ਸੁਰੱਖਿਆ ਏਜੰਸੀਆਂ ਦੀ ਸਖ਼ਤੀ ਦੇ ਬਾਵਜੂਦ ਸਰਹੱਦੀ ਇਲਾਕਿਆਂ ’ਚ ਧੱੜਲੇ ਨਾਲ ਹੋ ਰਹੀ ਹੈਰੋਇਨ ਦੀ ਸਮੱਗਲਿੰਗ

07/14/2022 1:29:20 PM

ਅੰਮ੍ਰਿਤਸਰ (ਨੀਰਜ) - ਪੁਲਸ ਅਤੇ ਹੋਰ ਸੁਰੱਖਿਆ ਏਜੰਸੀਆਂ ਦੀ ਸਖ਼ਤੀ ਦੇ ਬਾਵਜੂਦ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਵਿਚ ਹੈਰੋਇਨ ਦੀ ਸਮੱਗਲਿੰਗ ਜਾਰੀ ਹੈ। ਪਿੰਡ ਭਿੰਡੀਸੈਦਾਂ ਦੇ ਇਲਾਕੇ ਵਿਚ ਇਕ ਟਰੈਕਟਰ ਦੇ ਲੋਹੇ ਦੀ ਫੱਟੀ ਵਿਚੋਂ 12 ਕਰੋੜ ਰੁਪਏ ਦੀ ਹੈਰੋਇਨ ਮਿਲਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਕੁਝ ਕਿਸਾਨ ਦੇ ਰੂਪ ਵਿਚ ਸਮੱਗਲਰ ਕੰਡਿਆਲੀ ਤਾਰ ਤੋਂ ਪਾਰ ਖੇਤੀਬਾੜੀ ਕਰਨ ਦੇ ਆੜ ਵਿਚ ਹੈਰੋਇਨ ਸਮੱਗਲਿੰਗ ਦਾ ਕਾਲਾ ਧੰਦਾ ਚਲਾ ਰਹੇ ਹਨ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਤੋਂ ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਦੇ ਰਾਡਾਰ ’ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀਬਾੜੀ ਕਰਨ ਵਾਲੇ ਕਿਸਾਨ ਆ ਗਏ ਹਨ ਅਤੇ ਬੀ. ਐੱਸ. ਐੱਫ. ਨੇ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਾਰਿਆਂ ਕਿਸਾਨਾਂ ’ਤੇ ਨਜ਼ਰ ਰੱਖੀ ਜਾ ਰਹੀ ਹੈ, ਜੋ ਕੰਡਿਆਲੀ ਤਾਰ ਨੂੰ ਪਾਰ ਕਰ ਕੇ ਖੇਤੀ ਕਰਨ ਦੇ ਲਈ ਜਾਂਦੇ ਹਨ।

ਪਹਿਲਾਂ ਹੀ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ ਕਿਸਾਨ ਸਮੱਗਲਰ
ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਬੀ. ਐੱਸ. ਐੱਫ. ਨੇ ਕਿਸੇ ਟਰੈਕਟਰ ਦੇ ਪਾਰਟ ਵਿਚੋਂ ਹੈਰੋਇਨ ਜ਼ਬਤ ਕੀਤੀ ਹੋਵੇ, ਸਗੋਂ ਦਰਜਨਾਂ ਵਾਰ ਕਿਸਾਨਾਂ ਦੇ ਰੂਪ ਵਿਚ ਸਮੱਗਲਰਾਂ ਨੂੰ ਹੈਰੋਇਨ ਦੀਆਂ ਖੇਪਾਂ ਨਾਲ ਫੜਿਆ ਜਾ ਚੁੱਕਿਆ ਹੈ। ਕਦੇ ਕਿਸਾਨ ਰੂਪੀ ਸਮੱਗਲਰ ਸੋਨੂੰ ਅਤੇ ਉਸ ਦਾ ਪ੍ਰਵਾਸੀ ਨੌਕਰ ਰਾਂਝਾ ਤਾਂ ਕਦੇ ਦਿਲਬਾਗ ਅਜਿਹੇ ਸਮੱਗਲਰ ਹਨ, ਜੋ ਈਮਾਨਦਾਰੀ ਦੇ ਨਾਲ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ। ਅਜਿਹੇ ਕਿਸਾਨ ਸਮੱਗਲਰਾਂ ਦੀਆਂ ਦੇਸ਼ ਵਿਰੋਧੀ ਕਾਰਵਾਈਆਂ ਕਾਰਨ ਦੂਜੇ ਕਿਸਾਨਾਂ ਨੂੰ ਵੀ ਬੀ. ਐੱਸ. ਐੱਫ. ਦੀ ਸਖ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਮੱਗਲਿੰਗ ਲਈ ਬਦਲ ਰਹੇ ਹਨ ਵੱਖ-ਵੱਖ ਤਰੀਕੇ
ਪਾਕਿਸਤਾਨ ਅਤੇ ਭਾਰਤ ਵਿਚ ਸਰਗਰਮ ਸਮੱਗਲਰ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਹੈਰੋਇਨ ਸਮੱਗਲਿੰਗ ਲਈ ਵੱਖ-ਵੱਖ ਤਰੀਕੇ ਬਦਲ ਰਹੇ ਹਨ। ਕਦੇ ਆਈ. ਸੀ. ਪੀ. ਅਟਾਰੀ ਬਾਰਡਰ ਤੇ ਪਾਕਿਸਤਾਨ ਤੋਂ ਆਯਾਤਿਤ ਨਮਕ ਵਿਚ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਮੰਗਵਾਇਆ ਜਾਦਾ ਹੈ ਤਾਂ ਕਦੇ ਅਫਗਾਨਿਸਤਾਨ ਤੋਂ ਆਉਣ ਵਾਲੀ ਮਲੱਠੀ ਤੋਂ 102 ਕਿਲੋ ਹੈਰੋਇਨ ਮੰਗਵਾਈ ਜਾਂਦੀ ਹੈ। ਇਨ੍ਹਾਂ ਸਾਰੇ ਮਾਮਲਿਆਂ ਵਿਚ ਅੱਜ ਤੱਕ ਸੁਰੱਖਿਆ ਏਜੰਸੀਆਂ ਨੂੰ ਸਰਗਨੇ ਸਮੱਗਲਰਾਂ ਦੇ ਕਰਿੰਦੇ ਹੱਥ ਲੱਗੇ ਹਨ, ਜਿਸ ਦੇ ਚੱਲਦਿਆਂ ਸਮੱਗਲਿੰਗ ਦਾ ਸਿਲਸਿਲਾ ਚੱਲਦਾ ਰਹਿੰਦਾ ਹੈ।

ਪੁਲਸ ਦੀ ਚੈਕਿੰਗ ਵਿਚ ਵੀ ਫੜੀ ਜਾ ਰਹੀ ਹੈ 10 ਗ੍ਰਾਮ ਹੈਰੋਇਨ
ਸ਼ਹਿਰੀ ਅਤੇ ਦਿਹਾਤੀ ਪੁਲਸ ਵਲੋਂ ਵੀ ਹਰ ਰੋਜ਼ ਉਨ੍ਹਾਂ ਇਲਾਕਿਆਂ ਵਿਚ ਚੈਕਿੰਗ ਕੀਤੀ ਜਾ ਰਹੀ ਹੈ, ਜਿੱਥੇ ਹੈਰੋਇਨ ਦੀ ਵਿਕਰੀ ਹੁੰਦੀ ਹੈ ਜਾਂ ਫਿਰ ਇਸ ਦਾ ਸੇਵਨ ਹੁੰਦਾ ਹੈ। ਪੁਲਸ ਦੀਆਂ ਰਿਪੋਰਟਾਂ ਵਿਚ ਹਰ ਰੋਜ਼ 10 ਗ੍ਰਾਮ ਹੈਰੋਇਨ ਫੜੀ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਸਾਬਤ ਕਰਦਾ ਹੈ ਕਿ ਸਰਹੱਦ ਪਾਰੋਂ ਆਉਣ ਵਾਲੀ ਹੈਰੋਇਨ ਕਿਸੇ ਹੋਰ ਸੂਬੇ ਵਿਚ ਸਪਲਾਈ ਦੇ ਲਈ ਨਹੀਂ ਆ ਰਹੀ, ਬਲਕਿ ਇਸ ਦੀ ਖਪਤ ਪੰਜਾਬ ਵਿਚ ਹੀ ਕੀਤੀ ਜਾਣੀ ਹੈ।

75 ਕਿਲੋ ਹੈਰੋਇਨ ਦੇ ਲਿੰਕ ਵੀ ਪੰਜਾਬ ਤੋਂ
ਗੁਜਰਾਤ ਏ. ਟੀ. ਸੀ. ਵਲੋਂ ਮੁੰਦਰਾ ਪੋਰਟ ਤੋਂ ਫੜੀ ਗਈ 75 ਕਿਲੋ ਹੈਰੋਇਨ ਦੇ ਲਿੰਕ ਵੀ ਪੰਜਾਬ ਨਾਲ ਜੁੜੇ ਹੋਏ ਹਨ, ਜਿਸ ਸਬੰਧੀ ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੀ ਪੁਲਸ ਵਲੋਂ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ ਵੀ ਗੁਜਰਾਤ ਏ. ਟੀ. ਸੀ. ਨੇ 112 ਕਿਲੋ ਹੈਰੋਇਨ ਦੇ ਮਾਮਲੇ ਵਿਚ ਅੰਮ੍ਰਿਤਸਰ ਦੇ ਰਹਿਣ ਵਾਲੇ ਸਿਮਰਨਜੀਤ ਸਿੰਘ ਸੰਧੂ ਨੂੰ ਲੋੜੀਂਦਾ ਕੀਤਾ ਸੀ। ਗੁਜਰਾਤ ਦੀ ਬੰਦਰਗਾਹਾਂ ਵਿਚ ਹੀ ਹੁਣ ਤੱਕ ਦੀ ਸਭ ਤੋਂ ਵੱਡੀ ਪੇਖ ਤਿੰਨ ਹਜ਼ਾਰ ਕਿਲੋ ਹੈਰੋਇਨ ਫੜੀ ਜਾ ਚੁੱਕੀ ਹੈ, ਜਿਸ ਦੇ ਸਰਗਣੇ ਦਾ ਅਜੇ ਤੱਕ ਪਤਾ ਨਹੀਂ ਲੱਗਾ ਹੈ।

ਮੰਗ ਖ਼ਤਮ ਹੋਵੇਗੀ ਤਾਂ ਸਪਲਾਈ ਆਪਣੇ-ਆਪ ਖ਼ਤਮ ਹੋਵੇਗੀ
ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਸ ਵਲੋਂ ਸਰਹੱਦੀ ਖੇਤਰਾਂ ਵਿਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅਤੇ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਹੈਰੋਇਨ ਦੀ ਮੰਗ ਖਤਮ ਕਰ ਦਿੱਤੀ ਜਾਵੇ, ਜਿਸ ਨਾਲ ਇਸ ਦੀ ਸਪਲਾਈ ਆਪਣੇ-ਆਪ ਹੀ ਬੰਦ ਹੋ ਜਾਵੇਗੀ ਪਰ ਅਜਿਹਾ ਕਰਨਾ ਆਸਾਨ ਨਹੀਂ ਹੈ।


rajwinder kaur

Content Editor

Related News