ਇੰਪਰੂਵਮੈਂਟ ਟਰੱਸਟ ਤੋਂ ਬਾਅਦ ਨਗਰ ਨਿਗਮ ਅੰਮ੍ਰਿਤਸਰ ''ਚ ਘਪਲਾ

12/16/2017 7:00:02 AM

ਅੰਮ੍ਰਿਤਸਰ, (ਰਮਨ)- ਇੰਪਰੂਵਮੈਂਟ ਟਰੱਸਟ ਦੀ ਗੜਬੜੀ ਦਾ ਮਾਮਲਾ ਅਜੇ ਠੰਡਾ ਨਹੀਂ ਪਿਆ ਸੀ ਕਿ ਨਗਰ ਨਿਗਮ ਅੰਮ੍ਰਿਤਸਰ ਵਿਚ ਪੀ. ਐੱਫ. 'ਚ ਘਪਲੇ ਦਾ ਮਾਮਲਾ ਸਾਹਮਣੇ ਆ ਗਿਆ ਹੈ। ਘਪਲੇ ਵਿਚ ਸਿੱਧੇ ਸ਼ੱਕ ਦੀ ਸੂਈ ਇਕ ਮਹਿਲਾ ਕਲਰਕ 'ਤੇ ਹੈ। ਪਿਛਲੇ ਦਿਨੀਂ ਪੀ. ਐੱਫ. ਘਪਲੇ ਸਬੰਧੀ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਕੋਲ ਸ਼ਿਕਾਇਤ ਪਹੁੰਚੀ ਸੀ, ਜਿਸ ਵਿਚ ਉਨ੍ਹਾਂ ਵੱਲੋਂ ਤੁਰੰਤ ਜੁਆਇੰਟ ਕਮਿਸ਼ਨਰ ਸੌਰਭ ਅਰੋੜਾ ਨਾਲ 3 ਮੈਂਬਰ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਐੱਸ. ਈ. ਓ. ਐਂਡ ਐੱਮ. ਅਨੁਰਾਗ ਮਹਾਜਨ, ਡੀ. ਸੀ. ਐੱਫ. ਏ. ਮਨੂ ਸ਼ਰਮਾ ਤੇ ਅਸ਼ਵਨੀ ਭਗਤ ਹਨ।
ਕਰਮਚਾਰੀ ਪੈਸੇ-ਪੈਸੇ ਨੂੰ ਮੁਥਾਜ, ਘਪਲੇਬਾਜ਼ ਕਰਦੇ ਰਹੇ ਐਸ਼
ਨਿਗਮ ਕਰਮਚਾਰੀਆਂ ਨੂੰ ਪਿਛਲੇ ਸਮੇਂ ਤੋਂ ਨਾ ਤਾਂ ਸਮੇਂ 'ਤੇ ਤਨਖਾਹ ਮਿਲ ਰਹੀ ਸੀ, ਨਾ ਹੀ ਐੱਲ. ਆਈ. ਸੀ. ਦੀਆਂ ਕਿਸ਼ਤਾਂ ਤੇ ਨਾ ਹੀ ਪੀ. ਐੱਫ. ਦੀ ਰਾਸ਼ੀ ਖਾਤਿਆਂ ਵਿਚ ਜਮ੍ਹਾ ਹੋ ਰਹੀ ਸੀ ਪਰ ਇਕ ਕਲਰਕ ਵੱਲੋਂ ਕਰਮਚਾਰੀਆਂ ਦੇ ਪੀ. ਐੱਫ. ਦੀ 9 ਲੱਖ ਦੇ ਲਗਭਗ ਰਾਸ਼ੀ ਆਪਣੇ ਖਾਤੇ ਵਿਚ ਟਰਾਂਸਫਰ ਕਰ ਲਈ ਗਈ, ਜਿਸ ਦੀ ਭਿਣਕ ਜਦੋਂ ਨਿਗਮ ਕਰਮਚਾਰੀਆਂ ਨੂੰ ਲੱਗੀ ਤਾਂ ਗੱਲ ਸਾਰੇ ਨਿਗਮ ਵਿਚ ਫੈਲ ਗਈ, ਜਿਸ ਨਾਲ ਨਿਗਮ ਵਿਚ ਹੜਕੰਪ ਮਚ ਗਿਆ। ਨਿਗਮ ਕਰਮਚਾਰੀਆਂ ਨੇ ਕਿਹਾ ਕਿ ਉਕਤ ਕਲਰਕ ਨੇ ਇੰਪਰੂਵਮੈਂਟ ਟਰੱਸਟ ਵਿਚ ਹੋਏ ਘਪਲੇ ਦਾ ਪਰਦਾਫਾਸ਼ ਹੋਣ ਦਾ ਵੀ ਸਬਕ ਨਹੀਂ ਲਿਆ ਕਿ ਕੋਈ ਗੱਲ ਛੁਪ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਇਕ ਪਾਸੇ ਨਿਗਮ ਕਰਮਚਾਰੀ ਪੈਸੇ-ਪੈਸੇ ਲਈ ਮੁਥਾਜ ਹੋਏ ਬੈਠੇ ਸਨ ਅਤੇ ਰੋਜ਼ਾਨਾ ਰੋਸ ਪ੍ਰਦਰਸ਼ਨ ਕਰ ਰਹੇ ਸਨ ਅਤੇ ਇਹ ਕਰਮਚਾਰੀ ਘਪਲੇ ਦੇ ਪੈਸੇ ਨਾਲ ਐਸ਼ ਕਰ ਰਹੇ ਸਨ।
2 ਅਧਿਕਾਰੀਆਂ ਦੇ ਚੈੱਕ 'ਤੇ ਹੁੰਦੇ ਹਨ ਦਸਤਖਤ
ਸ਼ੁੱਕਰਵਾਰ ਨੂੰ ਨਿਗਮ ਦਫਤਰ ਵਿਚ ਜਦੋਂ ਸਾਰੀ ਗੱਲ ਫੈਲ ਗਈ ਤਾਂ ਕੋਈ ਅਧਿਕਾਰੀ ਸੀਟ 'ਤੇ ਨਹੀਂ ਮਿਲਿਆ, ਕਿਸੇ ਨੇ ਰੋਗ ਦਾ ਬਹਾਨਾ ਲਾਇਆ ਤਾਂ ਕਿਸੇ ਨੇ ਵਿਆਹ 'ਚ ਜਾਣ ਦਾ। ਸਾਰੇ ਅਧਿਕਾਰੀ ਕਰਮਚਾਰੀਆਂ ਦੀਆਂ ਨਜ਼ਰਾਂ ਤੋਂ ਬਚਦੇ ਨਜ਼ਰ ਆਏ। ਕਰਮਚਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਪੈਸੇ ਕਲਰਕ ਦੇ ਅਕਾਊਂਟ ਵਿਚ ਕਿਵੇਂ ਪੁੱਜੇ ਅਤੇ ਇਹ ਸਿਲਸਿਲਾ ਕਦੋਂ ਤੋਂ ਚੱਲ ਰਿਹਾ ਹੈ। ਕਿਸੇ ਵੀ ਤਨਖਾਹ ਦਾ ਚੈੱਕ ਹੋਵੇ ਜਾਂ ਕੋਈ ਹੋਰ ਚੈੱਕ, ਉਸ 'ਤੇ 2 ਦਸਤਖਤ ਹੁੰਦੇ ਹਨ, ਇਕ ਸਟਰੀਟ ਲਾਈਟ ਦੇ ਐੱਸ. ਈ. ਪ੍ਰਦੁਮਨ ਸਿੰਘ ਅਤੇ ਇਕ ਡੀ. ਸੀ. ਐੱਫ. ਏ. ਅਤੇ ਉਕਤ ਕਲਰਕ ਵੱਲੋਂ ਕਿਵੇਂ ਦੋਵਾਂ ਅਧਿਕਾਰੀਆਂ ਵੱਲੋਂ ਚੈੱਕ 'ਤੇ ਦਸਤਖਤ ਕਰਵਾਏ, ਇਹ ਜਾਂਚ ਦੇ ਬਾਅਦ ਆਉਣ ਵਾਲਾ ਸਮਾਂ ਹੀ ਦੱਸੇਗਾ।
ਮੰਤਰੀ ਸਿੱਧੂ ਦੇ ਵਿਭਾਗ 'ਚ ਇਕ ਹੋਰ ਗੜਬੜੀ
ਮੰਤਰੀ ਨਵਜੋਤ ਸਿੰਘ ਸਿੱਧੂ ਘੋਟਾਲੇ ਨੂੰ ਲੈ ਕੇ ਸਪੱਸ਼ਟ ਬੋਲਦੇ ਹਨ ਕਿ ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਜਦੋਂ ਤੋਂ ਕਾਂਗਰਸ ਸਰਕਾਰ ਬਣੀ ਹੈ ਉਦੋਂ ਤੋਂ ਉਨ੍ਹਾਂ ਦੇ ਵਿਭਾਗ ਵਿਚ ਪਹਿਲਾ ਘੋਟਾਲਾ ਇੰਪਰੂਵਮੈਂਟ ਟਰੱਸਟ 'ਚ ਤੇ ਦੂਜਾ ਨਿਗਮ ਵਿਚ ਕਲਰਕ ਵੱਲੋਂ ਪੀ. ਐੱਫ. ਦੇ ਪੈਸਿਆਂ ਨੂੰ ਆਪਣੇ ਖਾਤੇ ਵਿਚ ਟਰਾਂਸਫਰ ਕਰਨ ਦਾ ਹੋ ਗਿਆ। ਪਹਿਲਾਂ ਟਰੱਸਟ ਵਿਚ ਅਧਿਕਾਰੀ ਵੱਲੋਂ ਵੀ ਆਪਣੇ ਨਿੱਜੀ ਖਾਤਿਆਂ ਵਿਚ ਸਰਕਾਰੀ ਪੈਸੇ ਪਾਏ ਗਏ ਸਨ ਅਤੇ ਵੱਡੀ ਗੜਬੜੀ ਨਿਕਲੀ ਪਰ ਹੁਣ ਤਾਂ ਨਿਗਮ ਵਿਚ ਕਰਮਚਾਰੀਆਂ ਦੇ ਆਪਣੇ-ਆਪ ਦੇ ਪੈਸੇ ਹੀ ਇਕ ਕਰਮਚਾਰੀ ਨੇ ਆਪਣੇ ਨਿੱਜੀ ਅਕਾਊਂਟ ਵਿਚ ਪਾ ਲਏ।
ਭਖਦੇ ਸਵਾਲ
1. ਇਕ ਕਲਰਕ ਇਕੱਲੀ ਕਿਵੇਂ ਕਰ ਸਕਦੀ ਹੈ ਗੜਬੜੀ?
2. ਕਿਸੇ ਵੀ ਅਧਿਕਾਰੀ ਨੇ ਬਿਨਾਂ ਦੇਖੇ ਕਿਵੇਂ ਕੀਤੇ ਚੈੱਕ 'ਤੇ ਦਸਤਖਤ?
3. ਕੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਇਆ ਇਥੇ ਕੰਮ?
4. ਪੀ. ਐੱਫ. ਦੀ ਰਾਸ਼ੀ ਨਾਲ ਤਾਂ ਨਹੀਂ ਹੋਇਆ ਅਜਿਹਾ?
5. ਇਸ ਘਪਲੇ ਵਿਚ ਕੌਣ-ਕੌਣ ਹੋ ਸਕਦੇ ਹਨ ਸ਼ਾਮਿਲ?
ਇਸ ਤਰ੍ਹਾਂ ਆਇਆ ਮਾਮਲਾ ਪਕੜ 'ਚ
ਪਿਛਲੇ ਦਿਨੀਂ ਇਕ ਰਿਟਾਇਰਮੈਂਟ ਦਾ ਚੈੱਕ ਕੱਟਿਆ ਗਿਆ ਤਾਂ ਉਸ ਸਮੇਂ ਇਕ 9 ਲੱਖ ਦੀ ਐਂਟਰੀ ਰਜਿਸਟਰਡ 'ਤੇ ਦੇਖੀ ਗਈ, ਜਿਸ ਨਾਲ ਗੱਲਾਂ-ਗੱਲਾਂ 'ਚ ਅਕਾਊਂਟਸ ਡਿਪਾਰਟਮੈਂਟ ਵਿਚ ਪੁੱਛਿਆ ਗਿਆ ਕਿ ਇਹ 9 ਲੱਖ ਦੀ ਰਾਸ਼ੀ ਦਾ ਚੈੱਕ ਕਿਸ ਦਾ ਕੱਟਿਆ ਹੈ, ਉਸ ਸਮੇਂ ਜਿਸ ਕਲਰਕ ਦਾ ਨਾਂ ਲਿਖਿਆ ਸੀ ਉਹ ਕਲਰਕ ਦਫਤਰ ਵਿਚ ਮੌਜੂਦ ਨਹੀਂ ਸੀ, ਤਦ ਨਿਗਮ ਕਰਮਚਾਰੀ ਨੇ ਇਸ ਸਬੰਧੀ ਛਾਣਬੀਣ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਸਾਫ਼ ਹੋ ਗਿਆ ਕਿ 9 ਲੱਖ ਦੀ ਅਮਾਊਂਟ ਕਲਰਕ ਦੇ ਆਪਣੇ ਖਾਤੇ ਵਿਚ ਗਈ ਹੈ। ਇਸ ਗੱਲ ਨੂੰ ਅਕਾਊਂਟਸ ਵਿਭਾਗ ਨੇ ਕਾਫ਼ੀ ਦਬਾਉਣਾ ਚਾਹਿਆ ਪਰ ਪੀ. ਐੱਫ. ਦੀ ਰਕਮ ਕਰਮਚਾਰੀਆਂ ਦੀ ਸੀ, ਜਿਸ ਨਾਲ ਗੱਲ ਦੱਬ ਨਹੀਂ ਸਕੀ ਅਤੇ ਸਾਰੀ ਗੱਲ ਕਮਿਸ਼ਨਰ ਤੱਕ ਪਹੁੰਚ ਗਈ, ਜਿਸ ਨੂੰ ਲੈ ਕੇ ਕਮੇਟੀ ਗਠਿਤ ਹੋ ਗਈ ਅਤੇ ਅਗਲੇ ਸਮੇਂ ਵਿਚ ਤਹਿ ਦਰ ਤਹਿ ਖੁੱਲ੍ਹਣ ਵਾਲੀ ਹੈ ਕਿ ਕੀ ਇਕੱਲੀ ਮਹਿਲਾ ਕਲਰਕ ਨੇ ਹੀ ਇਹ ਸਭ ਕੁਝ ਕੀਤਾ ਹੈ ਅਤੇ ਕਦੋਂ ਤੋਂ ਅਜਿਹਾ ਚੱਲਦਾ ਆ ਰਿਹਾ ਹੈ ਜਾਂ ਹੋਰ ਵੀ ਕੋਈ ਅਧਿਕਾਰੀ ਇਸ ਵਿਚ ਮਿਲਿਆ ਹੋਇਆ ਹੈ।


Related News