ਵਿਦਿਆਰਥੀਆਂ ਦੀ ਡ੍ਰੈੱਸ ’ਤੇ ਸਕੂਲ ਦਾ ਲੋਗੋ ਬਣਵਾਇਆ ਤਾਂ ਰੱਦ ਹੋਵੇਗੀ NOC : ਸਿੱਖਿਆ ਵਿਭਾਗ

Thursday, Jan 16, 2020 - 08:26 AM (IST)

ਵਿਦਿਆਰਥੀਆਂ ਦੀ ਡ੍ਰੈੱਸ ’ਤੇ ਸਕੂਲ ਦਾ ਲੋਗੋ ਬਣਵਾਇਆ ਤਾਂ ਰੱਦ ਹੋਵੇਗੀ NOC : ਸਿੱਖਿਆ ਵਿਭਾਗ

ਲੁਧਿਆਣਾ, (ਵਿੱਕੀ)-ਨਿੱਜੀ ਸਕੂਲਾਂ ’ਚ ਪਡ਼੍ਹਨ ਵਾਲੇ ਵਿਦਿਆਰਥੀਆਂ ਦੀ ਡ੍ਰੈੱਸ ’ਤੇ ਲੱਗਣ ਵਾਲੇ ਸਕੂਲ ਦੇ ਲੋਗੋ ’ਤੇ ਅਜੇ ਸਿੱਖਿਆ ਵਿਭਾਗ ਦੀ ਨਜ਼ਰ ਪਈ। ਸਕੂਲਾਂ ’ਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਭਾਗ ਨੇ ਸਕੂਲ ਡ੍ਰੈੱਸ ’ਤੇ ਲੱਗਣ ਵਾਲੇ ਲੋਗੋ ਨੂੰ ਲੈ ਕੇ ਕਮਰ ਕੱਸ ਲਈ ਹੈ। ਇਸ ਸੰਖਿਆ ’ਚ ਡੀ. ਪੀ. ਆਈ. ਵੱਲੋਂ ਸੂਬੇ ਦੇ ਸਾਰੇ ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਅਤੇ ਪੀ. ਐੱਸ. ਈ. ਬੀ. ਸਕੂਲ ਸੰਚਾਲਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਸਕੂਲ ਵਿਦਿਆਰਥੀਆਂ ਦੀ ਡ੍ਰੈੱਸ ’ਤੇ ਆਪਣੇ ਸਕੂਲ ਦਾ ਲੋਗੋ ਨਹੀਂ ਬਣਵਾਏਗਾ। ਇਹੀ ਨਹੀਂ ਵਿਭਾਗ ਨੇ ਕਿਹਾ ਹੈ ਕਿ ਕੋਈ ਵੀ ਸਕੂਲ ਕਿਸੇ ਵਿਦਿਆਰਥੀ ਨੂੰ ਲੋਗੋ ਵਾਲੀ ਡ੍ਰੈੱਸ ਕਿਸੇ ਖਾਸ ਦੁਕਾਨ ਜਾਂ ਕੰਪਨੀ ਤੋਂ ਖਰੀਦਣ ਲਈ ਮਜਬੂਰ ਨਹੀਂ ਕਰੇਗਾ।

 ਸਿੱਖਿਆ ਮੰਤਰੀ ਨੇ ਕੀਤੀ ਸੀ ਨਿੱਜੀ ਸਕੂਲਾਂ ’ਤੇ ਸਖਤੀ

ਜਾਣਕਾਰੀ ਮੁਤਾਬਕ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਵਿਜੇ ਇੰਦਰ ਸਿੰਗਲਾ ਨੇ ਨਿੱਜੀ ਸਕੂਲਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਮਨਮਰਜ਼ੀਆਂ ’ਤੇ ਲਗਾਮ ਕੱਸਦੇ ਹੋਏ ਹੁਕਮ ਦਿੱਤੇ ਸਨ ਕਿ ਕੋਈ ਵੀ ਸਕੂਲ ਵਿਦਿਆਰਥੀਆਂ ਨੂੰ ਚੋਣਵੀਆਂ ਦੁਕਾਨਾਂ ਤੋਂ ਕਿਤਾਬਾਂ ਜਾਂ ਵਰਦੀਆਂ ਖਰੀਦਣ ਲਈ ਮਜਬੂਰ ਨਹੀਂ ਕਰੇਗਾ। ਸਿੰਗਲਾ ਨੇ ਉਕਤ ਹੁਕਮਾਂ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਜੇਬ ’ਤੇ ਵਧਣ ਵਾਲੇ ਬੋਝ ਦਾ ਹਵਾਲਾ ਦਿੱਤਾ ਹੈ।

 ਅਚਾਨਕ ਚੈਕਿੰਗ ਕਰਨਗੀਆਂ ਵਿਭਾਗੀ ਟੀਮਾਂ

ਸੂਤਰ ਦੱਸਦੇ ਹਨ ਕਿ ਵਿਭਾਗ ਨੇ ਜ਼ਿਲਾ ਪੱਧਰ ’ਤੇ ਆਪਣੇ ਵਿਦਿਆਰਥੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਨਵੇਂ ਸੈਸ਼ਨ ਦੌਰਾਨ ਵੱਖ-ਵੱਖ ਟੀਮਾਂ ਬਣਾ ਕੇ ਸਕੂਲਾਂ ਦੀ ਚੈਕਿੰਗ ਵੀ ਕਰਵਾਈ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਕਿਹੜੇ ਸਕੂਲ ਨਿਯਮਾਂ ਨੂੰ ਨਹੀਂ ਮੰਨ ਰਹੇ। ਡੀ. ਓਜ਼ ਦੀ ਮਾਰਫਤ ਨਿੱਜੀ ਸਕੂਲਾਂ ਨੂੰ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਵਿਭਾਗ ਦੇ ਧਿਆਨ ’ਚ ਆਇਆ ਹੈ ਕਿ ਕਈ ਸਕੂਲ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਿਤਾਬਾਂ ਕਿਸੇ ਖਾਸ ਦੁਕਾਨ ਤੋਂ ਖਰੀਦਣ ਲਈ ਮਜਬੂਰ ਕਰਦੇ ਹਨ। ਸਕੂਲ ਦੀ ਇਸ ਕਾਰਵਾਈ ਤੋਂ ਪੇਰੈਂਟਸ ’ਚ ਰੋਸ ਹੈ, ਜਿਸ ਨੂੰ ਲੈ ਕੇ ਵਿਭਾਗ ਕੋਲ ਸਮੇਂ-ਸਮੇਂ ’ਤੇ ਸ਼ਿਕਾਇਤਾਂ ਵੀ ਆਉਂਦੀਆਂ ਰਹਿੰਦੀਆਂ ਹਨ। ਸਕੂਲਾਂ ਵੱਲੋਂ ਦੱਸੀ ਗਈ ਦੁਕਾਨ ਤੋਂ ਵਰਦੀ ਜਾਂ ਕਿਤਾਬਾਂ ਖਰੀਦਣ ’ਤੇ ਵਿਦਿਆਰਥੀ ਜਾਂ ਉਸ ਦੇ ਪੇਰੈਂਟਸ ਨੂੰ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ।

ਵੈਬਸਾਈਟ ਤੋਂ ਲੋਗੋ ਲੈ ਕੇ ਆਪ ਡ੍ਰੈੱਸ ’ਤੇ ਲਾਉਣ ਵਿਦਿਆਰਥੀ

ਡੀ. ਪੀ. ਆਈ. ਨੇ ਉਕਤ ਸਬੰਧੀ ਸਕੂਲਾਂ ਨੂੰ ਜਾਰੀ ਹੁਕਮਾਂ ’ਚ ਕਿਹਾ ਕਿ ਸਕੂਲ ਲੋਗੋ ਵੈਬਸਾਈਟ ’ਤੋਂ ਅਪਲੋਡ ਕਰ ਕੇ ਰੱਖਣ ਤਾਂ ਕਿ ਉਥੋਂ ਲੈ ਕੇ ਵਿਦਿਆਰਥੀ ਉਸ ਨੂੰ ਆਪਣੀ ਸ਼ਰਟ ’ਤੇ ਆਪ ਲਾਉਣ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਨਿਯਮਾਂ ਨੂੰ ਮੰਨਣ ’ਚ ਲਾਪ੍ਰਵਾਹੀ ਵਰਤੀ ਤਾਂ ਸਕੂਲ ਦੀ ਐੱਨ. ਓ. ਸੀ. ਰੱਦ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।


Related News