ਰੁੱਤ ਬਰਸਾਤ 'ਤੇ ਵਿਸ਼ੇਸ਼- ਧਰਤੀ ਦੇ ਗੁਰਦੇ ਹਨ: ਕੁਦਰਤੀ ਢਾਬਾਂ

Thursday, Jul 08, 2021 - 01:37 PM (IST)

ਰੁੱਤ ਬਰਸਾਤ 'ਤੇ ਵਿਸ਼ੇਸ਼- ਧਰਤੀ ਦੇ ਗੁਰਦੇ ਹਨ: ਕੁਦਰਤੀ ਢਾਬਾਂ

ਕੁਦਰਤ ਦਾ ਸਮਤੋਲ ਬਣਾਈ ਰੱਖਣ ਲਈ ਕੁਦਰਤੀ ਬਨਸਪਤੀ, ਜੰਗਲ ਅਤੇ ਕੁਦਰਤੀ ਢਾਬਾਂ/ਛੰਭਾਂ ਦਾ ਹੋਣਾ ਲਾਜ਼ਮੀ ਐ। ਭਾਰਤ ਵਿੱਚ ਜਿੱਥੇ 1.5 ਫੀਸਦੀ ਰਕਬਾ, ਕੁਦਰਤੀ ਜਲਗਾਹਾਂ ਅਧੀਨ ਹੈ, ਉਥੇ ਇਹ ਦਰ ਪੰਜਾਬ ਵਿੱਚ ਕੇਵਲ ਮਾਤਰ 0.5 ਫ਼ੀਸਦੀ ਹੈ। 2 ਫਰਵਰੀ 1971 ਨੂੰ ਈਰਾਨ ਦੇ ਸਰਹੱਦੀ ਸ਼ਹਿਰ ਰਾਮਸਰ, ਜੋ ਦੁਨੀਆਂ ਦੀ ਸੱਭ ਤੋਂ ਵੱਡੀ ਕੁਦਰਤੀ ਝੀਲ ਕੈਸਪੀਅਨ ਸਾਗਰ ਦੇ ਨਾਲ ਖਹਿੰਦੈ, ਵਿਖੇ UNESCO ਦੀ ਪਹਿਲਕਦਮੀ ਨਾਲ ਵਾਤਾਵਰਣ ਪ੍ਰੇਮੀਆਂ ਅਤੇ ਚਿੰਤਕਾਂ ਦੀ ਅੰਤਰਾਸ਼ਟਰੀ ਬੈਠਕ ਹੋਈ।

ਇਸ ਬੈਠਕ ਵਿਚ ਜਲਗਾਹਾਂ ਅਧੀਨ ਲਗਾਤਾਰ ਘੱਟ ਰਹੇ ਰਕਬੇ ਅਤੇ ਉਨ੍ਹਾਂ ਦੀ ਮਾੜੀ ਹਾਲਤ ’ਤੇ ਚਿੰਤਾ ਦਾ ਇਜ਼ਹਾਰ ਕਰਦਿਆਂ ਹਰ ਸਾਲ 2 ਫਰਵਰੀ ਨੂੰ ਜਲਗਾਹ ਦਿਹਾੜਾ ਮਨਾਉਣ ਦਾ ਐਲਾਨ ਕੀਤਾ। ਇਕ ਅਨੁਮਾਨ ਮੁਤਾਬਕ ਸਾਡੇ ਦੇਸ਼ ਭਰ ’ਚ ਪੂਰਾ ਸਾਲ 118cm ਮੀਂਹ ਪੈਂਦਾ ਹੈ। ਇਸ ਤਰ੍ਹਾਂ ਕੁੱਲ ਜਲ ਭੰਡਾਰ 38 ਲੱਖ ਮਿਲੀਅਨ ਘਣ ਮੀ: ਬਣਦੈ। ਇਸ ’ਚੋਂ 13 ਲੱਖ ਮਿਲੀਅਨ ਘਣ ਮੀ: ਪਾਣੀ ਵਾਸ਼ਪੀਕਰਣ ਹੋ ਕੇ ਜਿਥੇ ਮੁੜ ਮੀਂਹ ਅਤੇ ਠੰਡਕ ਦਾ ਵਾਇਸ ਬਣ ਜਾਂਦਾ ਹੈ ਉਥੇ 8 ਲੱਖ ਮਿਲੀਅਨ ਘਣ ਮੀ: ਜ਼ਮੀਨ ’ਚ ਜਜ਼ਬ ਹੋ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਹਾਈ ਹੁੰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ

ਪੰਜਾਬ ਦੇ ਹਾਲਾਤ
ਪੰਜਾਬ ਦੀ ਗੱਲ ਕਰੀਏ ਤਾਂ ਪਾਣੀ ਦੇ ਪੱਧਰ ਨੂੰ ਬਣਾਈ ਰੱਖਣ ਲਈ ਸਤਲੁਜ, ਬਿਆਸ ਅਤੇ ਰਾਵੀ ਦਰਿਆ, ਘੱਗਰ, ਚਿੱਟੀ ਵੇਈਂ, ਕਾਲੀ ਵੇਈਂ, ਚੱਕੀਖੱਡ, ਉੱਜ, ਸਵਾਨ, ਸੋਹਨ, ਆਨੰਦਪੁਰ, ਬਲਾਚੌਰ, ਨੂਰਪੁਰਬੇਦੀ, ਸੁਖਨਾ, ਪਟਿਆਲਾ ਕੀ ਰਾਓ, ਜੈਂਤੀ ਦੇਵੀ ਕੀ ਰਾਓ ਅਤੇ ਸਿਸਵਾਂ ਮੌਸਮੀ ਨਦੀਆਂ ਹਨ। ਬੁੱਢਾ ਅਤੇ ਸੱਕੀ ਕਿਰਨ ਨਾਲਾ ਹਨ। ਅਫ਼ਸੋਸ ਕਿ ਅੱਜ ਦੀ ਤਾਰੀਖ਼ ਵਿਚ ਇਹ ਸਭ ਅੰਮ੍ਰਿਤਮਈ ਜੀਵਨ ਦਾਤ ਨੂੰ ਅਸੀਂ ਜ਼ਹਿਰ-ਕਹਿਰ ਵਿਚ ਤਬਦੀਲ ਕਰ ਦਿੱਤਾ ਹੈ। ਜਿਸ ਕਾਰਨ ਅਸੀਂ ਨਿੱਤ ਦਿਨ ਕੈਂਸਰ ਵਰਗੀਆਂ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਾਂ। ਇਹ ਅਸਿੱਧੇ ਰੂਪ ਵਿੱਚ ਹਰੀ ਅਤੇ ਉਦਯੋਗਿਕ ਕ੍ਰਾਂਤੀ ਦੇ ਦੂਰਗਾਮੀ ਪ੍ਰਭਾਵ ਹਨ।

ਪਰ ਇੱਥੇ ਸਾਡਾ ਅੱਜ ਦਾ ਵਿਸ਼ਾ ਉਨ੍ਹਾਂ ਹਰੀਕੇ ਪੱਤਣ, ਰੋਪੜ ਜਾਂ ਕਾਂਜਲੀ ਅੰਤਰਰਾਜੀ ਜਾਂ ਅੰਤਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਦਾ ਨਹੀਂ ਹੈ ਸਗੋਂ ਕੇਵਲ ਮਾਤਰ ਜਲਗਾਹਾਂ ਨੂੰ ਦੇਸੀ ਭਾਸ਼ਾ ਵਿਚ ਪਿੰਡ ਪੱਧਰ ’ਤੇ ਕਿਹਾ ਜਾਂਦਾ ਢਾਬਾਂ/ਟੋਭਿਆਂ ਤੱਕ ਹੀ ਸੀਮਤ ਹੈ। ਸਾਡੇ ਸੂਰਜੀ ਪਰਿਵਾਰ ’ਚੋਂ ਕੇਵਲ ਮਾਤਰ ਇਹ ਧਰਤੀ ਹੀ ਹੈ, ਜੋ ਜੀਵ ਮੰਡਲ ਦਾ ਦਰਜਾ ਰੱਖਦੀ ਹੈ। ਜਲ, ਥਲ ਅਤੇ ਵਾਯੂ ਮੰਡਲ ਤਿੰਨੋਂ ਮਿਲ ਕੇ ਜੀਵ ਮੰਡਲ ਦੀ ਰਚਨਾ ਕਰਦੇ ਹਨ। ਪਾਣੀ, ਕੁਦਰਤ ਵਲੋਂ ਬਖਸ਼ਿਸ਼ ਇਕ ਵਡਮੁੱਲੀ ਦਾਤ ਹੈ। ਗੁਰਵਾਕ ਹੈ

" ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ।।"

ਸੋ ਜਿੰਨੀਆਂ ਵੀ ਪੁਰਾਣੀਆਂ ਸੱਭਿਆਤਾਵਾਂ ਪ੍ਰਫੁੱਲਤ ਹੋਈਆਂ ਜਾਂ ਪੁਰਾਣੇ ਸ਼ਹਿਰ ਆਬਾਦ ਹੋਏ,ਪਾਣੀ ਦੀ ਲੋੜ ਹਿੱਤ, ਸਭ ਦਰਿਆਵਾਂ ਕਿਨਾਰੇ ਹੀ ਹੋਏ। ਇਹੀ ਨਹੀਂ ਸਗੋਂ ਪ੍ਰਾਚੀਨ, ਮੱਧ ਜਾਂ ਅੰਗਰੇਜ਼-ਸਿੱਖ ਯੁੱਗ ਤੱਕ ਸਾਰੀਆਂ ਜੰਗਾਂ ਦਰਿਆਵਾਂ ਜਾਂ ਢਾਬਾਂ/ਛੰਭਾਂ ਦੇ ਨਜ਼ਦੀਕ ਹੀ ਹੋਈਆਂ। ਸੋ ਪੁਰਾਣੇ ਦੌਰ ਵਿੱਚ ਬਜ਼ੁਰਗਾਂ ਵਲੋਂ ਪਾਣੀ ਸਾਧਨਾਂ ਦੀ ਥੋੜ੍ਹ ਕਾਰਨ ਹਰ ਪਿੰਡ ਦੇ ਚੌਹੀਂ ਕੂੰਟੀਂ ਪਾਣੀ ਦੀ ਲੋੜ ਹਿੱਤ ਵੱਡੀਆਂ ਢਾਬਾਂ/ਖੱਡਾਂ ਰਾਖਵੀਆਂ ਛੱਡੀਆਂ ਜਾਂਦੀਆਂ ਸਨ। ਜਿਨ੍ਹਾਂ ਵਿੱਚ ਵਰਤੋਂ ਹਿੱਤ ਜਿੱਥੇ ਮੀਹਾਂ ਦਾ ਪਾਣੀ ਜਮ੍ਹਾਂ ਰਹਿੰਦਾ ਉਥੇ ਮਕਾਨ, ਵਿਹੜੇ ਲਿੱਪਣ ਲਈ ਢਾਬਾਂ ਦੀ ਮਿੱਟੀ ਬੜੀ ਕਾਰਗਰ ਹੁੰਦੀ। ਨਹਾਉਣਾ, ਧੋਣਾ, ਪਸ਼ੂ, ਪੰਛੀਆਂ ਜਾਂ ਥੋੜਾ ਬਹੁਤਾ ਪਾਣੀ ਖੇਤੀਬਾੜ੍ਹੀ ਸੰਚਾਈ ਲਈ ਵੀ ਵਰਤ ਲਿਆ ਜਾਂਦਾ। ਅਖਾਣ ਹੈ-

' ਉਹ ਜ਼ਮੀਨ ਰਾਣੀ-ਜਿਹਦੇ ਸਿਰ ਤੇ ਪਾਣੀ '

ਸਿਖਰ ਦੁਪਹਿਰ ਵੇਲੇ ਆਮ ਰਾਹਗੀਰ, ਵੱਗ ਚਰਾਉਣ ਵਾਲੇ ਆਰਾਮ ਲਈ ਦੁਪਹਿਰਾਂ ਕੱਟਦੇ। ਪੁਰਾਣੇ ਵੇਲਿਆਂ 'ਚ ਬਹੁਤੇ ਬੰਦੇ ਤੁਰ ਕੇ ਹੀ ਦੂਰ ਦਰਾਜ ਦੇ ਪਿੰਡਾਂ ਤੱਕ ਰਿਸ਼ਤੇਦਾਰੀਆਂ ਵਿਚ ਚਲੇ ਜਾਇਆ ਕਰਦੇ। ਬਜ਼ੁਰਗਾਂ ਨੇ ਪਿੰਡੋਂ ਤੁਰਦਿਆਂ ਸਾਫੇ ਦੇ ਲੜ ਰੋਟੀ ਬੰਨ੍ਹ ਲੈਣੀ, ਚਾਦਰਾ ਲਾਹ ਕੇ ਮੋਢੇ ਧਰ ਲੈਣਾ ਅਤੇ ਖੁੱਸੇ ਉਤਾਰ ਕੇ ਹੱਥ ’ਚ ਫੜ ਲੈਣੇ। ਰਿਸ਼ਤੇਦਾਰ ਦੇ ਪਿੰਡ ਤੋਂ ਉਰਾਰ ਚਲਦੇ ਚਰਸ, ਹਲਟ ਜਾਂ ਢਾਬ 'ਤੇ ਰੁਕ ਕੇ ਤਰੋਤਾਜ਼ਾ ਹੋਣਾ। ਜੁੱਤੀ, ਚਾਦਰਾ ਲਾ ਕੇ ਫਿਰ ਅੱਗੇ ਵਧਣਾ।

ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ

ਢਾਬਾਂ ਮਨੋਰੰਜਨ ਦਾ ਵੀ ਸਾਧਨ ਹੁੰਦੀਆਂ ਸਨ ਉਦੋਂ। ਜਿੱਥੇ ਗੱਭਰੂਆਂ ਨੇ ਪਸ਼ੂ ਨਹਾਉਣ, ਆਪ ਨਹਾਉਣ ਜਾਂ ਦੁਪਹਿਰਾ ਕੱਟਣ ਚਲੇ ਜਾਣਾ, ਉਥੇ ਮੁਟਿਆਰਾਂ, ਬੀਬੀਆਂ ਨੇ ਬੱਚੇ ਨਹਾਉਣ ਜਾਂ ਕੱਪੜੇ ਧੋਣ ਚਲੇ ਜਾਣਾ। ਇਸ ਤਰ੍ਹਾਂ ਕਈ ਮਨਚਲੇ ਗੱਭਰੂ-ਮੁਟਿਆਰਾਂ ਨੂੰ ਮਿਲਣ ਦਾ ਬਹਾਨਾ ਮਿਲ ਜਾਂਦਾ । ਅਖ਼ਾਣ ਐ-

'ਖੂਹ ਟੋਭਿਆਂ ਤੇ ਮਿਲਣੋ ਰਹਿਗੇ-ਚੰਦਰੇ ਲਵਾ ਲੇ ਨਲ਼ਕੇ'

ਸੋ ਜਿੱਥੇ ਢਾਬਾਂ ਪਾਣੀ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਦੀਆਂ ਸਨ, ਉਥੇ ਸਾਰਾ ਸਾਲ ਢਾਬਾਂ ਦਾ ਪਾਣੀ ਜ਼ਮੀਨ ’ਚ ਰਿਸ ਰਿਸ ਕੇ ਹੇਠਲੇ ਪਾਣੀ ਦੇ ਪੱਧਰ ਨੂੰ ਵੀ ਬਰਕਰਾਰ ਰੱਖਦਾ ਸੀ। ਇਨ੍ਹਾਂ ਢਾਬਾਂ/ਟੋਭਿਆਂ ਨੂੰ ਹੋਰ ਡੂੰਘੇ ਅਤੇ ਸਾਫ਼ ਕਰਕੇ ਚੌਤਰਫ਼ਾ ਬੂਟੈ ਲਾਉਣ ਦੀ ਬਜਾਏ ਕੁਦਰਤ ਨਾਲ ਖਿਲਵਾੜ ਕਰਦਿਆਂ, ਬਹੁਤਾ ਨਜਾਇਜ਼ ਕਬਜ਼ਿਆਂ ਅਤੇ ਕੁੱਝ ਤਰੱਕੀ ਪਸੰਦਾਂ ਨੇ ਸੁੰਦਰੀਕਰਨ ਦੇ ਨਾਮ ਪੁਰ ਇਨ੍ਹਾਂ ਨੂੰ ਵਾਹ ਕੇ ਪੱਧਰਾ ਕਰ ਦਿੱਤਾ ਹੈ। ਜਿਸ ਵਜਾ ਧਰਤੀ ਦੇ ਗੁਰਦਿਆਂ ਦਾ ਦਰਜਾ ਰੱਖਦੀਆਂ ਤਮਾਮ ਢਾਬਾਂ/ਜਲਗਾਹਾਂ ਅਤੇ ਇਹਦੇ ਨਾਲ ਨਾਲ ਕਿਨਾਰਿਆਂ ’ਤੇ ਖੜੇ ਧਰਤੀ ਦੇ ਫੇਫੜੇ ਕਹਾਉਂਦੇ ਰੁੱਖ, ਖ਼ਤਮ ਹੋਣ ਕਿਨਾਰੇ ਹਨ।

ਇਹ ਵੀ ਪੜ੍ਹੋ :  ਸੰਘ ਮੁਖੀ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹਿੰਮਤ ਦਾ ਸਵਾਲ

ਮਨੁੱਖੀ ਜਾਤ ਧਰਤੀ 'ਤੇ ਵਾਸ ਕਰਦੀਆਂ ਸਮੂਹ ਪ੍ਰਜਾਤੀਆਂ ਦੀ ਸਰਦਾਰ ਐ। ਇਸ ਧਰਤੀ ’ਤੇ ਰਹਿਣ ਦਾ ਜਿੰਨਾ ਹੱਕ ਸਾਡਾ ਹੈ ਓਨਾ ਹੀ ਦੂਜਿਆਂ ਦਾ ਵੀ। ਸੋ ਆਪਣੇ ਨਿੱਜੀ ਆਰਥਿਕ ਲਾਭਾਂ ਤੋਂ ਉਪਰ ਉਠ ਕੇ ਕਈ ਜੀਵ ਜੰਤੂਆਂ ਦੀਆਂ ਠਾਹਰਾਂ ਇਨ੍ਹਾਂ ਟੋਭਿਆਂ ਲਈ ਤਵੱਜੋ ਦੇਣੀ ਬਣਦੀ ਹੈ। ਇਹ ਜ਼ਰੂਰੀ ਹੈ ਕਿ  ਪੁੱਤ ਪੋਤਿਆਂ ਲਈ ਖ਼ੈਰ ਚਾਹੁੰਦਿਆਂ ਉਦਮੀ ਪੰਚਾਇਤਾਂ,ਕਲੱਬ ਆਪਣੇ ਪਿੰਡਾਂ ਲਈ, ਅੱਗੇ ਆ ਕੇ ਢਾਬਾਂ/ ਟੋਭਿਆਂ ਦੇ ਨਾਲ ਨਾਲ ਕੁਦਰਤੀ ਬਨਸਪਤੀ ਨੂੰ ਮੁੜ ਸੁਰਜੀਤ ਕਰਨ ਦਾ ਬੀੜਾ ਚੁੱਕਣ। ਇਸੇ ਵਿੱਚ ਹੀ ਪੰਜਾਬ ਦਾ ਭਵਿੱਖ ਹੈ।

-ਕਿਓਂ ਜੋ, ਜਲ ਹੈ ਤਾਂ ਕੱਲ੍ਹ ਹੈ-ਰੁੱਖ ਹੈ ਤਾਂ ਸੁੱਖ ਹੈ।

ਲੇਖਕ : ਸਤਵੀਰ ਸਿੰਘ ਚਾਨੀਆਂ
92569-73526

ਨੋਟ : ਇਸ ਲੇਖ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News