ਬਜ਼ੁਰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਨਕਦੀ ਖੋਹਣ ਵਾਲੇ 2 ਕਾਬੂ

Sunday, Sep 27, 2026 - 10:26 AM (IST)

ਬਜ਼ੁਰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਨਕਦੀ ਖੋਹਣ ਵਾਲੇ 2 ਕਾਬੂ

ਮੋਗਾ (ਆਜ਼ਾਦ) : ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਥਾਣਾ ਬਾਘਾਪੁਰਾਣਾ ਦੀ ਪੁਲਸ ਨੇ ਬਜ਼ੁਰਗ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਕੋਲੋਂ ਮੋਬਾਇਲ ਫੋਨ ਅਤੇ ਨਕਦੀ ਖੋਹਣ ਵਾਲੇ 2 ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਪਿੰਡ ਪੰਜਗਰਾਈਂ ਖੁਰਦ ਸ਼ੁੱਕਰਵਾਰ ਦੇਰ ਸ਼ਾਮ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਿੰਡ ਰਾਜੇਆਣਾ ਜਾ ਰਿਹਾ ਸੀ। ਜਦੋਂ ਉਹ ਸੇਮਨਾਲੇ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਮੋਟਰਸਾਈਕਲ ’ਤੇ ਆ ਰਹੇ 2 ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਘੇਰ ਲਿਆ। ਉਨ੍ਹਾਂ ਨੇ ਤੇਜ਼ਧਾਰ ਹਥਿਆਰ ਨਾਲ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਕੋਲੋਂ ਮੋਬਾਇਲ ਫੋਨ ਅਤੇ ਇਕ ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਫਰਾਰ ਹੋ ਗਏ।

ਬਜ਼ੁਰਗ ਵੱਲੋਂ ਰੌਲਾ ਪਾਉਣ ’ਤੇ ਵੀ ਲੁਟੇਰੇ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਏ। ਉਪਰੰਤ ਉਸ ਨੇ ਇਸ ਦੀ ਜਾਣਕਾਰੀ ਬਾਘਾਪੁਰਾਣਾ ਪੁਲਸ ਨੂੰ ਦਿੱਤੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਥਾਣੇਦਾਰ ਬੂਟਾ ਸਿੰਘ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਦੋਵਾਂ ਕਥਿਤ ਲੁਟੇਰਿਆਂ ਗੁਰਬਿੰਦਰ ਸਿੰਘ ਉਰਫ਼ ਬਿੱਟੂ ਅਤੇ ਜਗਮੋਹਨ ਸਿੰਘ ਦੋਵੇਂ ਵਾਸੀ ਪਿੰਡ ਘੋਲੀਆ ਖੁਰਦ ਨੂੰ ਵਾਰਦਾਤ ਸਮੇਂ ਵਰਤੇ ਗਏ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਇਸ ਸਬੰਧੀ ਥਾਣਾ ਬਾਘਾਪੁਰਾਣਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਬੂਟਾ ਸਿੰਘ ਨੇ ਦੱਸਿਆ ਕਿ ਦੋਵਾਂ ਕਥਿਤ ਲੁਟੇਰਿਆਂ ਕੋਲੋਂ ਖੋਹਿਆ ਗਿਆ ਮੋਬਾਇਲ ਫੋਨ ਅਤੇ 200 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਦੋਵਾਂ ਨੂੰ ਪੁੱਛਗਿੱਛ ਉਪਰੰਤ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਦਾ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਮੁਲਜ਼ਮਾਂ ਤੋਂ ਹੋਰ ਵੀ ਵਾਰਦਾਤਾਂ ਸਬੰਧੀ ਸੁਰਾਗ ਮਿਲਣ ਦੀ ਸੰਭਾਵਨਾ ਹੈ।
 


author

Babita

Content Editor

Related News