MBBS ਦੀ ਪੜ੍ਹਾਈ ਲਈ ਯੂਕ੍ਰੇਨ ਗਈ ਸਾਵਨੀ ਪੁੱਜੀ ਘਰ, ਕਿਹਾ- ਹਾਲਾਤ ਠੀਕ ਹੋਣ ''ਤੇ ਮੁੜ ਜਾਵੇਗੀ ਵਾਪਸ
Saturday, Mar 05, 2022 - 07:04 PM (IST)
ਮਜੀਠਾ/ਕੱਥੂਨੰਗਲ (ਸਰਬਜੀਤ ਵਡਾਲਾ) : ਯੂਕ੍ਰੇਨ ਦੇ ਹਾਲਾਤ ਖਰਾਬ ਹੋਣ ਤੋਂ ਬਾਅਦ ਪੰਜਾਬ ਦੇ ਜ਼ਿਲਾ ਅੰਮ੍ਰਿਤਸਰ ਦੀ ਸਬ-ਡਵੀਜ਼ਨ ਮਜੀਠਾ ਦੀ ਰਹਿਣ ਵਾਲੀ ਸਾਵਨੀ ਪੁੱਤਰੀ ਡਾ. ਜੇ. ਐੱਸ. ਬਿੱਟੂ ਜੋ ਕਿ ਨੈਸ਼ਨਲ ਪਿਰਗੋਵ ਵਿਨਿਤਸਾ ਮੈਡੀਕਲ ਯੂਨੀਵਰਸਿਟੀ ਵਿਖੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਯੂਕ੍ਰੇਨ ਗਈ ਸੀ, ਆਪਣੇ ਘਰ ਸਹੀ-ਸਲਾਮਤ ਵਾਪਸ ਪਰਤ ਆਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਵੱਡੀ ਵਾਰਦਾਤ, ਪੰਜ ਸਾਲ ਬਾਅਦ ਜ਼ਮਾਨਤ ’ਤੇ ਆਏ ਵਿਅਕਤੀ ਦਾ ਸ਼ਰੇ ਬਾਜ਼ਾਰ ਗੋਲ਼ੀਆਂ ਮਾਰ ਕੇ ਕਤਲ
ਪੰਜਾਬ ਆਉਣ ਤੋਂ ਬਾਅਦ 'ਜਗ ਬਾਣੀ' ਨੂੰ ਵਿਸ਼ੇਸ਼ ਜਾਣਕਾਰੀ ਦਿੰਦਿਆਂ ਲੜਕੀ ਸਾਵਨੀ ਨੇ ਦੱਸਿਆ ਕਿ ਉਹ ਅੱਜ ਤੋਂ ਕਰੀਬ 2 ਸਾਲ ਪਹਿਲਾਂ ਮੈਡੀਕਲ ਦੀ ਪੜ੍ਹਾਈ ਕਰਨ ਯੂਕ੍ਰੇਨ ਗਈ ਸੀ ਅਤੇ ਬੀਤੀ 24 ਫਰਵਰੀ ਨੂੰ ਭਾਰਤ ਵਾਪਸ ਆਉਣ ਲਈ ਏਅਰਪੋਰਟ ਜਾਣ ਵਾਲੀ ਬੱਸ 'ਚ ਸਵਾਰ ਸੀ ਕਿ ਉਨ੍ਹਾਂ ਨੂੰ ਪਤਾ ਲੱਗਾ ਕਿ ਏਅਰਪੋਰਟ ’ਤੇ ਬੰਬ ਧਮਾਕਾ ਕਰ ਦਿੱਤਾ ਗਿਆ ਹੈ। ਕੁਝ ਦੇਰ ਬਾਅਦ ਫਲਾਈਟ ਕੈਂਸਲ ਹੋਣ ਸਬੰਧੀ ਮੈਸੇਜ ਵੀ ਗਿਆ। ਸਾਵਨੀ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ ਯੂਕ੍ਰੇਨ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋ ਗਏ।
ਇਹ ਵੀ ਪੜ੍ਹੋ : ਭਾਰਤੀਆਂ ਦੀ ਮਦਦ ਲਈ ਪੋਲੈਂਡ ਪਹੁੰਚੇ ਸੰਸਦ ਮੈਂਬਰ ਗੁਰਜੀਤ ਔਜਲਾ, ਵਿਦਿਆਰਥੀਆਂ ਤੋਂ ਜਾਣੇ ਯੂਕ੍ਰੇਨ ਦੇ ਹਾਲਾਤ
ਉਸ ਨੇ ਦੱਸਿਆ ਕਿ ਉਹ ਕਈ ਦਿਨ ਲਗਾਤਾਰ ਪੈਦਲ ਚੱਲਦੀ ਰਹੀ ਅਤੇ ਬਾਅਦ ਵਿਚ 60 ਦੇ ਕਰੀਬ ਵਿਦਿਆਰਥੀ ਸਾਥੀਆਂ ਨਾਲ ਬੱਸ ਰਾਹੀਂ 600 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਰਮੇਨੀਆ ਵਿਖੇ ਪਹੁੰਚੀ, ਜਿਥੋਂ ਦੀ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੀ ਮਦਦ ਕੀਤੀ ਤੇ ਉਹ ਬੀਤੇ ਦਿਨ ਆਪਣੇ ਘਰ ਸਹੀ-ਸਲਾਮਤ ਮਜੀਠਾ ਵਿਖੇ ਪਰਤ ਸਕੀ ਹੈ। ਸਾਵਨੀ ਨੇ ਅੰਤ 'ਚ ਕਿਹਾ ਕਿ ਜੇਕਰ ਹਾਲਾਤ ਠੀਕ ਹੋਏ ਤਾਂ ਉਹ ਮੁੜ ਆਪਣੀ ਡਿਗਰੀ ਪੂਰੀ ਕਰਨ ਲਈ ਯੂਕ੍ਰੇਨ ਵਾਪਸ ਜਾਵੇਗੀ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਰਤਿਆ ਖੇੜੀ ਕਲਾਂ ਦਾ ਵਿਦਿਆਰਥੀ, ਪੰਜਾਬ ਸਰਕਾਰ ’ਤੇ ਦਿਖਾਈ ਨਾਰਾਜ਼ਗੀ
ਇਸ ਦੌਰਾਨ ਗੱਲਬਾਤ ਕਰਦਿਆਂ ਵਿਦਿਆਰਥਣ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਦੀ ਧੀ ਇਸ ਭਿਆਨਕ ਜੰਗ ਦੇ ਮਾਹੌਲ 'ਚੋਂ ਸਹੀ-ਸਲਾਮਤ ਨਿਕਲ ਕੇ ਵਾਪਸ ਆਪਣੇ ਪਰਿਵਾਰ ਵਿਚ ਆਈ ਹੈ ਅਤੇ ਉਹ ਧੰਨਵਾਦੀ ਹਨ ਰਮੇਨੀਆ ਸਰਕਾਰ ਦੇ, ਜਿਨ੍ਹਾਂ ਨੇ ਉਥੇ ਭਾਰਤੀ ਵਿਦਿਆਰਥੀਆਂ ਦੀ ਮਦਦ ਕੀਤੀ।