ਦੂਜੀ ਪਤਨੀ ਦਾ ਬੱਚਾ ਹੋਣ ''ਤੇ ਪਹਿਲੀ ਪਹੁੰਚੀ ਹਸਪਤਾਲ

Friday, Feb 16, 2018 - 10:31 AM (IST)

ਅੰਮ੍ਰਿਤਸਰ (ਸੰਜੀਵ) - ਮੇਰੇ ਪਤੀ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਹੀ ਨਹੀਂ ਕਰਵਾਇਆ ਸਗੋਂ ਬੱਚਾ ਵੀ ਪੈਦਾ ਕਰ ਲਿਆ ਹੈ, ਜਦੋਂ ਕਿ ਉਨ੍ਹਾਂ ਦੇ ਤਲਾਕ ਦਾ ਮਾਮਲਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਿਚਾਰ-ਅਧੀਨ ਚੱਲ ਰਿਹਾ ਹੈ। ਇਹ ਕਹਿਣਾ ਹੈ ਬੰਗਾ ਦੀ ਰਹਿਣ ਵਾਲੀ ਬਲਵਿੰਦਰ ਕੌਰ ਦਾ, ਜੋ ਅੱਜ ਉਸ ਹਸਪਤਾਲ ਵਿਚ ਪਹੁੰਚ ਗਈ, ਜਿਥੇ ਉਸ ਦੇ ਪਤੀ ਦੀ ਦੂਜੀ ਪਤਨੀ ਨੇ ਬੱਚੇ ਨੂੰ ਜਨਮ ਦਿੱਤਾ। ਬਲਵਿੰਦਰ ਕੌਰ ਦੇ ਆਉਣ ਦੀ ਖਬਰ ਮਿਲਦੇ ਹੀ ਉਸ ਦਾ ਪਤੀ ਹਰਜਿੰਦਰ ਸਿੰਘ ਹਸਪਤਾਲ ਤੋਂ ਗਾਇਬ ਹੋ ਗਿਆ ਤੇ ਦੂਜੇ ਪਾਸੇ ਹਸਪਤਾਲ ਮੈਨੇਜਮੈਂਟ ਨੇ ਵੀ ਬਲਵਿੰਦਰ ਕੌਰ ਨੂੰ ਹਸਪਤਾਲ ਦਾਖਲ ਨਹੀਂ ਹੋਣ ਦਿੱਤਾ। ਬਲਵਿੰਦਰ ਕੌਰ ਦੇਰ ਸ਼ਾਮ ਤੱਕ ਹਸਪਤਾਲ 'ਚ ਬੈਠੀ ਆਪਣੇ ਪਤੀ ਦਾ ਇੰਤਜ਼ਾਰ ਕਰਦੀ ਰਹੀ ਪਰ ਕਿਸੇ ਦੇ ਵੀ ਸਾਹਮਣੇ ਨਾ ਆਉਣ 'ਤੇ ਸ਼ਾਮ ਨੂੰ ਉਹ ਉਥੋਂ ਚੱਲੀ ਗਈ। ਇਸ ਸਬੰਧੀ ਬਲਵਿੰਦਰ ਕੌਰ ਵੱਲੋਂ ਥਾਣਾ ਸਿਵਲ ਲਾਈਨ ਨੂੰ ਵੀ ਸੂਚਿਤ ਕੀਤਾ ਗਿਆ ਹੈ।
ਕੀ ਹੈ ਮਾਮਲਾ? 
ਬਲਵਿੰਦਰ ਕੌਰ ਨੇ ਹਸਪਤਾਲ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 2002 ਵਿਚ ਉਸ ਦਾ ਵਿਆਹ ਹਰਜਿੰਦਰ ਸਿੰਘ ਨਾਲ ਹੋਇਆ ਸੀ ਅਤੇ 2004 'ਚ ਉਸ ਦੇ ਘਰ ਇਕ ਬੇਟੇ ਨੇ ਜਨਮ ਲਿਆ। ਕੁਝ ਸਾਲਾਂ ਬਾਅਦ ਉਸ ਦੇ ਪਤੀ ਨੇ ਬੰਗਾ ਸ਼ਹਿਰ 'ਚ ਮੋਟਰਸਾਈਕਲਾਂ ਦੀ ਇਕ ਏਜੰਸੀ ਖੋਲ੍ਹੀ, ਜਿਥੇ ਸਟਾਫ ਵਿਚ ਕੰਮ ਕਰਨ ਵਾਲੀ ਇਕ ਕੁੜੀ ਨਾਲ ਉਸ ਦੇ ਪਤੀ ਦੇ ਸਬੰਧ ਸਥਾਪਤ ਹੋ ਗਏ, ਜਿਸ ਉਪਰੰਤ ਉਸ ਦਾ ਪਤੀ ਅਕਸਰ ਉਸ ਨੂੰ ਘਰੋਂ ਕੱਢਣ ਦੀਆਂ ਧਮਕੀਆਂ ਦੇਣ ਲੱਗਾ। ਦੋਵਾਂ ਵਿਚ 3 ਸਾਲ ਤੱਕ ਚੱਲੇ ਵਿਵਾਦ ਉਪਰੰਤ ਉਸ ਦੇ ਪਤੀ ਨੇ ਦਾਜ ਲਈ ਉਸ ਨੂੰ ਘਰੋਂ ਕੱਢ ਦਿੱਤਾ, ਜਿਸ ਸਬੰਧੀ ਪੁਲਸ ਨੇ ਮਾਮਲਾ ਵੀ ਦਰਜ ਕੀਤਾ ਸੀ।  ਬਲਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਦੋਵਾਂ ਵੱਲੋਂ ਤਲਾਕ ਦਾ ਮਾਮਲਾ ਅਦਾਲਤ ਵਿਚ ਫਾਈਲ ਹੋ ਗਿਆ, ਜਿਸ ਵਿਚ ਮਾਣਯੋਗ ਅਦਾਲਤ ਨੇ ਉਸ ਦੇ ਪਤੀ ਨੂੰ 50 ਲੱਖ ਰੁਪਏ ਦੀ ਰਾਸ਼ੀ ਉਸ ਨੂੰ ਦੇਣ ਲਈ ਕਿਹਾ ਤੇ ਇਹ ਰਾਸ਼ੀ 2 ਮਹੀਨਿਆਂ 'ਚ ਜਮ੍ਹਾ ਕਰਵਾਉਣ ਨੂੰ ਕਿਹਾ ਪਰ ਉਸ ਦੇ ਪਤੀ ਨੇ ਪੈਸੇ ਜਮ੍ਹਾ ਨਹੀਂ ਕਰਵਾਏ। ਹੁਣ ਦੋਵਾਂ ਵੱਲੋਂ ਮਾਮਲਾ ਹਾਈ ਕੋਰਟ ਵਿਚ ਵਿਚਾਰ-ਅਧੀਨ ਹੈ।
ਇਸ ਦੌਰਾਨ ਉਸ ਦੇ ਪਤੀ ਨੇ ਦੂਜਾ ਵਿਆਹ ਕਰ ਲਿਆ। ਕੁੜੀ ਦੇ ਗਰਭਵਤੀ ਹੋਣ 'ਤੇ ਉਸ ਦਾ ਪਤੀ ਉਸ ਨੂੰ ਬੰਗਾ ਤੋਂ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਲੈ ਕੇ ਆਇਆ। ਉਸ ਨੇ ਆਪਣੇ ਪਤੀ ਦਾ ਪਿੱਛਾ ਕੀਤਾ ਅਤੇ ਜਿਸ ਹਸਪਤਾਲ 'ਚ ਉਸ ਨੇ ਉਸ ਨੂੰ ਡਲਿਵਰੀ ਲਈ ਭਰਤੀ ਕਰਵਾਇਆ ਸੀ ਉਹ ਅੱਜ ਉਥੇ ਪਹੁੰਚੀ ਹੈ। ਸ਼ਿਕਾਇਤ ਦੇਣ ਤੋਂ ਬਾਅਦ ਉਹ ਹਸਪਤਾਲ ਵਿਚ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਹੈ। ਦੂਜੇ ਪਾਸੇ ਬਲਵਿੰਦਰ ਕੌਰ ਦੇ ਪਤੀ ਹਰਜਿੰਦਰ ਸਿੰਘ ਨਾਲ ਵਾਰ-ਵਾਰ ਸੰਪਰਕ ਕਰਨ 'ਤੇ ਉਸ ਦਾ ਫੋਨ ਨੋ ਰਿਪਲਾਈ ਆ ਰਿਹਾ ਸੀ।


Related News