ਬਠਿੰਡਾ ਦੇ ਡਾਕਟਰ ਵੀ ਬੋਲੇ, ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਹੀ ਦਿੱਤੀ ਜਾਵੇ

Thursday, Mar 22, 2018 - 10:12 AM (IST)

ਬਠਿੰਡਾ (ਜ.ਬ)-12 ਸਾਲ ਜਾਂ ਇਸ ਤੋਂ ਵੀ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਹੀ ਹੋਵੇ, ਬਾਰੇ ਜਨ-ਸਮੂਹ ਦੀ ਰਾਇ ਅਦਾਲਤ ਤੇ ਸਰਕਾਰ ਤੱਕ ਪਹੁੰਚਾਉਣ ਲਈ 'ਜਗ ਬਾਣੀ' ਨੇ ਇਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਬਠਿੰਡਾ ਦੇ ਡਾਕਟਰਾਂ ਨੇ ਵੀ ਦੋਸ਼ੀਆਂ ਨੂੰ ਫਾਂਸੀ ਹੀ ਦਿੱਤੇ ਜਾਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। 
ਜ਼ਿਕਰਯੋਗ ਹੈ ਕਿ ਪੰਜਾਬ 'ਚ ਹਰੇਕ ਸਾਲ ਅਜਿਹੀਆਂ ਸੈਂਕੜੇ ਵਾਰਦਾਤਾਂ ਹੁੰਦੀਆਂ ਹਨ, ਜਿਨ੍ਹਾਂ 'ਚ ਮਾਸੂਮ ਬੱਚੀਆਂ ਨਾਲ ਜਬਰ-ਜ਼ਨਾਹ ਹੁੰਦਾ ਹੈ। ਬਹੁਤ ਘੱਟ ਮਾਮਲੇ ਹਨ ਜੋ ਪੁਲਸ ਤੱਕ ਪਹੁੰਚਦੇ ਹਨ, ਜਦਕਿ ਅਨੇਕਾਂ ਮਾਮਲੇ ਲੋਕ ਬਦਨਾਮੀ ਦੇ ਡਰੋਂ ਚੁੱਪ ਰਹਿਣ 'ਚ ਬਿਹਤਰੀ ਸਮਝਦੇ ਹਨ। ਸਿੱਟੇ ਵਜੋਂ ਦੋਸ਼ੀਆਂ ਦੇ ਹੌਸਲੇ ਹੋਰ ਬੁਲੰਦ ਹੋ ਜਾਂਦੇ ਹਨ ਤੇ ਉਹ ਜੁਰਮ ਕਰਨ ਨੂੰ ਆਪਣਾ ਹੱਕ ਸਮਝ ਲੈਂਦੇ ਹਨ। ਹੋਰ ਤਾਂ ਹੋਰ ਪੁਲਸ ਤੱਕ ਪਹੁੰਚਣ ਵਾਲੇ ਮਾਮਲਿਆਂ 'ਚੋਂ ਵੀ ਬਹੁਤ ਘੱਟ ਮਾਮਲੇ ਅੰਜਾਮ ਤੱਕ ਪਹੁੰਚ ਰਹੇ ਹਨ। ਕੁਝ ਮਾਮਲਿਆਂ 'ਚ ਪੈਰਵਾਈ ਨਹੀਂ ਹੁੰਦੀ ਤੇ ਕੁਝ ਸਬੂਤਾਂ ਦੀ ਘਾਟ ਕਾਰਨ ਅੱਧਵਾਟੇ ਹੀ ਦਮ ਤੋੜ ਜਾਂਦੇ ਹਨ। ਪਰ ਜੇਕਰ ਇਨ੍ਹਾਂ ਮਾਮਲਿਆਂ 'ਚ ਸਖ਼ਤਾਈ ਕੀਤੀ ਜਾਵੇ ਤੇ ਆਮ ਲੋਕ ਜਾਗਰੂਕ ਹੋਣ ਤਾਂ ਜੁਰਮ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਇਸ ਮਾਮਲੇ 'ਚ ਹਰਿਆਣਾ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਪਹਿਲਾਂ ਹੀ ਕਾਨੂੰਨ ਪਾਸ ਕਰ ਚੁੱਕੀਆਂ ਹਨ ਕਿ ਅਜਿਹੇ ਦੋਸ਼ੀਆਂ ਨੂੰ ਮੌਤ ਦੀ ਹੀ ਸਜ਼ਾ ਦਿੱਤੀ ਜਾਵੇਗੀ ਤਾਂ ਕਿ ਇਸ ਤਰ੍ਹਾਂ ਦਾ ਜੁਰਮ ਖਤਮ ਹੋ ਸਕੇ।


Related News