ਕਾਂਗਰਸ ਪਾਰਟੀ ਨੂੰ ਵੱਡਾ ਝਟਕਾ, ‘ਆਪ’ ’ਚ ਸ਼ਾਮਲ ਹੋਏ 3 ਸੀਨੀਅਰ ਆਗੂ
Wednesday, Jan 06, 2021 - 01:37 PM (IST)
ਜਲੰਧਰ (ਜ. ਬ.)— ਸੱਤਾਧਾਰੀ ਕਾਂਗਰਸ ਪਾਰਟੀ ਨੂੰ ਜਲੰਧਰ ’ਚ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਕਾਂਗਰਸ ਦੇ 3 ਸੀਨੀਅਰ ਆਗੂਆਂ ਨੇ ਪਾਰਟੀ ਨੂੰ ਅਲਵਿਦਾ ਕਹਿੰਦੇ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਆਗੂ ਵਿਰੋਧੀ ਧਿਰ ਹਰਪਾਲ ਸਿੰਘ ਚੀਮਾ ਦੀ ਅਗਵਾਈ ’ਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਨੀਰਜ ਮਿੱਤਲ, ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਕਾਰ ਸਿੰਘ ਚੱਠਾ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਹੇਮੰਤ ਸੱਭਰਵਾਲ ਬੀਤੇ ਦਿਨ ਕਾਂਗਰਸ ਨੂੰ ਅਲਵਿਦਾ ਕਹਿੰਦੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ।
ਜਰਨੈਲ ਸਿੰਘ ਅਤੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਦੇ ਪਰਿਵਾਰ ’ਚ ਆਏ ਨਵੇਂ ਮੈਂਬਰਾਂ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਪਾਰਟੀ ’ਚ ਸ਼ਾਮਲ ਹੋ ਰਹੇ ਹਨ। ‘ਆਪ’ ’ਚ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਜਾਵੇਗੀ, ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਨਿਭਾਉਣਗੇ।
ਇਹ ਵੀ ਪੜ੍ਹੋ: ਲੋਹੀਆਂ ਖ਼ਾਸ ’ਚ ਵੱਡੀ ਵਾਰਦਾਤ, ਲੁਟੇਰਿਆਂ ਵੱਲੋਂ ਗੂੰਗੀ ਮਾਂ ਸਣੇ ਅਪੰਗ ਪੁੱਤ ਦਾ ਬੇਰਰਿਮੀ ਨਾਲ ਕਤਲ
ਅਕਾਲੀ ਦਲ ਦੇ ਸੈਂਟਰਲ ਹਲਕੇ ਦੇ ਆਗੂ ਦੀ ਵੀ ਹੋਣੀ ਸੀ ਜੁਆਈਨਿੰਗ ਪਰ ਟਿਕਟ ਲੈਣ ਦੀ ਸ਼ਰਤ ’ਤੇ ਨਹੀਂ ਹੋਇਆ ਸ਼ਾਮਲ
ਆਮ ਆਦਮੀ ਪਾਰਟੀ ਦੇ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕਾਂਗਰਸ ਦੇ 3 ਆਗੂਆਂ ਦੇ ਨਾਲ ਹੀ ਜਲੰਧਰ ਸੈਂਟਰਲ ਹਲਕੇ ਦੇ ਇਕ ਅਕਾਲੀ ਆਗੂ ਦੀ ਵੀ ਜੁਆਈਨਿੰਗ ਪਾਰਟੀ ’ਚ ਹੋਣ ਜਾ ਰਹੀ ਸੀ ਪਰ ‘ਆਪ’ ਦੇ ਵੱਡੇ ਆਗੂਆਂ ਨਾਲ ਮੀਟਿੰਗ ਵਿਚ ਉਕਤ ਅਕਾਲੀ ਆਗੂ ਨੇ ਸ਼ਰਤ ਰੱਖੀ ਕਿ ਉਹ ਉਦੋਂ ਹੀ ‘ਆਪ’ ’ਚ ਸ਼ਾਮਲ ਹੋਵੇਗਾ, ਜਦੋਂ ਉਸ ਨੂੰ ਸੈਂਟਰਲ ਹਲਕੇ ਤੋਂ ਟਿਕਟ ਦੇਣ ਦਾ ਵਾਅਦਾ ਕੀਤਾ ਜਾਵੇ, ਜਿਸ ’ਤੇ ‘ਆਪ’ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਟਿਕਟ ਤਾਂ ਉਸੇ ਨੂੰ ਮਿਲੇਗੀ, ਜਿਹੜਾ ਕਾਬਿਲ ਹੋਵੇਗਾ। ਇਸ ਤੋਂ ਬਾਅਦ ਉਕਤ ਅਕਾਲੀ ਆਗੂ ਨੇ ਫਿਲਹਾਲ ਜੁਆਈਨਿੰਗ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ: ਪਿਓ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਹਵਸ ਮਿਟਾਉਣ ਲਈ ਧੀ ਨਾਲ ਕੀਤਾ ਜਬਰ-ਜ਼ਿਨਾਹ
ਵਰਣਨਯੋਗ ਹੈ ਕਿ ਅਕਾਲੀ ਦਲ ਦਾ ਉਕਤ ਆਗੂ ਸੈਂਟਰਲ ਹਲਕੇ ਤੋਂ ਅਕਾਲੀ ਦਲ ਵੱਲੋਂ ਟਿਕਟ ਦਾ ਦਾਅਵੇਦਾਰ ਹੈ। ਉਸ ਨੇ 2 ਵਾਰ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਪਰ ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੈਂਟਰਲ ਹਲਕੇ ਲਈ ਅਕਾਲੀ ਦਲ ਕੋਈ ਹਿੰਦੂ ਚਿਹਰਾ ਲੱਭ ਰਿਹਾ ਹੈ, ਜਿਸ ਤੋਂ ਬਾਅਦ ਹੀ ਨਾਰਾਜ਼ ਚੱਲ ਰਹੇ ਉਕਤ ਆਗੂ ਨੇ ਪਾਰਟੀ ਛੱਡਣ ਦਾ ਫੈਸਲਾ ਲਿਆ।
ਇਸ ਮੌਕੇ ਸੂਬਾਈ ਖਜ਼ਾਨਚੀ ਨੀਨਾ ਮਿੱਤਲ, ਹਰਮਿੰਦਰ ਬਖਸ਼ੀ ਜੁਆਇੰਟ ਸਕੱਤਰ ਪੰਜਾਬ, ਜਲੰਧਰ ਸ਼ਹਿਰੀ ਇੰਚਾਰਜ ਰਾਜਵਿੰਦਰ ਕੌਰ, ਜਲੰਧਰ ਦਿਹਾਤੀ ਇੰਚਾਰਜ ਪ੍ਰਿੰ. ਪ੍ਰੇਮ ਕੁਮਾਰ, ਸੀਨੀਅਰ ਆਗੂ ਰਮਨੀਕ ਸਿੰਘ ਰੰਧਾਵਾ, ਗੁਰਵਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਸੰਜੀਵ ਭਗਤ, ਪ੍ਰੋਗਰਾਮ ਇੰਚਾਰਜ ਪ੍ਰਦੀਪ ਦੁੱਗਲ, ਮੀਡੀਆ ਇੰਚਾਰਜ ਤਰਨਦੀਪ ਸੰਨੀ, ਡਾ. ਜਸਬੀਰ ਸਿੰਘ, ਹਰਚਰਨ ਿਸੰਘ ਸੰਧੂ, ਬਲਬੀਰ ਸਿੰਘ, ਰਮਨ ਕੁਮਾਰ, ਅੰਮ੍ਰਿਤਪਾਲ ਸਿੰਘ, ਜਸਕਰਨ ਸਿੰਘ, ਵਰੁਣ ਸੱਜਣ, ਸੁਖਜਿੰਦਰ ਸਿੰਘ ਸੰਧੂ, ਸੁਭਾਸ਼ ਸ਼ਰਮਾ, ਜਗਤਾਰ ਸਿੰਘ, ਰੋਸ਼ਨ ਲਾਲ, ਹਰਜਿੰਦਰ ਸਿੰਘ, ਸੰਤੋਖ ਸਿੰਘ, ਵਿੱਕੀ ਅਟਵਾਲ, ਹਰਮਿੰਦਰ ਜੋਸ਼ੀ, ਗੁਰਿੰਦਰ ਸਿੰਘ, ਜੀਤ ਰਾਮ, ਰਤਨ ਸਿੰਘ, ਤੇਜਿੰਦਰ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਪਿਆਰ ਦਾ ਖ਼ੌਫ਼ਨਾਕ ਅੰਤ: ਕੁੜੀ ਵੱਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਦੁਬਈ ਤੋਂ ਆਏ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਪ੍ਰੈੱਸ ਕਾਨਫਰੰਸ ’ਚ ‘ਆਪ’ ਦੀ ਜ਼ਿਲ੍ਹਾ ਇਕਾਈ ਦੇ ਸਾਬਕਾ ਸੀਨੀਅਰ ਆਗੂਆਂ ਦੇ ਸ਼ਾਮਲ ਨਾ ਹੋਣ ’ਤੇ ਉੱਠਿਆ ਸਵਾਲ
ਪ੍ਰੈੱਸ ਕਾਨਫਰੰਸ ਵਿਚ ਉਸ ਸਮੇਂ ‘ਆਪ’ ਦੀ ਸੂਬਾਈ ਇਕਾਈ ਪੱਤਰਕਾਰਾਂ ਦੇ ਸਵਾਲਾਂ ਵਿਚ ਘਿਰੀ ਨਜ਼ਰ ਆਈ, ਜਦੋਂ ਪੱਤਰਕਾਰਾਂ ਨੇ ਪਾਰਟੀ ਦੇ ਵੱਡੇ ਆਗੂਆਂ ਨੂੰ ਸਵਾਲ ਕੀਤਾ ਕਿ ਆਖਿਰ ਅਜਿਹਾ ਕੀ ਹੋ ਗਿਆ ਕਿ ਪਿਛਲੇ ਕਈ ਪ੍ਰੋਗਰਾਮਾਂ ’ਚ ਪਾਰਟੀ ਦੀ ਜ਼ਿਲਾ ਇਕਾਈ ਦੇ ਸਾਬਕਾ ਪ੍ਰਧਾਨ ਡਾ. ਸ਼ਿਵਦਿਆਲ ਮਾਲੀ ਅਤੇ ਸੀਨੀਅਰ ਆਗੂ ਡਾ. ਸੰਜੀਵ ਸ਼ਰਮਾ ਦਿਖਾਈ ਨਹੀਂ ਦੇ ਰਹੇ। ਪੱਤਰਕਾਰਾਂ ਨੇ ਕਿਹਾ ਕਿ ਪਹਿਲਾਂ ਵੀ ‘ਆਪ’ ਦੀਆਂ ਕੁਝ ਪ੍ਰੈੱਸ ਕਾਨਫਰੰਸਾਂ ਅਤੇ ਪ੍ਰੋਗਰਾਮਾਂ ’ਚੋਂ ਉਕਤ ਆਗੂ ਗਾਇਬ ਰਹੇ ਹਨ, ਜਦਕਿ ਇਕ ਸਮਾਂ ਸੀ ਜਦੋਂ ਮਾਲੀ ਅਤੇ ਡਾ. ਸ਼ਰਮਾ ਹੀ ਜ਼ਿਲ੍ਹਾ ਇਕਾਈ ਨੂੰ ਪੂਰੀ ਤਰ੍ਹਾਂ ਸੰਭਾਲ ਰਹੇ ਸਨ।
ਇਹ ਵੀ ਪੜ੍ਹੋ: ਕਾਂਸਟੇਬਲ ਬੀਬੀ ਨਾਲ ਛੇੜਛਾੜ ਕਰਕੇ ਭੱਜਿਆ ਨੌਜਵਾਨ, ਡੇਢ ਕਿਲੋਮੀਟਰ ਤੱਕ ਪਿੱਛਾ ਕਰ ਇੰਝ ਕੀਤਾ ਕਾਬੂ
ਇਸ ਸਵਾਲ ਦੇ ਜਵਾਬ ’ਚ ਜਰਨੈਲ ਸਿੰਘ ਨੇ ਕਿਹਾ ਕਿ ਪਾਰਟੀ ਇਕਮੁੱਠ ਹੈ ਅਤੇ ਪ੍ਰੈੱਸ ਕਾਨਫਰੰਸ ’ਚ ਜ਼ਿਆਦਾ ਭੀੜ ਨਾ ਹੋਵੇ, ਇਸ ਲਈ ਸਿਰਫ਼ ਮੌਜੂਦਾ ਇਕਾਈ ਦੇ ਮੈਂਬਰਾਂ ਨੂੰ ਹੀ ਬੁਲਾਇਆ ਗਿਆ ਹੈ ਪਰ ਦੂਜੇ ਪਾਸੇ ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ‘ਆਪ’ ਦੀ ਜ਼ਿਲਾ ਇਕਾਈ ਬੁਰੀ ਤਰ੍ਹਾਂ ਦੋਫਾੜ ਹੋ ਚੁੱਕੀ ਹੈ, ਜਿਸ ’ਚ ਇਕ ਪਾਸੇ ਮੌਜੂਦਾ ਇਕਾਈ ਦੀ ਪ੍ਰਧਾਨ ਰਾਜਵਿੰਦਰ ਕੌਰ ਸਮੇਤ ਉਨ੍ਹਾਂ ਦੀ ਮੌਜੂਦਾ ਲੀਡਰਸ਼ਿਪ ਹੈ ਅਤੇ ਦੂਜੇ ਪਾਸੇ ਸਾਬਕਾ ਇਕਾਈ ਦੇ ਪ੍ਰਧਾਨ ਸ਼ਿਵਦਿਆਲ ਮਾਲੀ, ਡਾ. ਸੰਜੀਵ ਸ਼ਰਮਾ ਸਮੇਤ ਉਨ੍ਹਾਂ ਦੇ ਸਮਰਥਕ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਵੱਲੋਂ ਜਲੰਧਰ ਸੈਂਟਰਲ ਹਲਕੇ ਤੋਂ ਚੋਣ ਲੜ ਚੁੱਕੇ ਡਾ. ਸੰਜੀਵ ਸ਼ਰਮਾ ਦੀ ਜਗ੍ਹਾ ਪਾਰਟੀ ਸੈਂਟਰਲ ਹਲਕੇ ਲਈ ਨਵੇਂ ਚਿਹਰੇ ਦੀ ਭਾਲ ਵਿਚ ਹੈ। ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਦੇ 3 ਜ਼ਿਲਾ ਪੱਧਰੀ ਸੀਨੀਅਰ ਆਗੂ ਅਕਾਲੀ ਦਲ ਦੇ ਸੰਪਰਕ ਵਿਚ ਵੀ ਹਨ।
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ