ਸਕੂਲ ਦੀਆਂ ਵਿਦਿਆਰਥਣਾਂ ਨਾਲ ਹੋਏ ਛੇੜਛਾੜ ਦੇ ਮਾਮਲੇ ਦੀ ਜਾਂਚ ਸ਼ੁਰੂ

06/10/2017 4:28:40 PM


ਅਬੋਹਰ(ਸੁਨੀਲ)-ਬੀਤੇ ਦਿਨੀਂ ਪਿੰਡ ਬੁਰਜਮੁਹਾਰ ਕਾਲੋਨੀ ਸਥਿਤ ਇਕ ਸਕੂਲ ਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਦੇ ਮਾਮਲੇ 'ਚ ਪਿੰਡ ਦੇ ਕੁਝ ਲੋਕਾਂ ਵੱਲੋਂ ਸਕੂਲ ਦੀ ਮਹਿਲਾ ਅਧਿਆਪਕਾਂ ਨਾਲ ਹੋਈ ਮਾਰਕੁੱਟ ਦੇ ਮਾਮਲੇ 'ਚ ਅੱਜ ਵੂਮੈਨ ਸੈੱਲ ਕ੍ਰਾਈਮ ਬ੍ਰਾਂਚ ਫਿਰੋਜ਼ਪੁਰ ਦੀ ਐੱਸ. ਪੀ. ਕਸ਼ਮੀਰ ਕੌਰ ਢਿੱਲਂੋ ਨੇ ਡੀ. ਐੱਸ. ਪੀ. ਦਫਤਰ 'ਚ ਪੀੜਤ ਧਿਰ ਤੇ ਦੋਸ਼ੀ ਧਿਰ ਦੇ ਬਿਆਨ ਕਲਮਬੱਧ ਕਰਕੇ ਭਰੋਸਾ ਦਿੱਤਾ ਕਿ ਇਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਕੇ ਨਿਰਪੱਖ ਜਾਂਚ ਕਰਵਾਈ ਜਾਵੇਗੀ।
ਜਾਣਕਾਰੀ ਮੁਤਾਬਕ ਕਸ਼ਮੀਰ ਕੌਰ ਢਿੱਲੋਂ ਨੇ ਅੱਜ ਸਕੂਲ ਦੀਆਂ ਵਿਦਿਆਰਥਣਾਂ ਪ੍ਰਿਅੰਕਾ, ਮਨੀਸ਼ਾ, ਕੀਮਤ ਤੇ ਸਕੂਲ ਅਧਿਆਪਕ ਭਗਵੰਤ ਭਠੇਜਾ, ਅਜਮੇਰ ਔਲਖ, ਲਛਮਣ ਸਿੰਘ, ਵਿਨੈ ਕੁਮਾਰ, ਰਾਜ ਸਿੰਘ, ਜੋਗਿੰਦਰ ਸਿੰਘ, ਵਿਜੈ ਕੁਮਾਰ, ਸ਼ਰਣਜੀਤ ਕੌਰ, ਸੋਨਿਆ ਸਚਦੇਵਾ ਤੇ ਦੋਸ਼ੀ ਧਿਰ ਜਸਵੰਤ ਸਿੰਘ ਦੇ ਪੱਖ 'ਚ ਆਏ ਬੁਰਜਮੁਹਾਰ ਕਾਲੋਨੀ ਵਾਸੀ ਗੁਰਸਾਹਿਬ ਸਿੰਘ, ਗੁਰਤੇਜ ਸਿੰਘ, ਰਾਜੇਸ਼ ਕੁਮਾਰ, ਕਾਂਤਾ ਦੇਵੀ, ਭਿੰਦਰ ਕੌਰ, ਰਾਜਵੀਰ ਕੌਰ, ਪੂਨਮ ਰਾਣੀ, ਸ਼ਾਰਦਾ ਦੇ ਇਲਾਵਾ ਪਿੰਡ ਦੇ ਪੰਚਾਇਤ ਮੈਂਬਰਾਂ ਦੇ ਵੀ ਬਿਆਨ ਕਲਮਬੱਧ ਕੀਤੇ। ਉਨ੍ਹਾਂ ਕਿਹਾ ਕਿ ਅੱਜ ਕਲਮਬੱਧ ਕੀਤੇ ਬਿਆਨਾਂ ਦਾ ਪੂਰਾ ਵਿਵਰਣ ਉਚ ਅਧਿਕਾਰੀਆਂ ਨੂੰ ਦਿੱਤਾ ਜਾਵੇਗਾ ਤੇ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇਗੀ ਤੇ ਕਿਸੇ ਦੇ ਨਾਲ ਨਾਇਨਸਾਫੀ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਪੁਲਸ ਉਪਕਪਤਾਨ ਗੁਰਬਿੰਦਰ ਸਿੰਘ, ਥਾਣਾ ਸਦਰ ਦੇ ਐੱਸ. ਐੱਚ. ਓ. ਬਲਜੀਤ ਸਿੰਘ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਬੀਤੇ ਦਿਨਾਂ ਪਿੰਡ ਦੇ ਹੀ ਇਕ ਪੁਜਾਰੀ 'ਤੇ ਕੁਝ ਸਕੂਲੀ ਵਿਦਿਆਰਥਣਾਂ ਨੇ ਛੇੜਛਾੜ ਕਰਨ ਦਾ ਦੋਸ਼ ਲਾਇਆ ਸੀ ਤੇ ਜਦ ਸਕੂਲ ਅਧਿਆਪਕਾਂ ਨੇ ਪੁੱਛਗਿੱਛ ਲਈ ਉਕਤ ਪੁਜਾਰੀ ਨੂੰ ਸਕੂਲ 'ਚ ਬੁਲਾਇਆ ਤਾਂ ਉਸਨੇ ਸਕੂਲ ਪ੍ਰਬੰਧਕਾਂ 'ਤੇ ਉਸਨੂੰ ਧਮਕੀਆਂ ਦੇਣ ਤੇ ਮਾਰਕੁੱਟ ਕਰਨ ਦੇ ਦੋਸ਼ ਲਾਏ ਸੀ ਇਸਦੇ ਅਗਲੇ ਦਿਨ ਕੁਝ ਲੋਕਾਂ ਨੇ ਸਕੂਲ 'ਚ ਵੜ ਕੇ ਅਧਿਆਪਕਾਂ ਨਾਲ ਮਾਰਕੁੱਟ ਤੇ ਗਲਤ ਵਿਵਹਾਰ ਕੀਤਾ ਸੀ।


Related News