ਲੌਂਗੋਵਾਲ ਸਕੂਲ ਵੈਨ ਹਾਦਸਾ, ਘਟਨਾ ਸਥਾਨ ''ਤੇ ਪਹੁੰਚੇ ਮਾਨ ਨੇ ਮੰਗੀ ਸਖਤ ਕਾਰਵਾਈ

Saturday, Feb 15, 2020 - 06:41 PM (IST)

ਸੰਗਰੂਰ : ਲੌਂਗੋਵਾਲ ਵਿਖੇ ਇਕ ਨਿੱਜੀ ਸਕੂਲ ਦੀ ਵੈਨ 'ਚ ਅੱਗ ਲੱਗਣ ਕਾਰਨ ਚਾਰ ਬੱਚੇ ਜਿਊਂਦੇ ਸੜ ਗਏ। ਘਟਨਾ ਸਥਾਨ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਜਿੱਥੇ ਇਸ ਘਟਨਾ 'ਤੇ ਦੁੱਖ ਪ੍ਰਗਟਾਇਆ ਉਥੇ ਹੀ ਹਾਦਸੇ ਨਾਲ ਸਬੰਧਤ ਵਿਅਕਤੀਆਂ 'ਤੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਵੈਨ ਦੇ ਡਰਾਈਵਰ, ਵੈਨ ਦੇ ਮਾਲਕ, ਸਕੂਲ ਦੇ ਪ੍ਰਿੰਸੀਪਲ ਅਤੇ ਸਕੂਲ ਦਾ ਆਵਾਜਾਈ ਪ੍ਰਬੰਧ ਦੇਖਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਤੋਂ ਸਖਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਹਾਦਸੇ ਤੋਂ ਬਾਅਦ ਵੈਨ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ, ਜਿਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ 'ਆਪ' ਆਗੂ ਅਮਨ ਅਰੋੜਾ ਨੇ ਕਿਹਾ ਕਿ ਸਰਕਾਰਾਂ ਉਸੇ ਸਮੇਂ ਕਿਉਂ ਜਾਗਦੀਆਂ ਹਨ ਜਦੋਂ ਕੋਈ ਮੰਦਭਾਗੀ ਘਟਨਾ ਵਾਪਰ ਜਾਂਦੀ ਹੈ ਜਦਕਿ ਅਣਗਹਿਲੀ ਵਰਤਣ ਵਾਲੇ ਸਕੂਲਾਂ ਖਿਲਾਫ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। 

ਦੱਸਣਯੋਗ ਹੈ ਕਿ ਲੌਂਗੋਵਾਲ ਵਿਖੇ ਇਕ ਨਿੱਜੀ ਸਕੂਲ ਦੀ ਵੈਨ 'ਚ ਉਸ ਸਮੇਂ ਅੱਗ ਲੱਗ ਗਈ ਸੀ ਜਦੋਂ ਵੈਨ ਬੱਚਿਆਂ ਨੂੰ ਘਰ ਛੱਡਣ ਜਾ ਰਹੀ ਸੀ। ਸਕੂਲ ਤੋਂ ਕੁਝ ਹੀ ਦੂਰੀ 'ਤੇ ਵੈਨ ਨੂੰ ਅੱਗ ਲੱਗ ਗਈ। ਜਿਸ ਸਮੇਂ ਇਹ ਹਾਦਸਾ ਹੋਇਆ ਉਸ ਸਮੇਂ ਵੈਨ ਵਿਚ ਲਗਭਗ 12 ਬੱਚੇ ਸਵਾਰ ਸਨ। ਜਿਨ੍ਹਾਂ ਵਿਚੋਂ 4 ਬੱਚਿਆਂ ਦੀ ਜਿਊਂਦੇ ਸੜਨ ਨਾਲ ਘਟਨਾ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ 8 ਬੱਚਿਆਂ ਨੂੰ ਪਿੰਡ ਵਾਲਿਆਂ ਵਲੋਂ ਬਾਹਰ ਕੱਢ ਲਿਆ ਗਿਆ। ਮਰਨ ਵਾਲੇ ਚਾਰ ਬੱਚਿਆਂ ਵਿਚ 3 ਬੱਚੇ ਇਕੋ ਪਰਿਵਾਰ ਨਾਲ ਸਬੰਧਤ ਹਨ।


Gurminder Singh

Content Editor

Related News