ਸਮੁੰਦਰੀ ਰਸਤੇ ਰਾਹੀਂ ਦੁਬਾਰਾ ਅੱਤਵਾਦੀ ਹਮਲੇ ਦੇ ਸ਼ੱਕ ਸਬੰਧੀ ਭਾਰਤ ''ਚ ਅਲਰਟ

Saturday, Oct 13, 2018 - 09:22 AM (IST)

ਜਲੰਧਰ (ਧਵਨ)— ਭਾਰਤ ਦੀ 7517 ਕਿਲੋਮੀਟਰ ਲੰਬੀ ਸਮੁੰਦਰ ਤੱਟ ਦੀ ਨਿਗਰਾਨੀ ਕਰ ਰਹੇ ਸੁਰੱਖਿਆ ਮੁਲਾਜ਼ਮਾਂ ਨੂੰ ਸਮੁੰਦਰੀ ਰਸਤੇ ਤੋਂ ਦੁਬਾਰਾ ਅੱਤਵਾਦੀ ਹਮਲੇ ਦੇ ਸ਼ੱਕ ਨੂੰ ਦੇਖਦੇ ਹੋਏ ਅਲਰਟ ਕਰ ਦਿੱਤਾ ਗਿਆ ਹੈ। ਪਤਾ ਲੱਗਾ ਹੈ ਕਿ ਜੈਸ਼-ਏ-ਮੁਹੰਮਦ ਅਤੇ ਪਾਕਿਸਤਾਨ ਸਥਿਤ ਇਕ ਹੋਰ ਇਸਲਾਮਿਕ ਅੱਤਵਾਦੀ ਸੰਗਠਨ ਨੇ ਭਾਰਤ ਨੂੰ ਸਮੁੰਦਰ ਤੱਟ ਖੇਤਰ ਰਾਹੀਂ ਨਿਸ਼ਾਨਾ ਬਣਾਉਣ ਲਈ ਇਕ ਟ੍ਰੇਨਿੰਗ ਕੈਂਪ ਅੱਤਵਾਦੀਆਂ ਲਈ ਚਲਾਇਆ ਹੋਇਆ ਹੈ, ਜਿਸ ਵਿਚ ਉਨ੍ਹਾਂ ਨੂੰ ਤੈਰਨਾ ਸਿਖਾਉਣ ਦੇ ਨਾਲ-ਨਾਲ ਡੂੰਘੇ ਪਾਣੀ ਵਿਚ ਯੰਤਰਾਂ ਨੂੰ ਨਾਲ ਲਿਜਾਣ ਦੀ ਤਕਨੀਕ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਅਧਿਕਾਰੀਆਂ ਮੁਤਾਬਕ ਜਦੋਂ 26/11 ਹਮਲੇ ਦੇ ਮੁਲਜ਼ਮ ਡੇਵਿਡ ਹੈਡਲੀ ਨੂੰ ਐੱਨ. ਆਈ. ਏ. ਨੇ 2010 'ਚ ਪੁੱਛਗਿਛ ਕੀਤੀ ਸੀ ਤਾਂ ਇਕ ਜੇਹਾਦੀ ਅੱਤਵਾਦੀ ਯਾਕੂਬ ਦਾ ਨਾਂ ਉਭਰ ਕੇ ਸਾਹਮਣੇ ਆਇਆ ਸੀ, ਜਿਸ ਨੂੰ ਅੱਤਵਾਦੀਆਂ ਦੇ ਮੈਰੀਨ ਵਿੰਗ ਦਾ ਮੁਖੀ ਬਣਾਇਆ ਗਿਆ ਸੀ।

ਪ੍ਰਾਪਤ ਜਾਣਕਾਰੀ ਮੁਤਾਬਕ ਲਸ਼ਕਰ-ਏ-ਤੋਇਬਾ ਦੇ ਅੱਤਵਾਦੀਆਂ ਨੂੰ ਪਾਕਿਸਤਾਨ ਪੰਜਾਬ ਦੇ ਖੇਤਰਾਂ ਸ਼ੇਖੂਪੁਰਾ, ਲਾਹੌਰ ਅਤੇ ਫੈਸਲਾਬਾਦ 'ਚ ਜੂਨ 2018 ਤੋਂ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਭਾਰਤੀ ਏਜੰਸੀਆਂ ਨੂੰ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ ਕਿ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਭਾਰਤ ਦੇ ਕਿਸੇ ਕਾਰਗੋ ਜਹਾਜ਼ ਜਾਂ ਤੇਲ ਟੈਂਕਰ ਨੂੰ ਸਮੁੰਦਰ  'ਚ ਕਬਜ਼ੇ 'ਚ ਲੈ ਸਕਦੇ ਹਨ ਅਤੇ ਉਨ੍ਹਾਂ ਦੀ ਮਾਰਫਤ ਉਹ ਭਾਰਤੀ ਬੰਦਰਗਾਹਾਂ 'ਤੇ ਹਮਲਾ ਬੋਲ ਸਕਦੇ ਹਨ ਜਾਂ ਇਸ ਰਸਤੇ ਰਾਹੀਂ ਭਾਰਤ 'ਚ ਦਾਖਲ  ਹੋ ਕੇ ਅੱਤਵਾਦੀ ਹਮਲਾ ਕਰ ਸਕਦੇ ਹਨ। ਲਸ਼ਕਰ-ਏ-ਤੋਇਬਾ ਦੇ ਜਿਨ੍ਹਾਂ ਅੱਤਵਾਦੀਆਂ ਨੂੰ ਹਾਲ ਹੀ ਵਿਚ ਟ੍ਰੇਨਿੰਗ ਦਿੱਤੀ ਗਈ ਹੈ, ਉਹ ਡੂੰਘੇ ਸਮੁੰਦਰ 'ਚ ਬਿਨਾਂ ਸਾਹ ਲਏ ਤੈਰਨਾ ਜਾਣਦੇ ਹਨ। ਉਨ੍ਹਾਂ ਨੂੰ ਆਧੁਨਿਕ ਯੰਤਰ ਵੀ ਮੁਹੱਈਆ ਕਰਵਾਏ ਗਏ ਹਨ। ਇਸ ਅੱਤਵਾਦੀ ਸੰਗਠਨ ਵਲੋਂ ਪਾਕਿਸਤਾਨ ਦੇ ਭਾਵਲਪੁਰ 'ਚ ਵੀ ਆਪਣੇ ਕੇਡਰ ਨੂੰ ਟਰੇਂਡ ਕੀਤਾ ਜਾ ਰਿਹਾ ਹੈ ਕਿਉਂਕਿ ਉਸ ਦੇ ਨਾਲ ਸਮੁੰਦਰ ਤੱਟ ਖੇਤਰ ਲੱਗਦਾ ਹੈ। ਜੈਸ਼ ਲੀਡਰਸ਼ਿਪ ਵਲੋਂ ਹੁਣ ਸਮੁੰਦਰੀ ਜੇਹਾਦ ਨੂੰ ਫੈਲਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਭਾਰਤੀ ਤਟ ਰਾਖਿਆਂ ਨੂੰ ਭਾਰਤ ਸਰਕਾਰ ਨੇ ਅਲਰਟ ਕੀਤਾ ਹੈ।

ਇਹ ਵੀ ਦੱਸਿਆ ਜਾਂਦਾ ਹੈ ਕਿ ਟ੍ਰੇਨਿੰਗ ਲੈਣ ਵਾਲੇ ਅੱਤਵਾਦੀਆਂ ਨੂੰ ਜੈਸ਼-ਏ-ਮੁਹੰਮਦ ਸੰਗਠਨ ਨੇ ਪਿੱਛੇ ਤੋਂ ਪੂਰੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਸਮੁੰਦਰ ਦੇ ਨਾਲ ਲੱਗਦੇ ਸੂਬਿਆਂ ਤੋਂ ਇਲਾਵਾ ਜੰਮੂ-ਕਸ਼ਮੀਰ, ਪੰਜਾਬ ਨੂੰ ਲੈ ਕੇ ਕੇਂਦਰ ਸਰਕਾਰ ਦੀਆਂ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੋਇਆ ਹੈ। ਪਾਕਿਸਤਾਨ ਦੇ ਖੁਫੀਆ ਇਰਾਦਿਆਂ ਨੂੰ ਢੇਰੀ ਕਰਨ ਲਈ ਭਾਰਤੀ ਏਜੰਸੀਆਂ ਨੂੰ ਹਰ ਸਮੇਂ ਚੌਕਸ ਰਹਿਣ ਲਈ ਕਿਹਾ ਗਿਆ ਹੈ। ਵਿਸ਼ੇਸ਼ ਤੌਰ 'ਤੇ ਤਿਉਹਾਰੀ ਦਿਨਾਂ 'ਚ ਸਾਰੀਆਂ ਏਜੰਸੀਆਂ ਨੂੰ ਹਾਈ ਅਲਰਟ ਕੀਤਾ ਗਿਆ ਹੈ।


Related News