ਅਧਿਆਪਕ ਦੀ ਮਿਹਨਤ ਰੰਗ ਲਿਆਈ, ਸਕੂਲ ਦੀ ਇਮਾਰਤ ਟੁੱਟਣੋਂ ਬਚਾਈ
Wednesday, Mar 13, 2019 - 02:10 PM (IST)

ਲੁਧਿਆਣਾ : ਇਕ ਅਧਿਆਪਕ ਵਲੋਂ ਕੀਤੇ ਗਏ ਸੰਘਰਸ਼ ਦਾ ਨਤੀਜਾ ਇੰਨਾ ਸੁਖਦ ਨਿਕਲਿਆ ਕਿ ਪੂਰੇ ਸੂਬੇ ਲਈ ਮਾਡਲ ਬਣੇ ਸਮਾਰਟ ਸਕੂਲ ਸਰਕਾਰੀ ਪ੍ਰਾਈਮਰੀ ਸਕੂਲ ਘੁਲਾਲ ਨੂੰ ਨਵੀਂ ਜ਼ਿੰਦਗੀ ਮਿਲ ਗਈ। ਜਾਣਕਾਰੀ ਮੁਤਾਬਕ ਸਰਕਾਰੀ ਪ੍ਰਾਈਮਰੀ ਸਕੂਲ ਘੁਲਾਲ ਦੀ ਇਮਾਰਤ ਲੁਧਿਆਣਾ-ਚੰਡੀਗੜ੍ਹ ਹਾਈਵੇਅ ਨੇੜੇ ਹੈ। ਸਕੂਲ ਨੇੜੇ ਟੋਲ ਪਲਾਜ਼ਾ ਬਣਾਇਆ ਜਾਣਾ ਸੀ। ਦੋਹਾਂ ਪਾਸਿਓਂ ਥਾਂ ਦੀ ਲੋੜ ਸੀ। ਨੈਸ਼ਨਲ ਹਾਈਵੇਅ ਅਥਾਰਟੀ ਨੇ ਸਕੂਲ ਦੀ ਜ਼ਮੀਨ ਨੂੰ ਐਕੂਆਇਰ ਕਰ ਲਿਆ ਸੀ। ਸਕੂਲ ਦੀ ਇਮਾਰਤ ਤੋੜਨ ਲਈ ਅਥਾਰਟੀ ਦੇ ਅਧਿਕਾਰੀ ਪੁੱਜ ਵੀ ਗਏ ਸਨ ਪਰ ਆਪਣੇ ਹੱਥਾਂ ਨਾਲ ਸਕੂਲ ਨੂੰ ਸਮਾਰਟ ਬਣਾਉਣ ਵਾਲੇ ਅਧਿਆਪਕ ਸੰਜੀਵ ਕੁਮਾਰ ਨੇ ਹਿੰਮਤ ਨਹੀਂ ਹਾਰੀ। ਉਹ ਸਕੂਲ ਨੂੰ ਬਚਾਉਣ ਲਈ ਸੰਘਰਸ਼ ਕਰਨ ਲੱਗਾ। ਬਲਾਕ ਪ੍ਰਾਈਮਰੀ ਸਿੱਖਿਆ ਅਧਿਕਾਰੀ ਤੋਂ ਲੈ ਕੇ ਸਕੱਤਰ ਐਜੂਕੇਸ਼ਨ ਅਤੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਤੱਕ ਉਸ ਨੇ ਸ਼ਿਕਾਇਤ ਕੀਤੀ। ਉਸ ਦਾ ਸੰਘਰਸ਼ ਰੰਗ ਲਿਆਇਆ ਅਤੇ ਅਥਾਰਟੀ ਟੋਲ ਪਲਾਜ਼ਾ ਦੀ ਥਾਂ 'ਚ ਬਦਲਾਅ ਕਰਨ ਲਈ ਮਜ਼ਬੂਰ ਹੋ ਗਈ।
ਸਭ ਦੇ ਸਹਿਯੋਗ ਨਾਲ ਬਣਾਇਆ ਸੀ ਸਕੂਲ
ਅਧਿਆਪਕ ਸੰਜੀਵ ਕੁਮਾਰ 2007 'ਚ ਇਸ ਸਕੂਲ ਨੂੰ ਸਮਾਰਟ ਬਣਉਣ 'ਚ ਜੁੱਟ ਗਏ ਸਨ। ਸਾਲ 2014 'ਚ ਉਨ੍ਹਾਂ ਨੇ ਪੂਰੇ ਸਕੂਲ ਨੂੰ ਸਮਾਰਟ ਬਣਾ ਦਿੱਤਾ ਸੀ। ਪਿੰਡ ਦੇ ਲੋਕਾਂ ਨੇ ਵੀ ਸਕੂਲ ਨੂੰ ਸੁਆਰਨ 'ਚ ਉਨ੍ਹਾਂ ਦੀ ਮਦਦ ਕੀਤੀ। ਸਾਲ 2018 'ਚ ਅਚਾਨਕ ਸਕੂਲ ਤੋੜਨ ਦਾ ਨੋਟਿਸ ਮਿਲਿਆ ਤਾਂ ਉਹ ਘਬਰਾ ਗਏ ਪਰ ਸੰਜੀਵ ਕੁਮਾਰ ਨੇ ਸੰਘਰਸ਼ ਕਰਕੇ ਸਕੂਲ ਦੀ ਇਮਾਰਤ ਨੂੰ ਟੁੱਟਣ ਤੋਂ ਬਚਾ ਲਿਆ। ਅਖੀਰ 'ਚ ਨੈਸ਼ਨਲ ਹਾਈਵੇਅ ਅਥਾਰਟੀ ਨੇ ਟੋਲ ਪਲਾਜ਼ਾ ਦੀ ਥਾਂ ਸਕੂਲ ਤੋਂ ਕਰੀਬ 500 ਮੀਟਰ ਅੱਗੇ ਸ਼ਿਫਟ ਕਰਨ ਦਾ ਫੈਸਲਾ ਕੀਤਾ।