਵਿਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਹੈ ਕਿ ਇਹ ਵੇਖਣ ਵਿਚ ਆਇਆ ਹੈ ਕਿ ਹੋਟਲ/ਰੈਸਟੋਰੈਂਟ ਅਤੇ ਹੁੱਕਾ ਬਾਰਾਂ ਆਦਿ ਵਿਚ ਤੰਬਾਕੂ ਅਤੇ ਨਿਕੋਟੀਨ ਵਰਗੇ ਨਸ਼ੀਲੇ ਪਦਾਰਥਾਂ ਤੋਂ ਬਣੀਆਂ ਵੱਖ-ਵੱਖ ਖਾਣ-ਪੀਣ ਦੀਆਂ ਵਸਤੂਆਂ ਜਾਂ ਕਿਸੇ ਹੋਰ ਢੰਗ ਨਾਲ ਇਨ੍ਹਾਂ ਨਸ਼ੀਲੇ ਪਦਾਰਥਾਂ ਨੂੰ ਵੱਖ-ਵੱਖ ਫਲੇਵਰਾਂ ਆਦਿ ਵਿਚ ਤਿਆਰ ਕਰਕੇ ਆਉਣ ਵਾਲੇ ਗਾਹਕਾਂ ਨੂੰ ਵੇਚਿਆ ਜਾਂਦਾ ਹੈ ਜਾਂ ਸਰਵ ਕੀਤਾ ਜਾਂਦਾ ਹੈ, ਜੋ ਕਿ ਲੋਕਾਂ ਦੀ ਸਿਹਤ ਲਈ ਬਹੁਤ ਹਾਨੀਕਾਰਕ ਹੁੰਦੇ ਹਨ ਅਤੇ ਕਈ ਤਰ੍ਹਾਂ ਦੀਆਂ ਘਾਤਕ ਬੀਮਾਰੀਆਂ ਦਾ ਕਾਰਨ ਬਣਦੇ ਹਨ, ਜਿਨ੍ਹਾਂ 'ਤੇ ਲੋਕ ਹਿੱਤ ਵਿਚ ਪਾਬੰਦੀ ਲਗਾਈ ਜਾਣੀ ਜ਼ਰੂਰੀ ਹੈ। 
ਇਸੇ ਤਰ੍ਹਾਂ ਜ਼ਿਲਾ ਕਪੂਰਥਲਾ ਵਿਚ ਪੈਂਦੇ ਸਮੂਹ ਸਾਈਬਰ ਕੈਫੇ/ਐੱਸ. ਟੀ. ਡੀ., ਪੀ. ਸੀ. ਓ./ਹੋਟਲ ਮਾਲਕਾਂ ਲਈ ਵੱਖ-ਵੱਖ ਹੁਕਮ ਜਾਰੀ ਕਰਦਿਆਂ ਉਨ੍ਹਾਂ ਕਿਹਾ ਹੈ ਕਿ ਉਹ ਆਪਣੇ ਅਦਾਰਿਆਂ ਵਿਚ ਸੀ. ਸੀ. ਟੀ. ਵੀ. ਕੈਮਰੇ ਲਾਉਣਗੇ, ਜਿਨ੍ਹਾਂ ਵਿਚ ਪਿਛਲੇ 7 ਦਿਨਾਂ ਦੀ ਰਿਕਾਰਡਿੰਗ ਦੀ ਸਹੂਲਤ ਹੋਣੀ ਚਾਹੀਦੀ ਹੈ। ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੋਈ ਵੀ ਵਿਅਕਤੀ, ਜਿਸ ਦੀ ਸ਼ਨਾਖਤ ਉਕਤ ਅਦਾਰੇ ਦੇ ਮਾਲਕ/ਮੈਨੇਜਰ ਵੱਲੋਂ ਨਾ ਕੀਤੀ ਗਈ ਹੋਵੇ, ਉਹ ਅਦਾਰੇ ਦੀ ਵਰਤੋਂ ਨਹੀਂ ਕਰੇਗਾ। ਇਸ ਤੋਂ ਇਲਾਵਾ ਸਾਈਬਰ ਕੈਫੇ/ਹੋਟਲ ਆਦਿ ਦੇ ਮਾਲਕ ਆਉਣ ਵਾਲੇ ਵਿਅਕਤੀ ਦੇ ਅੰਦਰਾਜ਼ ਸਬੰਧੀ ਰਜਿਸਟਰ ਲਗਾਉਣਗੇ। ਕੈਫੇ ਦੀ ਵਰਤੋਂ ਕਰਨ ਵਾਲੇ ਰਜਿਸਟਰ ਵਿਚ ਆਪਣੀ ਹੱਥ ਲਿਖਤ ਨਾਲ ਆਪਣਾ ਨਾਮ, ਪੱਕਾ ਪਤਾ, ਟੈਲੀਫੋਨ ਨੰਬਰ ਅਤੇ ਸ਼ਨਾਖਤ ਲਿਖਣਗੇ ਅਤੇ ਰਜਿਸਟਰ 'ਤੇ ਆਪਣੇ ਦਸਤਖਤ ਵੀ ਕਰਨਗੇ। 
ਜਾਰੀ ਹੁਕਮਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਕੈਫੇ/ਹੋਟਲ ਵਿਚ ਆਉਣ ਵਾਲੇ ਦੀ ਸ਼ਨਾਖਤ ਆਧਾਰ ਕਾਰਡ, ਸ਼ਨਾਖਤੀ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੰਸ, ਪਾਸਪੋਰਟ, ਫੋਟੋ ਵਾਲੇ ਕ੍ਰੈਡਿਟ ਕਾਰਡ ਰਾਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਰਵਰ 'ਤੇ ਕੀਤੀ ਗਈ ਕਾਰਵਾਈ ਇਕ ਮੇਨ ਸਰਵਰ 'ਤੇ ਰੱਖੀ ਜਾਵੇਗੀ, ਜਿਸ ਦਾ ਰਿਕਾਰਡ ਘੱਟੋ-ਘੱਟ 6 ਮਹੀਨੇ ਲਈ ਰੱਖਿਆ ਜਾਵੇਗਾ, ਜੇਕਰ ਸਾਈਬਰ ਕੈਫੇ/ਐੱਸ. ਟੀ. ਡੀ., ਪੀ. ਸੀ. ਓ./ਹੋਟਲ ਵਿਚ ਆਉਣ ਵਾਲੇ ਵਿਅਕਤੀ ਦੀ ਕਾਰਵਾਈ ਸ਼ੱਕੀ ਜਾਪੇ ਤਾਂ ਸਬੰਧਤ ਮਾਲਕ ਇਸ ਦੀ ਸੂਚਨਾ ਤੁਰੰਤ ਸਬੰਧਤ ਪੁਲਸ ਥਾਣੇ ਨੂੰ ਦੇਵੇਗਾ। ਇਸ ਤੋਂ ਇਲਾਵਾ ਉਸ ਵਿਅਕਤੀ ਵੱਲੋਂ ਵਰਤੋਂ ਵਿਚ ਲਿਆਂਦੇ ਗਏ ਕੰਪਿਊਟਰ ਦਾ ਰਿਕਾਰਡ ਮੇਨਟੇਨ ਕਰਨ ਲਈ ਵੀ ਕਿਹਾ ਗਿਆ ਹੈ। ਇਹ ਹੁਕਮ 19 ਜਨਵਰੀ 2018 ਤੱਕ ਲਾਗੂ ਰਹਿਣਗੇ।


Related News