ਡਰਾਈਵਰ ਦੀ ਲਾਪ੍ਰਵਾਹੀ ਨਾਲ ਪੌਣਾ ਘੰਟਾ ਸਕੂਲ ਬੱਸ ’ਚ ਬੰਦ ਰਹੀ ਨਰਸਰੀ ਦੀ ਵਿਦਿਆਰਥਣ

07/20/2018 5:27:52 AM

ਲੁਧਿਆਣਾ, (ਵਿੱਕੀ)- ਸਕੂਲੀ ਬੱਸਾਂ ’ਤੇ ਪ੍ਰਸ਼ਾਸਨ ਦਾ ਸ਼ਿਕੰਜਾ ਢਿੱਲਾ ਹੁੰਦੇ ਹੀ ਫਿਰ ਤੋਂ ਲਾਪ੍ਰਵਾਹੀਆਂ ਸਾਹਮਣੇ ਆਉਣ ਲੱਗੀਆਂ ਹਨ।  ਇਸ ਸਬੰਧੀ ਇਕ ਕੇਸ ਸੈਕਰਡ ਹਾਰਟ ਸਕੂਲ ਬੀ. ਆਰ. ਐੱਸ. ਨਗਰ ਲਈ ਚੱਲਣ ਵਾਲੀ ਸਕੂਲ ਬੱਸ ਦੇ ਡਰਾਈਵਰ ਦੀ ਲਾਪ੍ਰਵਾਹੀ ਦਾ ਸਾਹਮਣੇ ਅਾਇਆ  ਹੈ। ਨਰਸਰੀ ਕਲਾਸ ਦੀ ਬੱਚੀ ਕਰੀਬ ਪੌਣੇ ਘੰਟੇ ਤੱਕ ਬੱਸ ’ਚ ਬੰਦ ਰਹੀ ਅਤੇ ਡਰਾਈਵਰ ਬੱਸ ਨੂੰ ਲਾਕ ਲਾ ਕੇ ਕਿਤੇ ਚਲਾ ਗਿਆ। ਇਹ ਤਾਂ ਸ਼ੁਕਰ ਹੈ ਕਿ ਬੱਸ ਦੇ ਕੋਲੋਂ ਗੁਜ਼ਰ ਰਹੇ ਥਾਣਾ ਡਵੀਜ਼ਨ ਨੰ. 2 ਦੇ ਮੁਖੀ ਗੁਰਵਿੰਦਰ ਸਿੰਘ ਦੇ ਗੰਨਮੈਨ ਕਾਂਸਟੇਬਲ ਗੁਰਪ੍ਰੀਤ ਸਿੰਘ ਨੇ ਅਚਾਨਕ ਬੱਚੀ ਨੂੰ  ਬੱਸ ਵਿਚ ਰੋਂਦੇ ਦੇਖਿਆ ਅਤੇ ਬਡ਼ੀ ਸੂਝ-ਬੂਝ ਨਾਲ ਉਸ ਨੂੰ ਬੰਦ ਬੱਸ ਦੀ ਇਕ ਖਿਡ਼ਕੀ ਦਾ ਸ਼ੀਸ਼ਾ ਖੁੱਲ੍ਹਵਾ ਕੇ ਬਾਹਰ ਕੱਢਿਆ।
 ਉੱਧਰ, ਬੱਚੀ ਨੂੰ ਸਮੇਂ ਸਿਰ ਘਰ ਨਾ ਪੁੱਜਦਾ ਦੇਖ ਕੇ ਮਾਤਾ-ਪਿਤਾ ਵੀ ਘਬਰਾ ਗਏ,  ਜਿਨ੍ਹਾਂ ਨੇ ਬੱਚੀ ਦੀ ਭਾਲ ਲਈ ਉਸ ਨੂੰ ਲੱਭਣ ਦੇ ਯਤਨ ਸ਼ੁਰੂ ਕਰ ਦਿੱਤੇ ਸਨ। ਬੱਸ ਡਰਾਈਵਰ ਦੀ ਇਸ ਲਾਪ੍ਰਵਾਹੀ ਦੀ ਸ਼ਿਕਾਇਤ ਵਿਦਿਆਰਥਣ ਦੇ ਮਾਤਾ-ਪਿਤਾ ਨੇ ਪੁਲਸ ਥਾਣਾ ਡਵੀਜ਼ਨ ਨੰ. 2 ਵਿਚ ਦੇ ਦਿੱਤੀ ਹੈ। ਪੇਰੈਂਟਸ ਦੇ ਮੁਤਾਬਕ ਬੱਚੀ ਪਹਿਲਾਂ ਘਬਰਾਈ ਹੋਈ ਸੀ ਪਰ ਸ਼ਾਮ ਨੂੰ ਆਮ ਵਾਂਗ ਹੋ ਗਈ।
   ਬੱਸਾਂ ਦੇ ਨਾਲ ਸਕੂਲ ਦਾ ਕੋਈ ਲੈਣਾ-ਦੇਣਾ ਨਹੀਂ, ਕਿਉਂਕਿ ਇਹ ਨਿੱਜੀ ਬੱਸਾਂ ਹਨ, ਜੋ ਪੇਰੈਂਟਸ ਨੇ ਆਪ ਲਗਵਾਈਆਂ ਹਨ। ਨਾਲ ਹੀ ਉਕਤ ਕੇਸ ਸਬੰਧੀ ਵੀ ਹੁਣ ਤੱਕ ਮੇਰੇ ਕੋਲ ਕੋਈ ਸ਼ਿਕਾਇਤ ਵੀ ਨਹੀਂ ਆਈ ਹੈ।  ਮਾਪੇ ਜੇਕਰ ਸਕੂਲ ਵਿਚ ਇਸ ਸਬੰਧੀ ਗੱਲ ਕਰਨਗੇ ਤਾਂ ਦੇਖਾਂਗੇ ਕੀ ਕਰਨਾ ਹੈ।
 -ਫਾਦਰ ਜਾਨ, ਡਾਇਰੈਕਟਰ ਸੈਕਰਡ ਹਾਰਟ ਸਕੂਲ, ਬੀ. ਆਰ. ਐੱਸ. ਨਗਰ।
 ਵਿਦਿਆਰਥੀਆਂ ਨੂੰ ਲਿਆਉਣ ਅਤੇ ਲੈ ਜਾਣ ਵਾਲੀਆਂ ਸਾਰੀਆਂ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੇ ਅਧੀਨ ਹਨ। ਇਸ ਲਈ ਬੱਸ ਬੇਸ਼ੱਕ ਕੰਟ੍ਰੈਕਟ ’ਤੇ ਹੋਵੇ ਪਰ ਸਕੂਲ ਵੀ ਇਸ ਦੇ ਲਈ ਪੁੂਰੀ ਤਰ੍ਹਾਂ ਜਵਾਬਦੇਹ ਹੈ, ਕਿਉਂਕਿ ਬੱਸ ਵਿਚ ਸਕੂਲ ਦੇ ਬੱਚੇ ਸਫਰ ਕਰ ਰਹੇ ਹਨ। ਉਕਤ ਕੇਸ ਵਿਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਆਉਣ ’ਤੇ ਜਵਾਬ ਮੰਗਿਆ ਜਾਵੇਗਾ।
 -ਸੁਕੇਸ਼ ਕਾਲੀਆ, ਚੇਅਰਮੈਨ ਪ੍ਰੋਟੈਕਸ਼ਨ ਆਫ ਚਾਈਲਡ ਰਾਈਟ ਕਮਿਸ਼ਨ, ਪੰਜਾਬ


Related News