ਸਕੂਲੀ ਸਿਲੇਬਸ ’ਤੇ ਲੱਗੇਗਾ ਕੱਟ, ਥਿਊਰੀ ਦੀ ਬਜਾਏ ਪ੍ਰੈਕਟੀਕਲ ਨਾਲੇਜ ’ਤੇ ਹੋਵੇਗਾ ਫੋਕਸ
Monday, Jun 08, 2020 - 10:00 AM (IST)
ਲੁਧਿਆਣਾ (ਵਿੱਕੀ) : ਪਿਛਲੇ ਲਗਭਗ ਢਾਈ ਮਹੀਨਿਆਂ ਤੋਂ ਘਰ ਬੈਠ ਕੇ ਹੀ ਆਨਲਾਈਨ ਕਲਾਸਾਂ ਲਗਾ ਰਹੇ ਸਕੂਲੀ ਵਿਦਿਆਰਥੀਆਂ ਲਈ ਇਕ ਰਾਹਤ ਵਾਲੀ ਖ਼ਬਰ ਹੈ। ਕੋਵਿਡ-19 ਕਾਰਨ ਵਿਦਿਆਰਥੀਆਂ ’ਤੇ ਵਿਦਿਅਕ ਸੈਸ਼ਨ ’ਚ ਸਿਲੇਬਸ ਦਾ ਬੋਝ ਘੱਟ ਕਰਨ ਦੇ ਮਕਸਦ ਨਾਲ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ। ਆਉਣ ਵਾਲੇ 1 ਮਹੀਨੇ ਅੰਦਰ ਵਿਦਿਆਰਥੀ ਅਤੇ ਸਕੂਲਾਂ ਨੂੰ ਇਸ ਗੱਲ ਦੀ ਸੂਚਨਾ ਬੋਰਡ ਵਲੋਂ ਭੇਜੀ ਜਾ ਸਕਦੀ ਹੈ। ਸੀ. ਬੀ. ਐੱਸ. ਈ. ਦਾ ਮਕਸਦ ਹੈ ਕਿ ਵਿਦਿਆਰਥੀਆਂ ਨੂੰ ਜ਼ਿਆਦਾ ਥਿਊਰੀ ਪੜ੍ਹਾਉਣ ਦੀ ਬਜਾਏ ਪ੍ਰੈਕਟੀਕਲ ਤਰੀਕੇ ਨਾਲ ਸਮਝਾਇਆ ਜਾਵੇ। ਇਸੇ ਫਾਰਮੂਲੇ ਨੂੰ ਵਰਤ ਕੇ ਸਿਲੇਬਸ ਘੱਟ ਕੀਤਾ ਜਾ ਰਿਹਾ ਹੈ ਅਤੇ ਅਗਲੇ ਇਕ ਮਹੀਨੇ 'ਚ ਇਸ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਦੱਸ ਦੇਈਏ ਕਿ ਕੋਰੋਨਾ ਸੰਕਟ ਦੌਰਾਨ ਪੜ੍ਹਾਈ ਦੇ ਹੋਏ ਨੁਕਸਾਨ ਦੀ ਭਰਪਾਈ ਦੇ ਲਈ ਬੋਰਡ ਕਈ ਯਤਨ ਕਰ ਰਿਹਾ ਹੈ। ਇਸ ਦੌਰਾਨ ਵਿਦਿਆਰਥੀਆਂ ਦਾ ਜਿੰਨਾ ਸਮਾਂ ਬਰਬਾਦ ਹੋਇਆ ਹੈ, ਉਸ ਦੇ ਆਧਾਰ ’ਤੇ ਸਿਲੇਬਸ ਘੱਟ ਕੀਤਾ ਜਾਵੇਗਾ।
ਰਿਪੀਟ ਹੋਣ ਵਾਲੇ ਟਾਪਿਕ ਹੋ ਸਕਦੇ ਹਨ ਘੱਟ
ਸੀ. ਬੀ. ਐੱਸ. ਈ. ਦੇ ਨਵ-ਨਿਯੁਕਤ ਚੇਅਰਮੈਨ ਮਨੋਜ ਅਹੂਜਾ ਨੇ ਇਕ ਵਰਚੂਅਲ ਕਾਨਫਰੰਸ (ਫਿਊਚਰ ਆਫ ਸਕੂਲਜ਼ ਓਵਰਕਮਿੰਗ ਕੋਵਿਡ-19 ਚੈਲੰਜ ਐਂਡ ਬਿਊਂਡ) ਦੌਰਾਨ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਘਟੀਆ ਸਿਲੇਬਸ ਅਗਲੇ ਇਕ ਮਹੀਨੇ 'ਚ ਤਿਆਰ ਕਰ ਲਿਆ ਜਾਵੇਗਾ। ਇਸ ਗੱਲ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ ਕਿ ਜੇਕਰ ਇਸ ਤਰ੍ਹਾਂ ਕੋਈ ਟਾਪਿਕ ਹੈ, ਜੋ ਕਿਸੇ ਰੂਪ 'ਚ ਸਿਲੇਬਸ 'ਚ ਰਿਪੀਟ ਹੋ ਰਿਹਾ ਹੈ ਜਾਂ ਜਿਸ ਦੇ ਲਈ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜ਼ਿਆਦਾ ਵਰਕ ਕਰਨਾ ਪੈ ਰਿਹਾ ਹੈ, ਉਸ ਨੂੰ ਘੱਟ ਕੀਤਾ ਜਾਵੇ। ਚੇਅਰਮੈਨ ਨੇ ਕਿਹਾ ਕਿ ਵਿਸ਼ਿਆਂ ’ਚ ਇਸ ਅਜਿਹੇ ਟਾਪਿਕ ਜੋ ਕਿ ਸਿੱਖਿਆ ਲਈ ਬਹੁਤ ਜ਼ਰੂਰੀ ਹਨ, ਉਨ੍ਹਾਂ ਨੂੰ ਬਣਾਉਣ ਰੱਖਣ ਦੀ ਯੋਜਨਾ ਹੈ।