ਚੰਡੀਗੜ੍ਹ : ''ਪਰੌਂਠੇ'' ਵਾਲੇ ਆਲੂ ਪੈਰਾਂ ਨਾਲ ਮੈਸ਼ ਕਰਨ ਵਾਲਾ ਕਰਮਚਾਰੀ ਫਰਾਰ

01/24/2019 10:56:01 AM

ਚੰਡੀਗੜ੍ਹ : ਸੈਕਟਰ-16 ਦੇ ਸਰਕਾਰੀ ਹਸਪਤਾਲ ਦੀ ਕੰਟੀਨ 'ਚ ਇਕ ਕਰਮਚਾਰੀ ਵਲੋਂ ਪੈਰਾਂ ਨਾਲ ਆਲੂ ਮੈਸ਼ ਕਰਨ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਸਪਤਾਲ ਪ੍ਰਬੰਧਨ ਖੁਦ ਇਸ ਦੀ ਜਾਂਚ ਕਰਨ 'ਚ ਜੁੱਟ ਗਿਆ ਹੈ। ਕੰਟੀਨ ਦੇ ਕਾਂਟਰੈਕਟਰ ਅਸ਼ਵਨੀ ਸਿੰਗਲਾ ਨੇ ਦੱਸਿਆ ਕਿ ਵੀਡੀਓ 'ਚ ਜਿਹੜਾ ਕਰਮਚਾਰੀ ਦਿਖਾਈ ਦੇ ਰਿਹਾ ਹੈ, ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਗਾਇਬ ਹੋ ਗਿਆ ਹੈ ਅਤੇ ਜਿਸ ਨੇ ਵੀਡੀਓ ਬਣਾਈ ਹੈ, ਉਸ ਬਾਰੇ ਵੀ ਕੁਝ ਪਤਾ ਨਹੀਂ ਲੱਗ ਸਕਿਆ ਹੈ। ਅਸ਼ਵਨੀ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਕੰਟੀਨ ਕਾਫੀ ਸਾਲਾ ਤੋਂ ਚੱਲ ਰਹੀ ਹੈ ਅਤੇ ਅੱਜ ਤੱਕ ਅਜਿਹਾ ਮਾਮਲਾ ਕਦੇ ਸਾਹਮਣੇ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਜ਼ਰੂਰ ਕਿਸੇ ਦੀ ਸ਼ਰਾਰਤ ਹੈ। ਉਨ੍ਹਾਂ ਕਿਹਾ ਕਿ ਕੰਟੀਨ 'ਚ ਆਲੂ ਛਿੱਲਣ ਲਈ ਇਕ ਮਸ਼ੀਨ ਲਾਈ ਗਈ ਹੈ ਤਾਂ ਕੋਈ ਪੈਰਾਂ ਨਾਲ ਆਲੂਆਂ ਨੂੰ ਕਿਉਂਕਿ ਛਿੱਲੇਗਾ। 
ਦੱਸ ਦੇਈਏ ਕਿ ਇਸ ਕੰਟੀਨ 'ਚ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਖਾਣਾ ਖਾਂਦੇ ਹਨ। ਮੈਡੀਕਲ ਸੁਪਰੀਡੈਂਟ ਡਾ. ਬੀ. ਕੇ. ਨਾਗਪਾਲ ਨੇ ਕਿਹਾ ਕਿ ਉਹ ਖੁਦ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਮਾਮਲੇ 'ਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਸਖਤ ਕਾਰਵਾਈ ਹੋਵੇਗੀ। ਹਸਪਤਾਲ ਦੀ ਕੰਟੀਨ 'ਚ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਉਣਾ ਬੇਹੱਦ ਗੰਭੀਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਖੁਦ ਜਾ ਕੇ ਕੰਟੀਨ ਦਾ ਨਿਰੀਖਣ ਕੀਤਾ ਹੈ ਅਤੇ ਉੱਥੇ ਮਸ਼ੀਨ ਨੂੰ ਵੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਪੂਰੀ ਹੋਣ ਤੱਕ ਕੁਝ ਨਹੀਂ ਕਿਹਾ ਜਾ ਸਕਦਾ।


Babita

Content Editor

Related News