ਸਕੂਲ ਬੱਸ ਦੀ ਲਪੇਟ ’ਚ ਆਉਣ ਕਾਰਨ ਜ਼ਖਮੀ ਮੋਟਰ ਸਾਈਕਲ ਚਾਲਕ ਦੀ ਮੌਤ
Thursday, Sep 10, 2026 - 04:24 PM (IST)
ਮੋਗਾ (ਆਜ਼ਾਦ) : ਥਾਣਾ ਧਰਮਕੋਟ ਅਧੀਨ ਪੈਂਦੇ ਪਿੰਡ ਚੱਕ ਕੰਨੀਆਂ ਕਲਾਂ ਕੋਲ ਸਕੂਲ ਦੀ ਇਕ ਮਿੰਨੀ ਬੱਸ ਦੀ ਲਪੇਟ ਵਿਚ ਆਉਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਅਮਰਜੀਤ ਸਿੰਘ ਉਰਫ ਅੱਬੂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਬੱਸ ਚਾਲਕ ਲਵਪ੍ਰੀਤ ਸਿੰਘ ਅਤੇ ਸਕੂਲ ਦੇ ਚੇਅਰਮੈਨ ਬਲਜੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਪ੍ਰੀਤ ਸਿੰਘ ਨਿਵਾਸੀ ਪਿੰਡ ਬਾਗੀਆਂ ਨੇ ਦੱਸਿਆ ਕਿ ਉਸ ਦਾ ਭਰਾ ਅਮਰਜੀਤ ਸਿੰਘ ਉਰਫ ਅੱਬੂ ਅਪਣੇ ਮੋਟਰਸਾਈਕਲ ’ਤੇ ਬੀਤੀ 8 ਸਤੰਬਰ ਨੂੰ ਆਪਣੇ ਕੰਮਕਾਰ ਲਈ ਪਿੰਡ ਚੱਕ ਕੰਨੀਆਂ ਕਲਾਂ ਵੱਲ ਆ ਰਿਹਾ ਸੀ।
ਇਸ ਦੌਰਾਨ ਸਾਹਮਣੇ ਤੋਂ ਇਕ ਸਕੂਲ ਦੀ ਮਿੰਨੀ ਬੱਸ ਜੋ ਬਿਨਾਂ ਨੰਬਰੀ ਸੀ, ਦੇ ਚਾਲਕ ਲਵਪ੍ਰੀਤ ਸਿੰਘ ਨੇ ਤੇਜ਼ ਅਤੇ ਲਾਪ੍ਰਵਾਹੀ ਨਾਲ ਚਲਾਉਂਦਿਆਂ ਉਸਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ, ਇਸ ਹਾਦਸੇ ਵਿਚ ਮੇਰਾ ਭਰਾ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ, ਜਿਸ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਜਾਵੇਗਾ, ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ ਅਤੇ ਉਹ ਹਾਦਸੇ ਦੀ ਜਾਂਚ ਕਰ ਰਹੇ ਹਨ।
