ਕੂਡ਼ੇ ਦੀ ਲਿਫਟਿੰਗ ਦੇ ਨਾਂ ’ਤੇ ਹੋ ਰਿਹਾ ਸੀ ਘਪਲਾ

08/04/2018 4:00:01 AM

ਲੁਧਿਆਣਾ(ਹਿਤੇਸ਼)-ਮਹਾਨਗਰ ’ਚ ਕੂਡ਼ੇ ਦੀ ਲਿਫਟਿੰਗ ਦੇ ਨਾਂ ’ਤੇ ਹੋ ਰਿਹਾ ਇਕ ਹੋਰ ਘਪਲਾ ਸਾਹਮਣੇ ਆਇਆ ਹੈ, ਜਿਸ ਦੇ ਤਹਿਤ ਮੇਅਰ ਨੇ ਆਊਟਰ ਇਲਾਕੇ ’ਚੋਂ ਆ ਕੇ ਨਗਰ ਨਿਗਮ ਦੇ ਡੰਗ ’ਤੇ ਕੂਡ਼ਾ ਸੁੱਟ ਰਹੀਆਂ ਗੱਡੀਆਂ ਫਡ਼ ਲਈਆਂ ਹਨ, ਜਿਸ ਨਾਲ ਲਿਫਟਿੰਗ ਬੰਦ ਹੋਣ ਦੇ ਕਾਰਨ ਮੈਰਿਜ ਪੈਲੇਸਾਂ ’ਚ ਕੂਡ਼ੇ ਦੇ ਢੇਰ ਲੱਗ ਗਏ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਨਗਰ ਨਿਗਮ ਵਲੋਂ ਡੋਰ-ਟੂ-ਡੋਰ ਕੁਲੈਕਸ਼ਨ ਦੇ ਇਲਾਵਾ ਡੰਪ ਸਾਈਟ ਤੋਂ ਕੂਡ਼ੇ ਦੀ ਲਿਫਟਿੰਗ ਦਾ ਕੰਮ ਏ. ਟੂ. ਜ਼ੈੱਡ ਕੰਪਨੀ ਨੂੰ ਸੌਂਪਿਆ ਹੋਇਆ ਹੈ। ਇਸ ਕੰਪਨੀ ’ਤੇ ਪਹਿਲੇ ਦਿਨ ਤੋਂ ਨਗਰ ਨਿਗਮ ਅਧਿਕਾਰੀਆਂ  ਨਾਲ ਮਿਲ ਕੇ ਕੂਡ਼ੇ ਦੀ ਜਗ੍ਹਾ ਮਲਬਾ ਸੁੱਟਣ ਤੋਂ ਇਲਾਵਾ ਓਵਰ ਵੇਟ ਦਿਖਾਉਣ ਦੇ ਦੋਸ਼ ਲੱਗਦੇ ਆ ਰਹੇ ਹਨ, ਜਿਸ ਨੂੰ ਲੈ ਕੇ ਲੋਕਲ ਬਾਡੀਜ਼ ਵਿਭਾਗ ਦੇ ਅੈਡੀਸ਼ਨਲ ਚੀਫ ਸੈਕਟਰੀ ਸੰਤੀਸ਼ ਚੰਦਰਾ ਨੇ ਡੰਪ ’ਤੇ ਵਿਜ਼ਿਟ ਕਰ ਕੇ ਕੈਮਰੇ ਲਾਉਣ ਦੇ ਜੋ ਆਰਡਰ ਦਿੱਤੇ ਸਨ, ਉਸ ’ਤੇ ਹੁਣ ਤੱਕ ਅਮਲ ਨਹੀਂ ਹੋ ਸਕਿਆ ਹੈ। ਇਸ ਦੌਰਾਨ ਮੇਅਰ ਬਲਕਾਰ ਸੰਧੂ ਨੇ ਜ਼ੋਨ ਡੀ ਦੇ ਅਧੀਨ ਆਉਂਦੇ ਇਲਾਕੇ ’ਚ ਸਥਿਤ ਨਗਰ ਨਿਗਮ ਦੀ ਡੰਪ ਸਾਈਟ ਤੋਂ ਇਸ ਤਰ੍ਹਾਂ ਦੀਆਂ ਗੱਡੀਆਂ ਫਡ਼ੀਆਂ ਹਨ, ਜੋ ਆਊਟਰ ਇਲਾਕੇ ਤੋਂ ਕੂਡ਼ਾ ਭਰ  ਕੇ ਲਿਆਈਆਂ ਸੀ, ਇਸ ’ਚ ਜ਼ਿਆਦਾਤਰ ਕੂਡ਼ਾ ਆਊਟਰ ਇਲਾਕੇ ’ਚ ਸਥਿਤ ਮੈਰਿਜ ਪੈਲੇਸਾਂ ਤੋਂ ਲਿਆਂਦਾ ਜਾ ਰਿਹਾ ਹੈ। ਜਿਸ ਦੇ ਬਦਲੇ ਵਿਚ ਕੰਪਨੀ ਵਲੋਂ ਬਾਕਾਇਦਾ ਫੀਸ ਲਈ ਜਾਂਦੀ ਹੈ ਅਤੇ ਇਸ ਕੂਡ਼ੇ ਦਾ ਵਜ਼ਨ ਨਗਰ ਨਿਗਮ ਦੇ ਅਕਾਊਂਟ ’ਚ ਜੁਡ਼ ਰਿਹਾ ਹੈ। ਇਹ ਘਪਲਾ ਸਾਹਮਣੇ ਆਉਣ ’ਤੇ ਕੰਪਨੀ ਨੇ ਆਊਟਰ ਇਲਾਕੇ ’ਚ ਸਥਿਤ ਮੈਰਿਜ ਪੈਲੇਸਾਂ ’ਚੋਂ ਕੂਡ਼ੇ ਦੀ ਲਿਫਟਿੰਗ ਬੰਦ ਕਰ ਦਿੱਤੀ ਅਤੇ ਕੂਡ਼ੇ ਦੇ ਢੇਰ ਲੱਗਣ ਨਾਲ ਪ੍ਰੇਸ਼ਾਨ ਮੈਰਿਜ ਪੈਲੇਸ ਮਾਲਕਾਂ ਨੇ ਮੇਅਰ ਕੋਲ ਪੁੱਜ ਕੇ ਮਾਮਲੇ ਦਾ ਹੱਲ ਕੱਢਣ ਦੀ ਮੰਗ ਕੀਤੀ ਹੈ। ਆਊਟਰ ਇਲਾਕੇ ਤੋਂ ਆ ਰਹੀਆਂ ਗੱਡੀਆਂ ਦੇ ਰਾਹੀਂ ਸੁੱਟੇ ਜਾਣ ਵਾਲਾ ਕੂਡ਼ੇ ਦਾ ਵਜ਼ਨ ਨਗਰ ਨਿਗਮ ਦੇ ਅਕਾਊਂਟ ’ਚ ਜੁਡ਼ਨ ਦਾ ਮਾਮਲਾ ਫਡ਼ਿਆ ਗਿਆ ਹੈ। ਜਿਸ ਬਾਰੇ ਵਿਚ ਕਾਰਵਾਈ  ਲਈ ਰਿਪੋਰਟ ਦੀ ਜ਼ਿੰਮੇਵਾਰੀ ਜੁਆਇੰਟ ਕਮਿਸ਼ਨਰ ਸਤਵੰਤ ਸਿੰਘ ਨੂੰ ਸੌਂਪੀ ਗਈ ਹੈ। 
-ਮੇਅਰ, ਬਲਕਾਰ ਸੰਧੂ
 ਆਊਟਰ ਇਲਾਕੇ ’ਚ ਸਥਿਤ ਮੈਰਿਜ ਪੈਲੇਸਾਂ ’ਚੋਂ ਚੁੱਕੇ ਜਾਣ ਵਾਲੇ ਕੂਡ਼ੇ ਦੇ ਬਦਲੇ ’ਚ ਕੰਪਨੀ ਵਲੋਂ ਯੂਜ਼ਰ ਚਾਰਜ ਲਈ ਜਾ ਸਕਦੇ ਹਨ ਪਰ ਇਸ ਕੂਡ਼ੇ ਦਾ ਵਜ਼ਨ ਲੁਧਿਆਣਾ ਦੀ ਜਗ੍ਹਾ ਮੁੱਲਾਂਪੁਰ ਦੇ ਅਕਾਊਂਟ ’ਚ ਜੁਡ਼ਨਾ ਚਾਹੀਦਾ ਹੈ। ਜਿਸ ਦੇ ਮੱਦੇਨਜ਼ਰ ਨਗਰ ਨਿਗਮ ਦੇ ਡੰਪ ’ਤੇ ਆਊਟਰ ਇਲਾਕੇ ਦਾ ਕੂਡ਼ਾ ਸੁੱਟਣ ਤੋਂ ਰੋਕਣ ਦੇ ਲਈ ਮੁਲਾਜ਼ਮਾਂ ਦੀ ਡਿਊਟੀ ਲਾ ਦਿੱਤੀ ਗਈ ਹੈ। 
-ਹੈਲਥ ਅਫਸਰ, ਵਿਪਲ ਮਲਹੋਤਰਾ।


Related News