7 ਘੰਟੇ ਕਾਫੀ ਅਹਿਮ, ਸਕੂਲ-ਕਾਲਜ ਬੰਦ, ਪੰਜਾਬ ''ਚ ਪਵੇਗਾ ਮੀਂਹ

Saturday, Nov 30, 2024 - 01:17 PM (IST)

7 ਘੰਟੇ ਕਾਫੀ ਅਹਿਮ, ਸਕੂਲ-ਕਾਲਜ ਬੰਦ, ਪੰਜਾਬ ''ਚ ਪਵੇਗਾ ਮੀਂਹ

ਨੈਸ਼ਨਲ ਡੈਸਕ : ਚੱਕਰਵਾਤੀ ਤੂਫਾਨ ਫੇਂਗਲ ਦੇ ਅੱਜ ਤਾਮਿਲਨਾਡੂ-ਪੁਡੂਚੇਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਉੱਤਰੀ ਤਾਮਿਲਨਾਡੂ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਚੱਕਰਵਾਤ ਦੇ ਹਾਲਾਤ ਦੇਖੇ ਗਏ ਕਿਉਂਕਿ ਫੇਂਗਲ ਤੱਟ ਵੱਲ ਵਧਿਆ ਹੈ। ਨਾਲ ਹੀ, ਇੱਥੇ ਲਗਾਤਾਰ ਅਤੇ ਭਾਰੀ ਮੀਂਹ ਪਿਆ। ਇਸ ਕਾਰਨ ਆਮ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅਗਲੇ ਘੰਟੇ ਕਾਫੀ ਅਹਿਮ ਮੰਨੇ ਜਾ ਰਹੇ ਹਨ।  ਕਿਉਂਕਿ ਬੰਗਾਲ ਦੀ ਖਾੜੀ ਵਿਚੋਂ ਉੱਠੇ ਚੱਕਰਵਾਤੀ ਤੂਫਾਨ ‘ਫੈਂਗਲ’ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਇਸ ਦੇ ਮੱਦੇਨਜ਼ਰ ਭਾਰਤੀ ਮੌਸਮ ਵਿਭਾਗ ਵੱਲੋਂ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।

ਖੇਤਰੀ ਮੌਸਮ ਵਿਗਿਆਨ ਕੇਂਦਰ (RMC) ਚੇਨਈ ਦੇ ਅਨੁਸਾਰ ਚੱਕਰਵਾਤ ਫੈਂਗਲ ਅੱਜ ਸ਼ਨੀਵਾਰ ਦੁਪਹਿਰ ਨੂੰ ਚੇਨਈ ਦੇ ਨੇੜੇ ਲੈਂਡਫਾਲ ਕਰਨ ਦੀ ਸੰਭਾਵਨਾ ਹੈ। ਇਸ ਦੌਰਾਨ ਸਰਕਾਰ ਵੱਲੋਂ ਐਡਵਾਈਜ਼ਰੀ ਜਾਰੀ ਕਰਦਿਆਂ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ ਅਤੇ ਮਛੇਰਿਆਂ ਨੂੰ ਘਰ ਰਹਿਣ ਲਈ ਕਿਹਾ ਗਿਆ ਹੈ ਕਿਉਂਕਿ ਚੱਕਰਵਾਤ ਪੁਡੂਚੇਰੀ ਦੇ ਨੇੜੇ ਜਾਣ ਦਾ ਅਨੁਮਾਨ ਹੈ। ਮੌਸਮ ਵਿਭਾਗ ਨੇ ਉੱਚੀਆਂ ਲਹਿਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਚੱਕਰਵਾਤੀ ਤੂਫਾਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਤੇਜ਼ ਹਵਾਵਾਂ ਨਾਲ ਤੱਟ ਨਾਲ ਟਕਰਾਏਗਾ।

ਇਸ ਚੱਕਰਵਾਤੀ ਤੂਫ਼ਾਨ ਦਾ ਸਭ ਤੋਂ ਵੱਧ ਅਸਰ ਪੁਡੂਚੇਰੀ ਦੇ ਆਸਪਾਸ ਦੇ ਖੇਤਰਾਂ ਜਿਵੇਂ ਆਂਧਰਾ ਪ੍ਰਦੇਸ਼, ਤਾਮਿਲਨਾਡੂ ਅਤੇ ਕੇਰਲ ਵਿੱਚ ਦੇਖਿਆ ਜਾ ਸਕਦਾ ਹੈ। ਸੁਰੱਖਿਆ ਕਾਰਨਾਂ ਕਰਕੇ ਸਥਾਨਕ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਵੱਲੋਂ ਸਕੂਲਾਂ ਅਤੇ ਕਾਲਜਾਂ ਨੂੰ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਮਾਂ ਵੀ ਵੱਖ-ਵੱਖ ਥਾਵਾਂ ’ਤੇ ਤਾਇਨਾਤ ਕੀਤੀਆਂ ਗਈਆਂ ਹਨ।

ਚੱਕਰਵਾਤ ਕਾਰਨ ਉਡਾਣਾਂ ਪ੍ਰਭਾਵਿਤ

ਫੇਂਗਲ ਚੱਕਰਵਾਤ ਕਾਰਨ ਇੱਥੇ ਉਡਾਣਾਂ ਵੀ ਪ੍ਰਭਾਵਿਤ ਹੋਈਆਂ ਹਨ। ਹਾਲਾਂਕਿ ਚੇਨਈ ਮੈਟਰੋ ਰੇਲ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਉਸ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸਮੁੰਦਰ 'ਚ ਵਧਦੀਆਂ ਤੇਜ਼ ਲਹਿਰਾਂ ਕਾਰਨ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ। ਤਾਮਿਲਨਾਡੂ ਦੇ ਕਈ ਇਲਾਕਿਆਂ 'ਚ ਅਜੇ ਵੀ ਭਾਰੀ ਬਾਰਿਸ਼ ਹੋ ਰਹੀ ਹੈ। ਸੜਕਾਂ 'ਤੇ ਵਾਹਨ ਪਾਣੀ 'ਚ ਡੁੱਬਦੇ ਨਜ਼ਰ ਆ ਰਹੇ ਹਨ। ਚੱਕਰਵਾਤੀ ਤੂਫਾਨ ਦੇ ਪ੍ਰਭਾਵ ਦੇ ਮੱਦੇਨਜ਼ਰ ਚੇਨਈ ਹਵਾਈ ਅੱਡੇ ਤੋਂ 13 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਸਮੁੰਦਰ 'ਚ ਤੇਜ਼ ਲਹਿਰਾਂ ਕਾਰਨ ਮਰੀਨਾ ਅਤੇ ਮਮੱਲਾਪੁਰਮ ਸਮੇਤ ਕੁਝ ਹੋਰ ਬੀਚਾਂ ਤੱਕ ਪਹੁੰਚ ਨੂੰ ਰੋਕਣ ਲਈ ਵੀ ਪ੍ਰਬੰਧ ਕੀਤੇ ਗਏ ਹਨ। ਇੱਥੇ ਮੁੱਢਲੀਆਂ ਲੋੜਾਂ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦਾ ਬਿਜਲੀ ਕੱਟ ਨਹੀਂ ਹੈ।

ਪੰਜਾਬ ਦਾ ਮੌਸਮ

ਪੂਰਬੀ ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਕਈ ਥਾਵਾਂ ਉਤੇ ਬਾਰਸ਼ ਵੀ ਹੋ ਸਕਦੀ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ ਹਫ਼ਤੇ ਦੇ ਅੰਤ ਵਿਚ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਸਿਲਸਿਲੇ ਵਿੱਚ ਪੰਜਾਬ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਗੁਆਂਢੀ ਸੂਬਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਇਸ ਦਾ ਅਸਰ ਪੰਜਾਬ ਦੇ ਮੌਸਮ ਵਿਚ ਵੀ ਦੇਖਣ ਨੂੰ ਮਿਲੇਗਾ।

 

 

 



 


author

DILSHER

Content Editor

Related News