76,106 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ ''ਚ ਸਰਪੰਚ ਸਸਪੈਂਡ

Thursday, Jun 28, 2018 - 06:00 AM (IST)

76,106 ਰੁਪਏ ਦੇ ਫੰਡਾਂ ਦਾ ਘਪਲਾ ਕਰਨ ਦੇ ਦੋਸ਼ ''ਚ ਸਰਪੰਚ ਸਸਪੈਂਡ

ਖੰਨਾ(ਸੁਨੀਲ)-ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਆਪਣੇ ਪੱਤਰ ਨੰਬਰ 6-12-18 ਲੁਧਿਆਣਾ ਸ-5547-49 ਮਿਤੀ 25 ਜੂਨ 2018 ਦੇ ਅਧੀਨ ਪੁਲਸ ਜ਼ਿਲਾ ਖੰਨਾ ਦੇ ਪਿੰਡ ਗਗੜ੍ਹਮਾਜਰਾ ਦੇ ਸਰਪੰਚ ਸਰਬਜੀਤ ਸਿੰਘ ਨੂੰ 76,106 ਰੁਪਏ ਦੇ ਫੰਡਾਂ ਦੇ ਘਪਲਾ ਕਰਨ ਦੇ ਦੋਸ਼ ਹੇਠ ਸਸਪੈਂਡ ਕਰ ਦਿੱਤਾ ਹੈ। ਦੱਸ ਦਈਏ ਕਿ ਇਸ ਕਾਰਵਾਈ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਿੰਡ ਦੇ ਸਰਪੰਚ ਨੂੰ ਆਪਣੀ ਸਫਾਈ ਦੇਣ ਲਈ ਕਿਹਾ ਗਿਆ ਸੀ ਪਰ ਉਹ ਇਸ ਸੰਬੰਧੀ ਠੋਸ ਸਬੂਤ ਨਹੀਂ ਦੇ ਸਕਿਆ, ਜਿਸ ਕਾਰਨ ਉਸਨੂੰ ਸਸਪੈਂਡ ਕਰ ਕੇ ਉਸਦੇ ਕੋਲੋਂ ਘਪਲਾ ਕੀਤੇ ਗਏ 76,106 ਰੁਪਏ ਵਸੂਲੀ ਦੇ ਵੀ ਹੁਕਮ ਦਿੱਤੇ ਗਏ ਹਨ। ਇਸ ਸੰਬੰਧੀ ਉਪਰੋਕਤ ਅਧਿਕਾਰੀ ਨੇ ਸਰਪੰਚ ਨੂੰ ਨੋਟਿਸ ਜਾਰੀ ਕਰਦੇ ਹੋਏ ਸਪੱਸ਼ਟੀਕਰਨ ਵੀ ਮੰਗਿਆ ਸੀ ਪਰ ਸਰਪੰਚ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ ਸੀ। ਸਰਪੰਚ ਨੂੰ ਦਫਤਰ ਦੇ ਪੱਤਰ ਨੰਬਰ 6-12-18 ਲੁਧਿਆਣਾ ਸ-3830 ਮਿਤੀ 30 ਅਪ੍ਰੈਲ 2018 ਅਤੇ ਮਿਤੀ 7 ਮਈ 2018 ਨੂੰ ਨਿੱਜੀ ਸੁਣਵਾਈ ਦੇ ਲਈ ਮੌਕਾ ਦਿੱਤਾ ਗਿਆ ਸੀ। ਇਸੇ ਦੌਰਾਨ ਕੇਸ ਦੀ ਸੁਣਵਾਈ ਲਈ 28 ਮਈ ਤੇ 13 ਜੂਨ 2018 ਦਾ ਦਿਨ ਤੈਅ ਕੀਤਾ ਗਿਆ। ਸਰਪੰਚ ਇਨ੍ਹਾਂ ਮਿਤੀਆਂ ਨੂੰ ਵੀ ਹਾਜ਼ਰ ਨਹੀਂ ਹੋਇਆ। ਜਿਸ ਨਾਲ ਇਕ ਗੱਲ ਤਾਂ ਸਾਫ ਹੋ ਗਈ ਸੀ ਕਿ ਉਹ ਆਪਣੇ ਉੱਪਰ ਲੱਗੇ ਦੋਸ਼ਾਂ ਸੰਬੰਧੀ ਕੋਈ ਵੀ ਸ਼ਪੱਸ਼ਟੀਕਰਨ ਨਹੀਂ ਦੇਣਾ ਚਾਹੁੰਦਾ ਸੀ। ਸਰਪੰਚ ਦੇ ਇਸ ਰਵੱਈਏ ਮਗਰੋਂ ਉਕਤ ਅਧਿਕਾਰੀ ਨੇ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 20 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਉਸਦੇ ਅਹੁਦੇ ਤੋਂ ਸਸਪੈਂਡ ਕਰ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਗਗੜ੍ਹਮਾਜਰਾ ਦੇ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਵਿਕਾਸ ਦੇ ਲਈ ਕਰੀਬ 30 ਲੱਖ ਰੁਪਏ ਦੀ ਗ੍ਰਾਂਟ ਖੇਡ ਦੇ ਮੈਦਾਨ, ਸ਼ਮਸ਼ਾਨਘਾਟ ਸਮੇਤ ਕਈ ਹੋਰ ਵਿਕਾਸ ਕੰਮ ਹੋਣੇ ਸੀ। ਇਸ 'ਚ ਘਪਲਾ ਦਾ ਸ਼ੱਕ ਹੋਣ 'ਤੇ ਉਨ੍ਹਾਂ ਨੇ ਸਰਪੰਚ ਦੀ ਸ਼ਿਕਾਇਤ ਕੀਤੀ ਸੀ। ਜਿਸਦੀ ਪੜਤਾਲ ਮਗਰੋਂ ਸਰਪੰਚ ਨੂੰ ਸਸਪੈਂਡ ਕੀਤਾ ਗਿਆ। ਪੰਚਾਇਤ ਦਾ ਰਿਕਾਰਡ, ਪੰਚਾਇਤੀ ਫੰਡ ਅਤੇ ਹੋਰ ਜਾਇਦਾਦ ਦਾ ਚਾਰਜ ਬਾਕੀ ਦੇ ਪੰਚਾਂ 'ਚੋਂ ਚੁਣੇ ਪੰਚ ਨੂੰ ਦੇਣ ਦੇ ਹੁਕਮ ਦਿੱਤੇ ਗਏ ਹਨ। ਬੀ. ਡੀ. ਪੀ. ਓ. ਖੰਨਾ ਨੂੰ ਇਹ ਹੁਕਮ ਵੀ ਦਿੱਤੇ ਗਏ ਹਨ ਕਿ ਸਰਪੰਚ ਅਤੇ ਗ੍ਰਾਮ ਪੰਚਾਇਤ ਦੇ ਨਾਂਅ 'ਤੇ ਚੱਲਦੇ ਸਾਰੇ ਬੈਂਕ ਖਾਤੇ ਤੁਰੰਤ ਸੀਲ ਕਰਕੇ ਇਸਦਾ ਚਾਰਜ ਲੈ ਕੇ ਰਿਪੋਰਟ ਡਾਇਰੈਕਟਰ ਦਫਤਰ ਨੂੰ ਭੇਜੀ ਜਾਵੇ। 


Related News