ਸਕੂਲਾਂ ਨੂੰ ਸੇਫ ਵਾਹਨ ਪਾਲਿਸੀ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ
Friday, Feb 28, 2020 - 12:46 AM (IST)
ਭਵਾਨੀਗੜ੍ਹ,(ਵਿਕਾਸ) : ਸਕੂਲੀ ਬੱਸ ਹਾਦਸਿਆਂ ਨੂੰ ਰੋਕਣ ਅਤੇ ਸੇਫ਼ ਵਾਹਨ ਸਕੂਲ ਪਾਲਿਸੀ ਨੂੰ ਲਾਗੂ ਕਰਵਾਉਣ ਸਬੰਧੀ ਐਸ. ਡੀ. ਐਮ. ਭਵਾਨੀਗੜ ਡਾ. ਅੰਕੁਰ ਮਹਿੰਦਰੂ ਵੱਲੋਂ ਇਲਾਕੇ ਦੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਐਸ. ਡੀ. ਐਮ. ਅੰਕੁਰ ਮਹਿੰਦਰੂ ਨੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਲੈ ਕੇ ਜਾਣ-ਆਉਣ ਲਈ ਵਰਤੋਂ 'ਚ ਲਿਆਂਦੇ ਜਾ ਰਹੇ ਵਾਹਨਾਂ ਨੂੰ ਸੇਫ਼ ਵਾਹਨ ਸਕੂਲ ਪਾਲਿਸੀ ਤਹਿਤ ਨਿਯਮਾਂ ਦੀ ਪਾਲਣਾ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਸਕੂਲੀ ਵਾਹਨ 15 ਸਾਲ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ, ਵਾਹਨ ਵਿਚ ਅੱਗ ਬੁਝਾਊ ਯੰਤਰ ਅਤੇ ਫ਼ਸਟ ਏਡ ਬਾਕਸ ਹੋਣਾ ਜ਼ਰੂਰੀ ਹੈ, ਨਾਲ ਹੀ ਵਾਹਨ 'ਚ ਸੀਟ ਕਪੈਸਟੀ ਤੋਂ ਜ਼ਿਆਦਾ ਬੱਚੇ ਨਾ ਬਿਠਾਏ ਜਾਣ, ਸਕੂਲ ਬੱਸ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ ਅਤੇ ਸਾਈਡਾਂ ਵਾਲੇ ਸ਼ੀਸ਼ਿਆਂ 'ਤੇ ਗਰਿਲਾਂ ਲੱਗੀਆ ਹੋਣੀਆ ਜਰੂਰੀ ਹਨ। ਬੱਸ ਡਰਾਇਵਰ ਕੋਲ 5 ਸਾਲ ਦਾ ਹੈਵੀ ਡਰਾਇਵਿੰਗ ਲਾਈਸੰਸ ਹੋਣ ਦੇ ਨਾਲ ਚਾਲਕ ਕੋਈ ਵੀ ਨਸ਼ੇ ਦਾ ਸੇਵਨ ਕਰਕੇ ਵਾਹਨ ਨਹੀਂ ਚਲਾਉਣਾ, ਮੋਬਾਇਲ ਫੋਨ ਦੀ ਵਰਤੋਂ ਨਾ ਕਰਨਾ, ਵਾਹਨ ਦੀ ਐਮਰਜੈਂਸੀ ਵਾਲੀ ਤਾਕੀ ਜਾਮ ਨਾ ਹੋਵੇ, ਵਾਹਨ ਵਿੱਚ ਕਲੋਜ ਸਰਕਟ ਕੈਮਰੇ ਲੱਗੇ ਹੋਣ, ਲੜਕੀਆਂ ਵਾਲੇ ਵਾਹਨ ਵਿੱਚ ਲੇਡੀਜ ਹੈਲਪਰ ਹੋਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਦਾਇਤਾਂ ਨੂੰ ਗੰਭੀਰਤਾ ਨਾਲ ਲਾਗੂ ਨਾ ਕਰਨ ਵਾਲੇ ਸਕੂਲਾਂ ਖਿਲਾਫ਼ ਪ੍ਰਸ਼ਾਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਕੂਲ ਵਾਹਨਾਂ ਦੀ ਚੈਕਿੰਗ ਲਈ ਪ੍ਰਸਾਸ਼ਨ ਵਲੋਂ ਵਿਸ਼ੇਸ਼ ਕਦਮ ਚੁੱਕੇ ਜਾ ਰਹੇ ਹਨ। ਇਸ ਮੌਕੇ ਹਾਜ਼ਰ ਸਕੂਲ ਪ੍ਰਬੰਧਕਾਂ ਨੇ ਵੀ ਆਪਣੀਆ ਸਮੱਸਿਆਵਾਂ ਐਸ.ਡੀ.ਐਮ. ਨਾਲ ਸਾਂਝੀਆ ਕੀਤੀਆਂ।