ਸਕੂਲ ਖਿਲਾਫ ਕਾਰਵਾਈ ਨਾ ਹੋਣ ਕਰ ਕੇ ''ਆਪ'' ਆਗੂ ਟੈਂਕੀ ''ਤੇ ਚੜ੍ਹਿਆ
Thursday, Aug 09, 2018 - 06:26 AM (IST)

ਫ਼ਰੀਦਕੋਟ (ਹਾਲੀ)- ਇੱਥੋਂ ਦੇ ਸੇਂਟ ਮੈਰੀ ਸਕੂਲ ਵੱਲੋਂ ਵਿਦਿਆਰਥੀਆਂ ਤੋਂ ਐਨੂਅਲ ਫ਼ੀਸ ਦੇ ਨਾਂ 'ਤੇ ਵਸੂਲੀ ਜਾ ਰਹੀ ਰਾਸ਼ੀ ਕਰ ਕੇ ਪਿਛਲੇ ਕਈ ਮਹੀਨਿਆਂ ਤੋਂ ਵਿਰੋਧ ਕਰ ਰਹੀ ਸੇਂਟ ਮੈਰੀ ਸਕੂਲ ਮਾਪੇ ਐਕਸ਼ਨ ਕਮੇਟੀ ਨੇ ਅੱਜ ਇਕ ਵੱਡਾ ਐਕਸ਼ਨ ਕਰਦਿਆਂ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਸਮੇਂ 'ਆਪ' ਆਗੂ ਅਮਨ ਵੜਿੰਗ ਅਤੇ ਉਨ੍ਹਾਂ ਦੇ ਸਾਥੀ ਟੈਂਕੀ ਉੱਪਰ ਨਾਅਰੇ ਲਾ ਰਹੇ ਸਨ।
ਇਸ ਦੌਰਾਨ ਸੇਂਟ ਮੈਰੀ ਸਕੂਲ ਮਾਪੇ ਐਕਸ਼ਨ ਕਮੇਟੀ ਦੇ ਆਗੂ ਅਮਨ ਵੜਿੰਗ, ਪਵਨ ਸ਼ਰਮਾ ਅਤੇ ਹੋਰਨਾਂ ਨੇ ਦੱਸਿਆ ਕਿ ਸਕੂਲ 'ਚ ਵਿਦਿਆਰਥੀਆਂ ਤੋਂ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਅਤੇ ਨਿਯਮਾਂ ਦੇ ਉਲਟ ਵੱਧ ਫ਼ੀਸਾਂ ਅਤੇ ਐਨੂਅਲ ਫ਼ੀਸ ਵਸੂਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਇਸ ਦਾ ਵਿਰੋਧ ਕਰ ਰਹੇ ਹਨ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਸਮੇਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੂਲ ਖਿਲਾਫ ਵਿਭਾਗ ਦੇ ਇਕ ਅਧਿਕਾਰੀ ਵੱਲੋਂ ਕੀਤੀ ਗਈ ਜਾਂਚ ਵਿਚ ਵੀ ਇਹ ਪਾਇਆ ਗਿਆ ਕਿ ਇਸ ਸਕੂਲ ਦੇ ਪ੍ਰਬੰਧਕ ਵੱਧ ਫ਼ੀਸਾਂ ਵਸੂਲ ਰਹੇ ਹਨ ਪਰ ਇਸ ਦੇ ਬਾਵਜੂਦ ਅਧਿਕਾਰੀ ਨਾ ਤਾਂ ਕਾਰਵਾਈ ਕਰ ਰਹੇ ਹਨ ਅਤੇ ਨਾ ਹੀ ਫ਼ੀਸਾਂ ਵਸੂਲਣ 'ਤੇ ਰੋਕ ਲਾ ਰਹੇ ਹਨ। ਇਸ ਕਰ ਕੇ ਉਨ੍ਹਾਂ ਨੂੰ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਉਕਤ ਆਗੂ ਨੇ ਡੀ. ਸੀ. ਦਫ਼ਤਰ ਦੇ ਨਜ਼ਦੀਕ ਸਿਵਲ ਹਸਪਤਾਲ ਵਾਲੀ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਸਕੂਲ ਦੇ ਪ੍ਰਬੰਧਕਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਉਨ੍ਹਾਂ ਦੇ ਬਾਕੀ ਸਾਥੀ ਵੀ ਟੈਂਕੀ 'ਤੇ ਚੜ੍ਹਨਗੇ ਅਤੇ ਪ੍ਰਸ਼ਾਸਨ ਖਿਲਾਫ਼ ਵੱਡਾ ਐਕਸ਼ਨ ਉਲੀਕਿਆ ਜਾਵੇਗਾ।
ਕੀ ਕਹਿੰਦੇ ਨੇ ਸਕੂਲ ਪ੍ਰਬੰਧਕ : ਇਸ ਸਬੰਧੀ ਜਦੋਂ ਸੇਂਟ ਮੈਰੀ ਸਕੂਲ ਦੇ ਪ੍ਰਿੰ. ਫ਼ਾਦਰ ਵਿਨਸੇਂਟ ਨੇ ਕਿਹਾ ਕਿ ਸਕੂਲ 'ਚ ਫ਼ੀਸਾਂ ਸਿਰਫ਼ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਲਈਆਂ ਜਾ ਰਹੀਆਂ ਹਨ ਅਤੇ ਨਿਯਮਾਂ ਦੇ ਉਲਟ ਕੋਈ ਵੀ ਫ਼ੀਸ ਨਹੀਂ ਵਸੂਲੀ ਜਾ ਰਹੀ।