ਪੰਜਾਬ ਰੋਡਵੇਜ਼ ਤੇ ਸਕੂਲੀ ਬੱਸ ਦੀ ਟੱਕਰ

Wednesday, Nov 01, 2017 - 01:07 AM (IST)

ਪੰਜਾਬ ਰੋਡਵੇਜ਼ ਤੇ ਸਕੂਲੀ ਬੱਸ ਦੀ ਟੱਕਰ

ਬਟਾਲਾ,   (ਸੈਂਡੀ)-  ਅੱਜ ਸਵੇਰੇ ਸਥਾਨਕ ਕਾਦੀਆਂ ਦੇ ਨਜ਼ਦੀਕੀ ਪਿੰਡ ਖਾਰਾ ਵਿਖੇ ਧੁੰਦ ਕਾਰਨ ਪੰਜਾਬ ਰੋਡਵੇਜ਼ ਬੱਸ ਅਤੇ ਸਕੂਲੀ ਬੱਸ ਦੀ ਟੱਕਰ ਹੋਣ ਨਾਲ ਡਰਾਈਵਰ ਅਤੇ ਕਈ ਬੱਚਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮੌਕੇ 'ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਦਿਆਨੰਦ ਐਂਗਲੋ ਵੈਦਿਕ ਸਕੂਲ ਦੀ ਬੱਸ ਨੇੜੇ ਪਿੰਡ ਖਾਰਾ ਅਤੇ ਕੋਟ ਟੋਡਰ ਮੱਲ ਤੋਂ ਬੱਚਿਆਂ ਨੂੰ ਲੈ ਕੇ ਸਕੂਲ ਬੱਸ ਵਾਪਸ ਕਾਦੀਆਂ ਆ ਰਹੀ ਸੀ ਕਿ ਕਾਦੀਆਂ ਵੱਲੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੰ. ਪੀ. ਬੀ-06 ਐੱਫ-2866 ਟਰੈਕਟਰ-ਟਰਾਲੀ ਨੂੰ ਅੋਵਰਟੇਕ ਕਰਦੇ ਹੋਏ ਸਕੂਲ ਬੱਸ ਨਾਲ ਜਾ ਟਕਰਾਈ। ਦੋਵੇਂ ਬੱਸਾਂ ਹਾਦਸਾਗ੍ਰਸਤ ਹੋਈਆਂ ਹਨ। ਇਸ ਦੁਰਘਟਨਾ 'ਚ ਦਿਆਨੰਦ ਸਕੂਲ ਕਾਦੀਆਂ ਦੀ ਤੀਸਰੀ ਜਮਾਤ ਦੀ ਏਕਤਾ ਦੇ ਸਿਰ 'ਤੇ ਜਦਕਿ ਅੱਠਵੀਂ ਜਮਾਤ ਦਾ ਗੁਰਪ੍ਰੀਤ ਸਿੰਘ ਵਾਸੀ ਖਾਰਾ ਦੇ ਮੋਢੇ 'ਤੇ ਸੱਟਾਂ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਬੱਸ ਦਾ ਡਰਾਈਵਰ ਬੱਚੀ ਨੂੰ ਇਕ ਨਿੱਜੀ ਹਸਪਤਾਲ 'ਚ ਛੱਡ ਕੇ ਫਰਾਰ ਹੋ ਗਿਆ ਸੀ। 
ਉਧਰ ਸਕੂਲ ਬੱਸ ਦੇ ਡਰਾਈਵਰ ਵਿਕਰਮ ਸਿੰਘ ਨੂੰ ਵੀ ਸੱਟਾਂ ਲੱਗੀਆਂ ਹਨ। ਇੰਚਾਰਜ ਪਰਮਜੀਤ ਕੌਰ ਨੇ ਦੱਸਿਆ ਕਿ ਇਸ ਸਬੰਧ 'ਚ ਕਾਦੀਆਂ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 
ਜਦੋਂ ਇਸ ਸਬੰਧ 'ਚ ਥਾਣਾ ਮੁਖੀ ਲਲਿਤ ਕੁਮਾਰ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਪੰਜਾਬ ਰੋਡਵੇਜ਼ ਦੇ ਡਰਾਈਵਰ ਦੀ ਗਲਤੀ ਨਾਲ ਇਹ ਹਾਦਸਾ ਹੋਇਆ ਹੈ ਕਿਉਂਕਿ ਉਹ ਟਰਾਲੀ ਨੂੰ ਓਵਰਟੇਕ ਕਰ ਰਿਹਾ ਸੀ। ਬਾਕੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 


Related News