ਗੁਰਦੀਪ ਦਾ ਸਾਮਾਨ ਦੇਖ ਕੇ, ਭੁੱਬਾਂ ਮਾਰ ਕੇ ਰੋ ਪਏ ਮਾਪੇ
Thursday, Apr 05, 2018 - 05:22 AM (IST)

ਮਾਹਿਲਪੁਰ/ਚੱਬੇਵਾਲ, (ਜ. ਬ., ਗੁਰਮੀਤ)- ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਰੋਜ਼ੀ-ਰੋਟੀ ਦੀ ਭਾਲ ਵਿਚ 4 ਸਾਲ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਲਈ ਸੁਨਹਿਰੇ ਭਵਿੱਖ ਦੀ ਆਸ ਲੈ ਕੇ ਇਰਾਕ ਗਿਆ ਸੀ। ਜੂਨ 2014 ਨੂੰ ਇਰਾਕ ਵਿਚ ਅੱਤਵਾਦੀਆਂ ਹੱਥੋਂ ਮਾਰੇ ਗਏ ਪਿੰਡ ਜੈਤਪੁਰ ਦੇ ਅੱਜ 3 ਵਜੇ ਮ੍ਰਿਤਕ ਗੁਰਦੀਪ ਸਿੰਘ ਦੇ ਤਾਬੂਤ ਦਾ ਢੱਕਣ ਚੁੱਕਦਿਆਂ ਸਾਰ ਹੀ ਉਸ ਦੇ ਅਵਿਸ਼ੇਸ਼ ਦੇਖ ਕੇ ਚੀਕ ਚਿਹਾੜਾ ਮਚ ਗਿਆ। ਮ੍ਰਿਤਕ ਗੁਰਦੀਪ ਸਿੰਘ ਦੀ ਮਾਂ ਸੁਰਿੰਦਰ ਕੌਰ, ਪਤਨੀ ਸੁਨੀਤਾ, ਪਿਤਾ ਮੁਖਤਿਆਰ ਸਿੰਘ, ਭਰਾ ਬਹਾਦਰ ਸਿੰਘ ਤੇ ਮਨਿੰਦਰ ਸਿੰਘ ਅਤੇ ਰਿਸ਼ਤੇਦਾਰਾਂ ਦਾ ਵਿਰਲਾਪ ਦੇਖ ਵੱਡੀ ਗਿਣਤੀ ਵਿਚ ਇਕੱਠੇ ਹੋਏ ਲੋਕ ਵੀ ਆਪਣੇ ਅਥਰੂ ਰੋਕ ਨਾ ਸਕੇ। ਗੁਰਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਸ ਦੇ ਸਾਢੇ 3 ਸਾਲ ਦੇ ਪੁੱਤਰ ਅਰਸ਼ਦੀਪ ਨੇ ਦਿਖਾਈ। ਗੁਰਦੀਪ ਸਿੰਘ ਦੇ ਤਾਬੂਤ 'ਚ ਬੰਦ ਅਵਿਸ਼ੇਸ਼ਾਂ ਦੇ ਨਾਲ 4 ਸਾਲ ਪਹਿਲਾਂ ਲੈ ਕੇ ਗਏ ਇਕ ਬੈਗ ਵਿਚ ਜੁੱਤੀ, ਕੱਪੜੇ ਤੇ ਜੁਰਾਬਾਂ ਦੇਖ ਕੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੀਆਂ ਭੁੱਬਾਂ ਨਿਕਲ ਗਈਆਂ।
ਇਸ ਮੌਕੇ ਵਿਧਾਇਕ ਰਾਜ ਕੁਮਾਰ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਤੇ ਐੱਸ. ਡੀ. ਐੱਮ. ਹਰਦੀਪ ਸਿੰਘ ਧਾਲੀਵਾਲ ਨੇ ਦੋਸ਼ਾਲੇ ਤੇ ਫੁੱਲਮਾਲਾਵਾਂ ਭੇਟ ਕੀਤੀਆਂ।
ਗੁਰਦੀਪ ਸਿੰਘ ਨੂੰ ਅੰਤਿਮ ਵਿਦਾਇਗੀ ਦੇਣ ਲਈ ਸੀ. ਪੀ. ਐੱਮ. ਆਗੂ ਦਰਸ਼ਨ ਸਿੰਘ ਮੱਟੂ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਜੌੜ, ਹਰਦੀਪ ਸਿੰਘ ਤਹਿਸੀਲਦਾਰ ਗੜ੍ਹਸ਼ੰਕਰ, ਪਵਨ ਕੁਮਾਰ ਨਾਇਬ ਤਹਿਸੀਲਦਾਰ ਮਾਹਿਲਪੁਰ, ਜਸਵੀਰ ਕੁਮਾਰ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ, ਪਰਮਜੀਤ ਸਿੰਘ ਪੰਜੌੜ, ਹਰਬਿਲਾਸ ਬੀ. ਡੀ. ਪੀ. ਓ., ਗੁਰਜੀਤਪਾਲ ਸਿੰਘ ਡੀ. ਐੱਸ. ਪੀ. ਚੱਬੇਵਾਲ, ਦਲਵੀਰ ਸਿੰਘ ਸਰਪੰਚ, ਨੰਬਰਦਾਰ ਸੁਖਦੇਵ ਸਿੰਘ, ਬਲਵਿੰਦਰ ਪਾਲ ਥਾਣਾ ਮੁਖੀ ਚੱਬੇਵਾਲ ਆਦਿ ਸਮੇਤ ਰਾਜਨੀਤਕ, ਸਮਾਜਿਕ ਆਗੂ ਤੇ ਇਲਾਕ ਦੇ ਲੋਕ ਵੱਡੀ ਗਿਣਤੀ 'ਚ ਪਹੁੰਚੇ।