... ਤੇ ਹੁਣ ਚੰਡੀਗੜ੍ਹ ਦਾ ਦਿਲ ਕਹੇ ਜਾਂਦੇ 'ਸੈਕਟਰ-17' ਚ ਕਾਰੋਬਾਰੀ ਵੀ ਲਾਉਣਗੇ ਫੜ੍ਹੀਆਂ

Thursday, Oct 26, 2017 - 10:28 AM (IST)

... ਤੇ ਹੁਣ ਚੰਡੀਗੜ੍ਹ ਦਾ ਦਿਲ ਕਹੇ ਜਾਂਦੇ 'ਸੈਕਟਰ-17' ਚ ਕਾਰੋਬਾਰੀ ਵੀ ਲਾਉਣਗੇ ਫੜ੍ਹੀਆਂ

ਚੰਡੀਗੜ੍ਹ (ਰਾਏ) : ਸ਼ਹਿਰ 'ਚ ਲੱਗਣ ਵਾਲੀਆਂ ਫੜ੍ਹੀਆਂ ਤੋਂ ਪਰੇਸ਼ਾਨ ਹੋ ਕੇ ਹੁਣ ਕਾਰੋਬਾਰੀ ਵਰਗ ਨੇ ਵੀ ਇਹ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਫੜ੍ਹੀ ਵਾਲਿਆਂ ਨੂੰ ਸੈਕਟਰ-17 'ਚੋਂ ਹਟਾਇਆ ਨਹੀਂ ਜਾਵੇਗਾ, ਉਹ ਵੀ ਆਪਣੀਆਂ ਦੁਕਾਨਾਂ ਅੱਗੇ ਫੜ੍ਹੀਆਂ ਲਾਉਣਗੇ। ਇਸ ਸਬੰਧੀ ਸ਼ਹਿਰ ਦੇ ਕਾਰੋਬਾਰੀ ਨੇਤਾ ਅਤੇ ਚੰਡੀਗੜ੍ਹ ਵਪਾਰ ਮੰਡਲ ਦੇ ਪ੍ਰਧਾਨ ਕੈਲਾਸ਼ ਚੰਦ ਜੈਨ ਨੇ ਵੀ ਵੈਂਡਰ ਐਕਟ ਮਾਮਲੇ 'ਚ ਸੈਕਟਰ-17 ਦੇ ਕਾਰੋਬਾਰੀਆਂ ਦੇ ਹੱਕ 'ਚ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੀਆਂ ਸਾਰੇ ਬਾਜ਼ਾਰਾਂ 'ਚ ਫੜ੍ਹੀਆਂ ਲੱਗੀਆਂ ਹੋਈਆਂ ਹਨ, ਜਿਨ੍ਹਾਂ ਦਾ ਖਾਮਿਆਜ਼ਾ ਦੁਕਾਨਦਾਰਾਂ ਨੂੰ ਭੁਗਤਣਾ ਪੈਂਦਾ ਹੈ। ਇਹ ਮਾਮਲਾ ਸਿਰਫ ਸੈਕਟਰ-17 ਮਾਰਕਿਟ ਦਾ ਨਹੀਂ, ਸਗੋਂ ਪੂਰੇ ਸ਼ਹਿਰ ਦਾ ਹੈ, ਇਸ ਲਈ ਸਾਰੇ ਦੁਕਾਨਦਾਰਾਂ ਨੂੰ ਇਸ ਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ। ਕੈਲਾਸ਼ ਜੈਨ ਨੇ ਕਿਹਾ ਕਿ ਪੂਰੇ ਸ਼ਹਿਰ 'ਚ ਫੜ੍ਹੀਆਂ ਲੱਗ ਰਹੀਆਂ ਹਨ ਅਤੇ ਵੈਂਡਰ ਐਕਟ ਦੀ ਆੜ 'ਚ ਉਨ੍ਹਾਂ ਨੂੰ ਕੋਈ ਕੁਝ ਨਹੀਂ ਕਹਿੰਦਾ ਪਰ ਉਸੇ ਜਗ੍ਹਾ ਜੇਕਰ ਕੋਈ ਦੁਕਾਨਦਾਰ ਭਾਈ ਆਪਣੀ ਦੁਕਾਨ ਦੇ ਬਾਹਰ ਸਮਾਨ ਵੇਚਣ ਲਈ ਲਾਉਂਦਾ ਹੈ ਤਾਂ ਨਿਗਮ ਦੇ ਇੰਸਪੈਕਟਰ ਉਸ ਦਾ ਸਮਾਨ ਚੁੱਕਣ ਲਈ ਆ ਜਾਂਦੇ ਹਨ। ਜਦੋਂ ਬਾਹਰ ਸਮਾਨ ਵੇਚਣ ਲਈ ਲਾ ਦਿੱਤਾ ਗਿਆ ਤਾਂ ਉਹ ਵੀ ਵੈਂਡਰ ਹੀ ਹੋ ਗਿਆ, ਫਿਰ ਇਹ ਭੇਦਭਾਵ ਕਿਉਂ। ਸ਼ਾਇਦ ਇਸ ਲਈ ਕਿ ਫੜ੍ਹੀ ਵਾਲਿਆਂ ਦੀ ਸੈਟਿੰਗ ਹੈ ਨਿਗਮ ਕਰਮਚਾਰੀਆਂ ਨਾਲ। ਨਿਗਮ ਦਾ ਇਨਫੋਰਸਮੈਂਟ ਦਸਤਾ ਭ੍ਰਿਸ਼ਟਾਚਾਰ ਦਾ ਦਸਤਾ ਬਣ ਗਿਆ ਹੈ। ਇਕ ਤਾਂ ਕਾਰੋਬਾਰੀ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਹਨ ਅਤੇ ਜੇਕਰ ਉਹ ਮਿਹਨਤ-ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਸਰਕਾਰੀ ਬਾਬੂ ਉਨ੍ਹਾਂ ਦੀ ਰੋਜ਼ੀ-ਰੋਟੀ ਖੋਹਣ ਆ ਜਾਂਦੇ ਹਨ। ਕੈਲਾਸ਼ ਜੈਨ ਨੇ ਮੰਗ ਕੀਤੀ ਹੈ ਕਿ ਜਦੋਂ ਤੱਕ ਪੂਰੇ ਸ਼ਹਿਰ 'ਚ ਇਨ੍ਹਾਂ ਫੜ੍ਹੀ ਵਾਲਿਆਂ ਲਈ ਵੱਖ-ਵੱਖ ਵੈਂਡਰ ਜੋਨਾਂ ਬਣਾ ਕੇ ਇਨ੍ਹਾਂ ਨੂੰ ਬਾਜ਼ਾਰਾਂ ਤੋਂ ਬਾਹਰ ਸੈਟਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਮਾਰਕਿਟਾਂ ਦੇ ਦੁਕਾਨਦਾਰਾਂ ਦਾ ਵੀ ਚਲਾਨ ਨਹੀਂ ਕੀਤਾ ਜਾਣਾ ਚਾਹੀਦਾ। ਇਸ ਮਾਮਲੇ ਨੂੰ ਲੈ ਕੇ ਸੈਕਟਰ-17 ਦੇ ਕਾਰੋਬਾਰੀਆਂ ਨੇ ਇਕ ਬੈਠਕ ਕੀਤੀ, ਜਿਸ 'ਚ ਸਾਰੇ ਕਾਰੋਬਾਰੀਆਂ ਨੇ ਫੈਸਲਾ ਕੀਤਾ ਹੈ ਕਿ ਜਦੋਂ ਤੱਕ ਫੜ੍ਹੀ ਵਾਲੇ ਸੈਕਟਰ-17 ਤੋਂ ਨਹੀਂ ਹਟਾਏ ਜਾਂਦੇ, ਉਸ ਸਮੇਂ ਤੱਕ ਸੰਘਰਸ਼ ਜਾਰੀ ਰਹੇਗਾ।


Related News