ਬੇਲਗਾਮ ਹੋਈ ਸਕੂਲ ਟਰਾਂਸਪੋਰਟ ਨੂੰ ''ਲਗਾਮ'' ਪਾਉਣ ਲਈ ਵੱਡੇ ਪੱਧਰ ''ਤੇ ਕਾਰਵਾਈ

02/19/2020 5:07:01 PM

ਸਮਰਾਲਾ (ਗਰਗ, ਬੰਗੜ) : ਲੌਗੋਂਵਾਲ ਵਿਖੇ ਇਕ ਚਲਦੀ ਸਕੂਲ ਵੈਨ ਨੂੰ ਲੱਗੀ ਅੱਗ 'ਚ ਚਾਰ ਮਾਸੂਮ ਬੱਚਿਆਂ ਦੇ ਜ਼ਿੰਦਾ ਸੜਣ ਦੀ ਵੱਡੀ ਘਟਨਾ ਤੋਂ ਬਾਅਦ ਨੀਂਦ 'ਚੋਂ ਜਾਗੀ ਸਰਕਾਰ ਸੂਬੇ ਭਰ 'ਚ ਹੁਣ ਬੇਲਗਾਮ ਹੋਈ ਸਕੂਲ ਟਰਾਂਸਪੋਰਟ ਨੂੰ 'ਕਾਨੂੰਨ' ਦਾ ਪਾਠ ਪੜ੍ਹਾਉਣ 'ਚ ਲੱਗੀ ਹੋਈ ਹੈ। ਮੁੱਖ ਮੰਤਰੀ ਦੀ ਘੁਰਕੀ ਤੋਂ ਬਾਅਦ ਸਿਵਲ ਪ੍ਰਸ਼ਾਸਨ ਦੇ ਸਾਰੇ ਛੋਟੇ-ਵੱਡੇ ਅਫ਼ਸਰ ਬੀਤੇ ਕੱਲ ਤੋਂ ਹੀ ਸਕੂਲੀ ਬੱਸਾਂ ਦੀ ਚੈਕਿੰਗ 'ਚ ਲੱਗੇ ਹੋਏ ਹਨ ਅਤੇ ਹਰ ਰੋਜ਼ ਹਜ਼ਾਰਾਂ ਸਕੂਲ ਬੱਸਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ। ਲੁਧਿਆਣਾ ਜ਼ਿਲਾ ਪ੍ਰਸਾਸ਼ਨ ਨੇ ਵੀ ਲਗਾਤਾਰ ਦੂਜੇ ਦਿਨ 'ਸੇਫ ਵਾਹਨ' ਸਕੀਮ ਅਧੀਨ ਬੇਲਗਾਮ ਸਕੂਲ ਟਰਾਂਸਪੋਰਟ ਨੂੰ ਨੱਥ ਪਾਉਣ ਲਈ ਜ਼ਿਲੇ ਭਰ 'ਚ ਵੱਡੇ ਪੱਧਰ 'ਤੇ ਚੈਕਿੰਗ ਕਰਦੇ ਹੋਏ 421 ਸਕੂਲ ਬੱਸਾਂ ਦੇ ਕਾਗਜ਼ਾਤਾਂ ਦੀ ਪੜਤਾਲ ਤੋਂ ਬਾਅਦ 117 ਸਕੂਲੀ ਬੱਸਾਂ ਦੇ ਚਲਾਨ ਕਰਦੇ ਹੋਏ ਉਨ੍ਹਾਂ ਨੂੰ ਭਾਰੀ ਜੁਰਮਾਨੇ ਲਾਏ ਗਏ ਅਤੇ 8 ਸਕੂਲੀ ਬੱਸਾਂ ਨੂੰ ਅਧਿਕਾਰੀਆਂ ਨੇ ਜ਼ਬਤ ਵੀ ਕਰ ਲਿਆ ਹੈ।

PunjabKesari

ਕਾਰਜਕਾਰੀ ਡਿਪਟੀ ਕਮਿਸ਼ਨਰ ਇਕਬਾਲ ਸਿੰਘ ਸੰਧੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰਿਜਨਲ ਟਰਾਂਸਪੋਰਟ ਅਥਾਰਟੀ ਦੇ ਅਧਿਕਾਰੀਆਂ ਤੋਂ ਇਲਾਵਾ ਜ਼ਿਲੇ ਦੇ ਸਾਰੇ ਐੱਸ. ਡੀ. ਐੱਮਜ਼ ਨੇ ਅੱਜ ਵੱਖ-ਵੱਖ ਖੇਤਰਾਂ 'ਚ ਸਕੂਲ ਵਾਹਨਾਂ ਦੀ ਵੱਡੇ ਪੱਧਰ 'ਤੇ ਚੈਕਿੰਗ ਕਰਦੇ ਹੋਏ 421 ਸਕੂਲੀ ਬੱਸਾਂ ਦੀ ਪੜਤਾਲ ਕੀਤੀ। ਇਸ ਦੌਰਾਨ ਇਨ੍ਹਾਂ ਅਧਿਕਾਰੀਆਂ ਨੇ ਬੱਸਾਂ ਦੇ ਕਾਗਜ਼ਾਤ ਤੋਂ ਇਲਾਵਾ ਬੱਚਿਆਂ ਦੀ ਸੇਫ਼ਟੀ ਲਈ ਬਣਾਈ ਗਈ 'ਸੇਫ ਵਾਹਨ' ਸਕੀਮ ਅਧੀਨ ਜਾਰੀ ਹਦਾਇਤਾਂ ਦੀ ਪਾਲਣਾ ਦਾ ਉਲੰਘਣ ਕਰਨ ਦੇ ਦੋਸ਼ ਵਿਚ 117 ਬੱਸਾਂ 'ਤੇ ਕਾਰਵਾਈ ਕੀਤੀ ਗਈ ਹੈ। ਇਸ ਤੋਂ ਇਲਾਵਾ 8 ਸਕੂਲੀ ਬੱਸਾਂ ਨੂੰ ਇਨ੍ਹਾਂ ਅਧਿਕਾਰੀਆਂ ਨੇ ਜ਼ਬਤ ਵੀ ਕਰ ਲਿਆ ਹੈ। ਸ਼੍ਰੀ ਸੰਧੂ ਨੇ ਦੱਸਿਆ ਜ਼ਿਲਾ ਬਾਲ ਸੁਰੱਖਿਆ ਅਧਿਕਾਰੀ ਨੂੰ ਵੀ ਜ਼ਿੰਮੇਵਾਰੀ ਸੌਂਪੀ ਗਈ ਹੈ ਕਿ ਉਹ ਆਪਣੀਆਂ ਟੀਮਾਂ ਰਾਹੀਂ ਸਕੂਲ ਵਾਹਨਾਂ ਦੀ ਜਾਂਚ ਕਰਨ ਅਤੇ ਇਸ ਦੀ ਰਿਪੋਰਟ ਰੋਜ਼ਾਨਾ ਜ਼ਿਲਾ ਪ੍ਰਸ਼ਾਸਨ ਨੂੰ ਭੇਜਣ। ਇਸ ਤੋਂ ਇਲਾਵਾ ਜ਼ਿਲਾ ਸਿੱਖਿਆ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਤੁਰੰਤ ਟੀਮਾਂ ਦਾ ਗਠਨ ਕਰ ਕੇ ਜ਼ਿਲੇ ਦੇ ਸਾਰੇ ਸਕੂਲਾਂ ਦੀ ਪੜਤਾਲ ਕਰ ਕੇ ਇਹ ਤੱਥ ਪਤਾ ਕਰਨ ਕਿ ਇਹ ਸਕੂਲ 'ਸੇਫ ਵਾਹਨ' ਸਕੀਮ ਦੀ ਪਾਲਣਾ ਕਰ ਰਹੇ ਹਨ। ਸ਼੍ਰੀ ਸੰਧੂ ਨੇ ਸਾਰੇ ਸਕੂਲ ਪ੍ਰਬੰਧਕਾਂ ਨੂੰ ਸਖ਼ਤ ਤਾੜਨਾ ਕੀਤੀ ਹੈ ਕਿ 'ਸੇਫ ਵਾਹਨ' ਪਾਲਸੀ ਦਾ ਉਲੰਘਣ ਕਰਨ ਵਾਲੇ ਸਕੂਲਾਂ 'ਤੇ ਸਖ਼ਤ ਕਾਰਵਾਈ ਹੋਵੇਗੀ।

ਕੀ ਹੈ 'ਸੇਫ ਵਾਹਨ' ਸਕੀਮ ਦੇ ਦਿਸ਼ਾ-ਨਿਰਦੇਸ਼?
* ਸਕੂਲ ਵੈਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।
* ਸਕੂਲ ਵੈਨ ਅੰਦਰ ਸਪੀਡ ਗਵਰਨਰ ਲੱਗਾ ਹੋਣਾ ਚਾਹੀਦਾ ਹੈ।
* ਸਕੂਲ ਵੈਨ ਟਰਾਂਸਪੋਰਟ ਵਿਭਾਗ ਦੇ ਦਫਤਰ ਵਿਚ ਰਜਿਸਟਰਡ ਹੋਣੀ ਲਾਜ਼ਮੀ ਹੈ।
* ਸਕੂਲ ਵੈਨ ਚਾਲਕ ਅਤੇ ਕੰਡਕਟਰ ਕੋਲ ਡਰਾਈਵਿੰਗ ਲਾਇਸੈਂਸ ਅਤੇ ਤਜਰਬਾ ਹੋਣਾ ਚਾਹੀਦਾ ਹੈ।
* ਵੈਨ ਚਾਲਕ ਅਤੇ ਕੰਡਕਟਰ ਦੇ ਵਰਦੀ ਪਾਈ ਹੋਣੀ ਲਾਜ਼ਮੀ ਹੈ।
* ਜੇਕਰ ਸਕੂਲ ਵੈਨ 'ਚ ਇਕ ਵੀ ਲੜਕੀ ਬੈਠਦੀ ਹੈ ਤਾਂ ਉਸ ਵਿਚ ਮਹਿਲਾ ਸਟਾਫ਼ ਦਾ ਹੋਣਾ ਲਾਜ਼ਮੀ ਹੈ।
* ਸਕੂਲ ਵੈਨ 'ਤੇ ਟਰਾਂਸਪੋਰਟ ਵਿਭਾਗ ਅਤੇ ਸਕੂਲ ਦਾ ਫੋਨ ਨੰਬਰ ਿਲਖਿਆ ਹੋਣਾ ਲਾਜ਼ਮੀ ਹੈ।
* ਸਕੂਲ ਵੈਨ 'ਚ ਕਿਸੇ ਕਮੀ ਜਾਂ ਦੁਰਘਟਨਾ ਲਈ ਸਕੂਲ ਪ੍ਰਿੰਸੀਪਲ ਨੂੰ ਵੀ ਜ਼ਿੰਮੇਵਾਰ ਮੰਨਿਆ ਜਾਵੇਗਾ।
* ਪ੍ਰਾਈਵੇਟ ਸਕੂਲ ਵੈਨ 'ਚ ਸਾਰੀਆਂ ਜ਼ਿੰਮੇਵਾਰੀਆਂ ਬੱਚਿਆਂ ਦੇ ਮਾਪਿਆਂ ਦੀ ਹੁੰਦੀ ਹੈ।


Anuradha

Content Editor

Related News