ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ : ਭਗਵੰਤ ਮਾਨ

Tuesday, Feb 28, 2023 - 11:17 AM (IST)

ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ : ਭਗਵੰਤ ਮਾਨ

ਜਲੰਧਰ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਦੇਸ਼ ਭਰ ’ਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਪ੍ਰੋਟੈਸਟ ਦਾ ਸਮਰਥਨ ਕਰਦੇ ਹੋਏ ਕਿਹਾ ਹੈ ਕਿ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਅਸਲ ’ਚ ਦਿੱਲੀ ਦੇ ਲੱਖਾਂ ਬੱਚਿਆਂ ਦੀ ਸਿੱਖਿਆ ਦਾ ਨਿਰਾਦਰ ਹੈ। ਭਗਵੰਤ ਮਾਨ ਨੇ ਕਿਹਾ ਕਿ ਸਕੂਲ ਬਣਾਉਣ ਵਾਲੇ ਨੂੰ ਜੇਲ ਭੇਜਣਾ ਭਾਜਪਾ ਦੇ ਏਜੰਡੇ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਨੀਸ਼ ਬੇਕਸੂਰ ਹਨ ਅਤੇ ਉਹ ਭਾਜਪਾ ਦੀ ਗੰਦੀ ਰਾਜਨੀਤੀ ਦਾ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ ’ਚ ਸਰਕਾਰੀ ਸਕੂਲਾਂ ਦੀ ਹਾਲਤ ਸੁਧਾਰ ਕੇ ਜੋ ਨਾਂ ਦੁਨੀਆ ਭਰ ’ਚ ਕਮਾਇਆ ਹੈ, ਉਹ ਭਾਜਪਾ ਨੂੰ ਹਜ਼ਮ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਕਿਸੇ ਵੀ ਸੂਬੇ ਦੇ ਸਿੱਖਿਆ ਮੰਤਰੀ ਨੂੰ ਅਜਿਹਾ ਮਾਨ-ਸਨਮਾਨ ਹਾਸਲ ਨਹੀਂ ਹੋਇਆ ਸੀ, ਇਸੇ ਲਈ ਉਨ੍ਹਾਂ ਨੇ ਮਨੀਸ਼ ਸਿਸੋਦੀਆ ਦੇ ਅਕਸ ਨੂੰ ਖਰਾਬ ਕਰਨ ਦੇ ਮਕਸਦ ਨਾਲ ਉਕਤ ਕਦਮ ਚੁੱਕਿਆ ਹੈ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਬੀੜ ਥਾਣੇ ਲਿਜਾਣ ’ਤੇ ਖੁਦ ਕਿਉਂ ਨਹੀਂ ਰਿਪੋਰਟ ਲਿਖਾਈ : ਬੀਰ ਦਵਿੰਦਰ

ਉਨ੍ਹਾਂ ਕਿਹਾ ਕਿ ਅਸਲ ’ਚ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ਦੀ ਸਫਲਤਾ ਤੋਂ ਭਾਜਪਾ ਬੌਖਲਾ ਚੁੱਕੀ ਹੈ ਅਤੇ ਉਹ ਆਪਣੀਆਂ ਏਜੰਸੀਆਂ ਦੀ ਮਾਰਫ਼ਤ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਨਿਸ਼ਾਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਦੇ ਏਜੰਡੇ ਨੂੰ ਜਨਤਾ ’ਚ ਬੇਨਕਾਬ ਕਰਨ ਲਈ ਆਮ ਆਦਮੀ ਪਾਰਟੀ ਕੋਈ ਵੀ ਕਸਰ ਬਾਕੀ ਨਹੀਂ ਛੱਡੇਗੀ। ਅਸੀਂ ਜਨਤਾ ਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਸਾਡੇ ਵਿਸ਼ਵ ਪੱਧਰੀ ਦਿੱਲੀ ਦੇ ਸਿੱਖਿਆ ਮੰਤਰੀ ਨੂੰ ਝੂਠੇ ਕੇਸ ’ਚ ਫਸਾਇਆ ਗਿਆ ਹੈ, ਤਾਂ ਕਿ ਉਨ੍ਹਾਂ ਦੇ ਅਕਸ ਨੂੰ ਖਰਾਬ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਨਤਾ ਸਭ ਜਾਣਦੀ ਹੈ ਅਤੇ ਉਚਿਤ ਸਮੇਂ ’ਤੇ ਜਵਾਬ ਦੇਵੇਗੀ।

ਇਹ ਵੀ ਪੜ੍ਹੋ : ਸਿਰਫ਼ ਅਰਵਿੰਦ ਕੇਜਰੀਵਾਲ ਹੀ ਪੀ. ਐੱਮ. ਮੋਦੀ ਨੂੰ ਚੋਣ ਜੰਗ ’ਚ ਹਰਾ ਸਕਦੇ ਹਨ : ਰਾਘਵ ਚੱਢਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Anuradha

Content Editor

Related News