ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸਨਸਨੀਖੇਜ਼ ਖੁਲਾਸਾ, 4 ਜੇਲ੍ਹਾਂ ’ਚ ਰਚਿਆ ਗਿਆ ਸੀ ਪੂਰਾ ਚੱਕਰਵਿਊ
Saturday, Sep 03, 2022 - 06:27 PM (IST)
ਬਠਿੰਡਾ : ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਕਤਲ ਦੇ ਮਾਮਲੇ ਵਿਚ ਇਕ ਹੋਰ ਵੱਡਾ ਖ਼ੁਲਾਸਾ ਹੋਇਆ ਹੈ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਲਈ ਦਿੱਲੀ ਤੋਂ ਪੰਜਾਬ ਤੱਕ ਚਾਰ ਜੇਲ੍ਹਾਂ ਵਿਚ ਸਾਜ਼ਿਸ਼ ਘੜੀ ਗਈ ਸੀ। ਇਹ ਖ਼ੁਲਾਸਾ ਮਾਨਸਾ ਦੀ ਅਦਾਲਤ ਵਿਚ ਪੁਲਸ ਵਲੋਂ ਦਾਇਰ ਕੀਤੀ ਗਈ ਚਾਰਜਸ਼ੀਟ ਵਿੱਚ ਹੋਇਆ ਹੈ। 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਹੋਣ ’ਤੇ ਇਸ ਕਤਲ ਕਾਂਡ ਵਿਚ ਪੰਜ ਮੁਲਜ਼ਮ ਪੰਜਾਬ ਅਤੇ ਦਿੱਲੀ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਕੈਦ ਕੱਟ ਰਹੇ ਸਨ। 26 ਅਗਸਤ ਨੂੰ ਦਾਇਰ ਕੀਤੀ ਗਈ ਚਾਰਜਸ਼ੀਟ ਅਨੁਸਾਰ ਮੁੱਖ ਸਾਜ਼ਿਸ਼ਕਰਤਾ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਸਨ, ਜਦਕਿ ਗੈਂਗਸਟਰ ਮਨਪ੍ਰੀਤ ਮੰਨਾ ਫਿਰੋਜ਼ਪੁਰ ਜੇਲ੍ਹ ਵਿਚ, ਸਾਰਜ ਸੰਧੂ ਬਠਿੰਡਾ ਜੇਲ੍ਹ ਵਿਚ ਅਤੇ ਮਨਮੋਹਨ ਸਿੰਘ ਮੋਹਣਾ ਮਾਨਸਾ ਵਿਚ ਸੀ। ਇਨ੍ਹਾਂ ਪੰਜਾਂ ਨੂੰ ਜਾਂਚ ਲਈ ਟ੍ਰਾਂਜ਼ਿਟ ਵਾਰੰਟਾਂ ’ਤੇ ਪੁੱਛ ਗਿੱਛ ਲਈ ਲਿਆਂਦਾ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਮਾਨਸਾ ਦੇ ਐੱਸ. ਐੱਸ. ਪੀ. ਦਾ ਵੱਡਾ ਬਿਆਨ
ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਵਟਸਐਪ ਜਾਂ ਸਿਗਨਲ ਐਪ ਰਾਹੀਂ ਇਕ ਦੂਜੇ ਨਾਲ ਸੰਪਰਕ ਕੀਤਾ। ਇਸ ਕੇਸ ਵਿਚ ਪਹਿਲਾਂ ਗੈਂਗਸਟਰ ਪਵਨ ਨਹਿਰਾ ਦਾ ਨਾਂ ਵੀ ਸਾਹਮਣੇ ਆਇਆ ਸੀ ਜੋ ਕਿ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਸੀ ਪਰ ਬਾਅਦ ਵਿਚ ਉਸਨੂੰ ਬੇਕਸੂਰ ਐਲਾਨ ਦਿੱਤਾ ਗਿਆ। ਸੂਤਰਾਂ ਅਨੁਸਾਰ ਜੇਲ੍ਹਾਂ ਖ਼ਤਰਨਾਕ ਅਪਰਾਧੀਆਂ ਲਈ ਪਨਾਹਗਾਹ ਸਾਬਤ ਹੋ ਰਹੀਆਂ ਹਨ, ਜਿੱਥੇ ਮੋਬਾਈਲਾਂ ਸਮੇਤ ਕਈ ਇਤਰਾਜ਼ਯੋਗ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਹਨ। ਇਸ ਨਾਲ ਅਪਰਾਧੀ ਜੇਲ੍ਹਾਂ ਵਿਚ ਬੈਠ ਕੇ ਫਿਰੌਤੀ ਦੀਆਂ ਕਾਲਾਂ ਕਰਨ ਅਤੇ ਡਰ ਪੈਦਾ ਕਰਨ ਅਤੇ ਆਪਣੇ ਗੁੰਡਿਆਂ ਰਾਹੀਂ ਫਿਰੌਤੀ ਵਸੂਲਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਇਹ ਵੀ ਪੜ੍ਹੋ : ਭਾਜਪਾ ਦੇ ਪੈਟਰਨ ’ਤੇ ਅਕਾਲੀ ਦਲ, ਪਾਰਟੀ ਦੀ ਮਜ਼ਬੂਤੀ ਲਈ ਸੁਖਬੀਰ ਬਾਦਲ ਨੇ ‘ਕੱਢਿਆ ਤੋੜ’
ਸਭ ਤੋਂ ਪਹਿਲਾਂ 31 ਮਈ ਨੂੰ ਤਲਵੰਡੀ ਸਾਬੋ ਨਿਵਾਸੀ ਮਨਪ੍ਰੀਤ ਮੰਨਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਫਿਰੋਜ਼ਪੁਰ ਜੇਲ 'ਚ ਬੰਦ ਸੀ। ਉਸ ’ਤੇ ਗੈਂਗਸਟਰ ਮਨਪ੍ਰੀਤ ਭਾਊ ਲਈ ਕੋਰੋਲਾ ਕਾਰ ਮੁਹੱਈਆ ਕਰਵਾਉਣ ਦਾ ਦੋਸ਼ ਸੀ, ਜਿਸ ਨੇ ਗੱਡੀ ਸ਼ਾਰਪ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਨੂੰ ਮੁਹੱਈਆ ਕਰਵਾਈ ਸੀ। ਸਾਰਜ ਸੰਧੂ ਨੂੰ ਵੀ 31 ਮਈ ਨੂੰ ਬਠਿੰਡਾ ਜੇਲ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮੰਨੂ ਅਤੇ ਸਾਰਜ ਫਿਰੋਜ਼ਪੁਰ ਜੇਲ੍ਹ ਵਿਚ ਉਸ ਨੂੰ ਮਿਲ਼ੇ ਸਨ, ਉਸ ਤੋਂ ਬਾਅਦ ਸਾਰਜ ਨੂੰ ਬਠਿੰਡਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ, ਜਿੱਥੇ ਉਹ ਕਥਿਤ ਤੌਰ 'ਤੇ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿਚ ਆਇਆ। ਉਸ ਦਾ ਵੀ ਸ਼ੂਟਰਾਂ ਲਈ ਗੱਡੀ ਮੁਹੱਈਆ ਕਰਵਾਉਣ ਵਿਚ ਅਹਿਮ ਰੋਲ ਸੀ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਦੀ ਅਦਾਲਤ ’ਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ, ਜਾਣੋ ਕੀ ਹੈ ਪੂਰਾ ਮਾਮਲਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।