ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰਾਂ ਦੁਆਲੇ 'ਧਾਰਾ 144 ਲਾਗੂ'
Monday, Mar 02, 2020 - 07:29 PM (IST)
ਮੋਹਾਲੀ, (ਨਿਆਮੀਆਂ)— ਸਕੱਤਰ, ਪੰਜਾਬ ਸਰਕਾਰ, ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਵਲੋਂ ਪੰਜਵੀਂ, ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਜਮਾਤ ਸਬੰਧੀ ਪ੍ਰੀਖਿਆ 3 ਮਾਰਚ ਤੋਂ 13 ਅਪ੍ਰੈਲ 2020 ਤਕ ਕਰਵਾਉਣ ਬਾਰੇ ਲਿਖਿਆ ਹੈ। ਜ਼ਿਲਾ ਮੈਜਿਸਟਰੇਟ ਮੋਹਾਲੀ ਆਸ਼ਿਕਾ ਜੈਨ ਆਈ. ਏ. ਐੱਸ. ਨੇ ਪ੍ਰੀਖਿਆਵਾਂ ਦੇ ਸਮੇਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਜ਼ਰੂਰੀ ਸਮਝਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜ਼ਿਲੇ ਵਿਚ ਨਿਸ਼ਚਿਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਏਰੀਆ ਵਿਚ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮਨਾਹੀ ਦੇ ਹੁਕਮ ਲਾਗੂ ਕੀਤੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਣਾਏ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਦੇ 100 ਮੀਟਰ ਦੇ ਘੇਰੇ ਵਿਚ ਪ੍ਰੀਖਿਆਰਥੀਆਂ ਦੇ ਮਾਪੇ, ਰਿਸ਼ਤੇਦਾਰ ਅਤੇ ਆਮ ਜਨਤਾ ਇਕੱਤਰ ਨਹੀਂ ਹੋ ਸਕੇਗੀ। ਇਹ ਹੁਕਮ 3 ਮਾਰਚ ਤੋਂ 13 ਅਪ੍ਰੈਲ ਤਕ ਤੁਰੰਤ ਅਸਰ ਨਾਲ ਜ਼ਿਲੇ ਵਿਚ ਲਾਗੂ ਰਹਿਣਗੇ।
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭਲਕੇ ਤੋਂ ਆਰੰਭ ਹੋਣ ਵਾਲੀ 8ਵੀਂ ਅਤੇ 12ਵੀਂ ਜਮਾਤ ਦੀ ਪ੍ਰੀਖਿਆ ਲਈ ਕਮਰ ਕੱਸੇ ਕਰ ਲਏ ਹਨ। ਇਸ ਵਾਰ ਪ੍ਰੀਖਿਆਰਥੀਆਂ ਨੂੰ ਪੜ੍ਹਨ ਲਈ ਸਟੀਕ ਸਿਲੇਬਸ ਤੇ ਭੈਅ ਮੁਕਤ ਮਾਹੌਲ ਦੇ ਕੇ ਨਕਲ-ਰਹਿਤ ਪ੍ਰੀਖਿਆ ਕਰਵਾਉਣਾ ਅਤੇ ਵਧੀਆ ਨਤੀਜਿਆਂ ਤਕ ਪੁੱਜਣਾ ਪੰਜਾਬ ਦੇ ਸਕੂਲ ਸਿੱਖਿਆ ਪ੍ਰਬੰਧ ਦਾ ਉਚੇਚਾ ਮਨੋਰਥ ਰਿਹਾ ਹੈ, ਜਿਸ ਦੇ ਤਹਿਤ ਮੰਗ 'ਤੇ ਲੋੜ ਅਨੁਸਾਰ ਵਧੇਰੇ ਪ੍ਰੀਖਿਆ ਕੇਂਦਰਾਂ ਦੀ ਸਥਾਪਨਾ, ਡੇਟ-ਸ਼ੀਟ ਵਿਚ ਤਬਦੀਲੀਆਂ ਕਰਨ ਵਰਗੇ ਕਾਰਜਾਂ ਤੋਂ ਇਲਾਵਾ ਅੰਦਰੂਨੀ ਤੌਰ 'ਤੇ ਪ੍ਰੀਖਿਆਰਥੀਆਂ ਦੀ ਤਿਆਰੀ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਐੱਸ. ਸੀ. ਈ. ਆਰ. ਟੀ. ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਮਾਡਲ ਪੇਪਰ ਆਦਿ ਵੀ ਮੁਹੱਈਆ ਕਰਵਾਏ ਹਨ।
ਇਸ ਮਨੋਰਥ ਲਈ ਸਿੱਖਿਆ ਨੀਤੀ ਦੇ ਨਾਲ-ਨਾਲ ਪ੍ਰੀਖਿਆ ਨੀਤੀ ਵਿਚ ਵੀ ਕੁਝ ਤਬਦੀਲੀਆਂ ਕਰ ਕੇ ਵਿਦਿਆਰਥੀ ਦਾ ਸਰਵ ਪੱਖੀ ਪਹਿਲੂਆਂ ਤੋਂ ਮੁਲਾਂਕਣ ਕੀਤਾ ਜਾਣਾ ਹੈ।
ਸਵੇਰੇ ਅਤੇ ਸ਼ਾਮ ਦੇ ਸੈਸ਼ਨਾਂ ਵਿਚ ਨਾਲੋ-ਨਾਲ ਕਰਵਾਈ ਜਾਣ ਵਾਲੀ ਮਿਡਲ ਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੀ ਬੋਰਡ ਪ੍ਰੀਖਿਆ 'ਚ 6 ਲੱਖ 20 ਹਜ਼ਾਰ ਦੇ ਲਗਭਗ ਪ੍ਰੀਖਿਆਰਥੀ, 5 ਹਜ਼ਾਰ ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿਚ ਇਮਤਿਹਾਨ ਦੇਣਗੇ ਤੇ ਇਸ ਕਾਰਜ ਲਈ 23 ਹਜ਼ਾਰ 500 ਤੋਂ ਵੱਧ ਨਿਗਰਾਨ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 3200 ਸਟਾਫ਼ ਆਬਜ਼ਰਵਰ ਤੇ ਵਿਜੀਲੈਂਸ ਵਜੋਂ ਕਾਰਜ ਕਰੇਗਾ। ਫਲਾਇੰਗ ਸਕੁਐਡਾਂ ਦੀ ਡਿਊਟੀ ਵੱਖਰੀ ਲਾਈ ਜਾਵੇਗੀ। ਇਨ੍ਹਾਂ ਅੰਕੜਿਆਂ ਦੀ ਔਸਤ ਅਨੁਸਾਰ ਹਰ ਪ੍ਰੀਖਿਆ ਕੇਂਦਰ ਵਿਚ 125 ਪ੍ਰੀਖਿਆਰਥੀ ਬੈਠਣਗੇ ਅਤੇ ਹਰ ਕੇਂਦਰ ਲਈ ਔਸਤਨ 6 ਵਿਅਕਤੀਆਂ ਦਾ ਸਟਾਫ਼ ਨਿਗਰਾਨ ਵਜੋਂ ਕਾਰਜ ਕਰੇਗਾ।
ਸਿੱਖਿਆ ਬੋਰਡ ਵਲੋਂ ਪ੍ਰਸ਼ਨ ਪੱਤਰ ਪਹਿਲਾਂ ਹੀ ਬੈਂਕਾਂ ਦੇ ਲਾਕਰਾਂ ਵਿਚ ਸੁਰੱਖਿਅਤ ਰੱਖ ਦਿੱਤੇ ਗਏ ਹਨ ਅਤੇ ਸਬੰਧਤ ਅਮਲੇ ਲਈ ਪ੍ਰਸ਼ਨ ਪੱਤਰ, ਪੀਖਿਆ ਕੇਂਦਰਾਂ ਤਕ ਲਿਆਉਣ-ਲਿਜਾਣ ਲਈ ਸਖ਼ਤ ਪੁਲਸ ਪਹਿਰੇ ਹੇਠ ਕਾਰਜ ਕਰਨ ਦੇ ਪ੍ਰਬੰਧ ਤੇ ਨਿਸ਼ਚਿਤ ਸਮੇਂ ਸਬੰਧੀ ਮਸ਼ਕਾਂ ਵੀ ਕਰ ਕੇ ਵੇਖ ਲਈਆਂ ਗਈਆਂ ਹਨ। ਬੋਰਡ ਦਾ ਸਾਰਾ ਪਾਠਕ੍ਰਮ ਪਹਿਲਾਂ ਹੀ ਕੌਮੀ ਪਾਠਕ੍ਰਮ ਫ਼ਰੇਮਵਰਕ ਅਨੁਸਾਰ ਹੋਣ ਦੇ ਬਾਵਜੂਦ ਇਸ ਵਾਰ ਪ੍ਰੀਖਿਆ ਨੀਤੀ ਵਿਚ ਵੀ ਤਬਦੀਲੀ ਕਰਦਿਆਂ ਜ਼ਿਆਦਾਤਰ ਸਿੱਖਿਆ ਨੀਤੀ ਪ੍ਰਬੰਧ ਸੀ. ਬੀ. ਐੱਸ. ਈ. ਦੇ ਪ੍ਰਬੰਧ ਦੇ ਇਕਸੁਰ ਹੀ ਹੋ ਗਿਆ ਹੈ।
ਉੱਤਰ ਪੱਤਰੀਆਂ ਦੇ ਮੁਲਾਂਕਣ ਦੇ ਕਾਰਜਾਂ ਨੂੰ ਵੀ ਤਕਨੀਕੀ ਦਰੁਸਤਗੀ ਨਾਲ ਛੇਤੀ ਤੋਂ ਛੇਤੀ ਸਿਰੇ ਚਾੜ੍ਹ ਕੇ ਨਤੀਜੇ ਤਿਆਰ ਕਰਵਾਉਣਾ ਅਗਲੀ ਚਣੌਤੀ ਹੋਵੇਗੀ, ਜਿਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕੰਪਿਊਟਰ ਸੈੱਲ ਰਾਹੀਂ ਟੈਂਪਲੈਟਸ ਤਿਆਰ ਕੀਤੇ ਗਏ ਹਨ, ਜਿਨ੍ਹਾਂ ਅਨੁਸਾਰ ਮੁਲਾਂਕਣਕਰਤਾ ਅਧਿਆਪਕ ਉੱਤਰ ਪੱਤਰੀਆਂ ਦਾ ਮੁਲਾਂਕਣ ਕਰ ਕੇ ਆਨ-ਲਾਈਨ ਹੀ ਪ੍ਰੀਖਿਆਰਥੀਆਂ ਦੀ ਕਾਰਗੁਜ਼ਾਰੀ ਬੋਰਡ ਤਕ ਪੁੱਜਦਾ ਕਰਨਗੇ। ਇਹ ਸਾਰਾ ਕਾਰਜ ਬਾਰ ਕੋਡਿੰਗ ਤਹਿਤ ਹੋਣ ਕਾਰਨ ਇਸ ਦੇ ਲੀਕ ਹੋਣ ਜਾਂ ਕਿਸੇ ਪੱਖੋਂ ਤਬਦੀਲੀ ਕੀਤੇ ਜਾਣ ਦੀ ਕੋਈ ਸੰਭਾਵਨਾ ਵੀ ਨਹੀਂ ਛੱਡੀ ਜਾ ਰਹੀ।