ਘੱਟ ਗਿਣਤੀ ਵਰਗ ਲਈ ''ਵਜ਼ੀਫਾ ਸਕੀਮ'' ਦੀਆਂ ਤਾਰੀਖ਼ਾਂ ''ਚ ਵਾਧਾ

12/04/2020 5:21:37 PM

ਪਟਿਆਲਾ (ਜੋਸਨ) : ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਘੱਟ ਗਿਣਤੀ ਮੰਤਰਾਲੇ ਨਵੀਂ ਦਿੱਲੀ ਵੱਲੋਂ ਘੱਟ ਗਿਣਤੀ ਵਰਗ ਲਈ ਸਾਲ 2020-21 ਦੌਰਾਨ ਜੋ ਵਿਦਿਆਰਥੀ ਅਪਲਾਈ ਕਰਨ ਤੋਂ ਰਹਿ ਗਏ ਹਨ, ਉਨ੍ਹਾਂ ਲਈ ਨੈਸ਼ਨਲ ਸਕਾਲਰਸ਼ਿਪ ਪੋਰਟਲ 'ਤੇ ਪ੍ਰੀ-ਮੈਟ੍ਰਿਕ ਸਕਾਲਰਸ਼ਿਪ, ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਮੈਰਿਟ-ਕਮ-ਮੀਨਜ਼ ਬੇਸਡ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਵੱਲੋਂ ਦਰਖ਼ਾਸਤਾਂ (ਨਵੀਆਂ ਅਤੇ ਨਵਿਆਉਣ ਲਈ) ਦਰਜ ਕਰਨ ਦੀ ਆਖ਼ਰੀ ਮਿਤੀ 30 ਨਵੰਬਰ ਤੋਂ ਵਧਾ ਕੇ 31 ਦਸੰਬਰ ਕਰ ਦਿੱਤੀ ਗਈ ਹੈ।

ਉਨ੍ਹਾਂ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਸਮੇਂ 6 ਵਰਗ (ਸਿੱਖ, ਮੁਸਲਿਮ, ਬੋਧੀ, ਜੈਨੀ, ਕ੍ਰਿਸਚਨ ਅਤੇ ਪਾਰਸੀ) ਘੱਟ ਗਿਣਤੀ ਘੋਸ਼ਿਤ ਕੀਤੀ ਹੋਏ ਹਨ ਅਤੇ ਇਨ੍ਹਾਂ ਧਰਮਾਂ ਦੇ ਨਾਲ ਸਬੰਧਿਤ ਲੋਕ ਇਸ ਵਜ਼ੀਫਾ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰੀ-ਮੈਟ੍ਰਿਕ ਵਜ਼ੀਫਾ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਦੇ ਪਰਿਵਾਰ ਦੀ ਸਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ, ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਦੇ ਪਰਿਵਾਰ ਦੀ ਸਲਾਨਾ ਆਮਦਨ ਦੋ ਲੱਖ ਰੁਪਏ ਤੋਂ ਘੱਟ ਅਤੇ ਮੈਰਿਟ-ਕਮ-ਮੀਨਜ਼ ਬੇਸਡ ਵਜ਼ੀਫਾ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਦੇ ਪਰਿਵਾਰ ਦੀ ਸਲਾਨਾ ਆਮਦਨ ਦੋ ਲੱਖ ਪੰਜਾਹ ਹਜ਼ਾਰ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਕੋਵਿਡ-19 ਕਾਰਨ ਭਾਰਤ ਸਰਕਾਰ ਵੱਲੋਂ ਇਸ ਵਾਰ ਵਜ਼ੀਫਾ ਸਕੀਮ ਨਵਿਆਉਣ ਵਾਲੇ ਵਿਦਿਆਰਥੀਆਂ ਨੂੰ ਪਿਛਲੀ ਕਲਾਸ 'ਤੋਂ 50 ਫ਼ੀਸਦੀ ਅੰਕ ਪ੍ਰਾਪਤ ਕਰਨ ਦੀ ਸ਼ਰਤ 'ਚ ਰਾਹਤ ਦਿੱਤੀ ਗਈ ਹੈ, ਪਿਛਲੀ ਕਲਾਸ 'ਚੋਂ ਪਾਸ ਵਿਦਿਆਰਥੀ ਵੀ ਇਸ ਸਕੀਮ ਦਾ ਲਾਭ ਲੈਣ ਦੇ ਯੋਗ ਹਨ।
 
 


Babita

Content Editor

Related News