ਚੰਡੀਗੜ੍ਹ : ਅੱਜ ਤੋਂ ਸੈਕਟਰ-17 ''ਚ ਵਿਕਣਗੇ ਫਲ-ਸਬਜ਼ੀਆਂ, ਮੰਡੀ ਕੀਤੀ ਸ਼ਿਫਟ
Tuesday, May 12, 2020 - 12:16 PM (IST)
ਚੰਡੀਗੜ੍ਹ, (ਰਾਜਿੰਦਰ/ਰਾਏ) : ਸੋਮਵਾਰ ਨੂੰ ਸੈਕਟਰ-26 ਤੋਂ ਸੈਕਟਰ-17 ਆਈ. ਐੱਸ. ਬੀ. ਟੀ. 'ਚ ਅਸਥਾਈ ਰੂਪ ਤੋਂ ਸਬਜ਼ੀ ਮੰਡੀ ਸ਼ਿਫਟ ਕਰ ਦਿੱਤੀ ਗਈ। ਆੜ੍ਹਤੀਆਂ ਨੇ ਆਪਣਾ ਸਾਮਾਨ ਦੇਰ ਸ਼ਾਮ ਤੱਕ ਸ਼ਿਫਟ ਕਰ ਲਿਆ। ਮੰਗਲਵਾਰ ਤੜਕੇ ਤੋਂ ਫਲ, ਸਬਜ਼ੀ ਅਤੇ ਆਲੂ-ਪਿਆਜ਼ ਦੀ ਆਈ. ਐੱਸ. ਬੀ. ਟੀ. ਤੋਂ ਵਿਕਰੀ ਸ਼ੁਰੂ ਹੋ ਜਾਵੇਗੀ। ਕੋਰੋਨਾ ਇੰਫੈਕਸ਼ਨ ਕਾਰਣ ਬਾਪੂਧਾਮ ਦੇ ਸੀਲ ਹੋਣ ਤੋਂ ਬਾਅਦ ਪ੍ਰਸ਼ਾਸਨ 10 ਦਿਨ ਤੋਂ ਸੈਕਟਰ-26 ਸਥਿਤ ਸਬਜ਼ੀ ਮੰਡੀ ਨੂੰ ਸ਼ਿਫਟ ਕਰਨ ਦੀ ਕਵਾਇਦ 'ਚ ਜੁਟਿਆ ਹੋਇਆ ਸੀ। ਸਾਮਾਨ ਸ਼ਿਫਟ ਕਰਨ ਦੌਰਾਨ ਮਾਰਕੀਟ ਕਮੇਟੀ, ਚੰਡੀਗੜ੍ਹ ਪੁਲਸ ਦੇ ਨਾਲ ਆੜ੍ਹਤੀਆਂ ਦੇ ਕੁੱਝ ਮਸਲੇ ਨੂੰ ਲੈ ਕੇ ਥੋੜ੍ਹੀ ਬਹੁਤ ਬਹਿਸ ਵੀ ਹੁੰਦੀ ਰਹੀ ਪਰ ਉਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ।
ਲੇਬਰ ਛੱਡ ਕੇ ਜਾ ਚੁੱਕੀ ਹੈ
ਸਬਜ਼ੀ ਮੰਡੀ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਦਿਗਵਿਜੇ ਕਪੂਰ ਨੇ ਦੱਸਿਆ ਕਿ ਉਹ ਸ਼ਿਫਟ ਤਾਂ ਹੋ ਗਏ ਹਨ ਅਤੇ ਪ੍ਰਸ਼ਾਸਨ ਦਾ ਸਹਿਯੋਗ ਵੀ ਅਜੇ ਤੱਕ ਉਨ੍ਹਾਂ ਨੂੰ ਮਿਲ ਰਿਹਾ ਹੈ ਪਰ ਇਥੇ ਉਨ੍ਹਾਂ ਦਾ ਕੰਮ ਫਿਲਹਾਲ ਚੱਲ ਪਾਵੇਗਾ ਜਾਂ ਨਹੀਂ, ਇਹ ਤਾਂ ਮੰਗਲਵਾਰ ਨੂੰ ਮੰਡੀ ਸ਼ੁਰੂ ਹੋਣ ਤੋਂ ਬਾਅਦ ਹੀ ਲੱਗੇਗਾ। ਇਕ ਆੜ੍ਹਤੀ ਨੇ ਕਿਹਾ ਕਿ ਉਨ੍ਹਾਂ ਦਾ ਕਾਫ਼ੀ ਜ਼ਿਆਦਾ ਪੈਸਾ ਪਹਿਲਾਂ ਹੀ ਫਸਿਆ ਹੋਇਆ ਹੈ, ਕਿਉਂਕਿ ਕਾਫ਼ੀ ਜ਼ਿਆਦਾ ਲੇਬਰ ਕੰਮ ਛੱਡ ਚੁੱਕੀ ਹੈ।
ਡਿਊਟੀ 'ਚ ਲਾਪ੍ਰਵਾਹੀ ਕੀਤੀ ਤਾਂ ਹੋਵੇਗੀ ਕਾਰਵਾਈ
ਕਮੇਟੀ ਦੇ ਸਕੱਤਰ ਨੇ ਦਿੱਤੇ ਗਏ ਸਾਰੇ ਹੁਕਮਾਂ ਦੀ ਇਕ ਕਾਪੀ ਡਿਊਟੀ ਕਰ ਰਹੇ ਕਰਮਚਾਰੀਆਂ ਨੂੰ ਵੀ ਭੇਜੀ ਹੈ, ਜਿਸ 'ਚ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਿਸ ਕਰਮਚਾਰੀ ਨੂੰ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ ਜੇਕਰ ਉਸ ਦੇ ਪਾਲਨ 'ਚ ਕੋਈ ਲਾਪਰਵਾਹੀ ਕੀਤੀ ਗਈ ਤਾਂ ਉਸ ਖਿਲਾਫ਼ ਕਮੇਟੀ ਸਖ਼ਤ ਕਦਮ ਉਠਾਏਗੀ ।