''ਪਿੰਡ ਬਚਾਓ ਪੰਜਾਬ ਬਚਾਓ'' ਸੰਸਥਾਂ ਦੀ ਅਗਵਾਈ ਹੇਠ ਹੋਈ ਕਾਨਫਰੰਸ

Monday, Mar 05, 2018 - 03:46 PM (IST)

''ਪਿੰਡ ਬਚਾਓ ਪੰਜਾਬ ਬਚਾਓ'' ਸੰਸਥਾਂ ਦੀ ਅਗਵਾਈ ਹੇਠ ਹੋਈ ਕਾਨਫਰੰਸ

ਚੀਮਾ ਮੰਡੀ (ਗੋਇਲ) — 'ਪਿੰਡ ਬਚਾਓ ਪੰਜਾਬ ਬਚਾਓ' ਸੰਸਥਾਂ ਦੀ ਅਗਵਾਈ 'ਚ ਪਿੰਡ ਚੋਵਾਸ਼ ਜਖੇਪਲ ਵਿਖੇ ਪਿੰਡ ਦੀ ਗਰਾਮ ਸਭਾ ਦੀ ਮਹੱਤਤਾ, ਗਰਾਮ ਸਭਾ ਰਾਹੀਂ ਮਗਨਰੇਗਾ ਕਾਨੂੰਨ ਤਹਿਤ 5 ਏਕੜ ਤੱਕ ਕਿਸਾਨ ਆਪਣੇ ਖੇਤ ਅੰਦਰ ਕੰਮ ਕਰਕੇ ਅਤੇ ਮਜਦੂਰਾਂ ਲਈ 100 ਦਿਨ ਦੇ ਰੋਜ਼ਗਾਰ ਦੀ ਸੰਵਧਾਨਿਕ ਗਾਰੰਟੀ ਤਹਿਤ ਪੇਂਡੂ ਅਰਥਚਾਰੇ ਨੂੰ ਮਜਬੂਤ ਕਰਨ ਲਈ ਕਾਨਫਰੰਸ ਦਾ ਆਯੋਜਨ ਕੀਤਾ ਗਿਆ । 
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਿਆਰੇ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫਰੀਦ ਮੈਡੀਕਲ ਕਾਲਜ ਫਰੀਦਕੋਟ ਅਤੇ ਉਘੇ ਸਿੱਖਿਆ ਸ਼ਾਸਤਰੀ ਨੇ ਕਿਹਾ ਕਿ ਵਾਤਾਵਰਨ ਵਿਗੜਣ ਕਾਰਨ ਪੰਜਾਬ ਅੰਦਰ ਗੰਭੀਰ ਬਿਮਾਰੀਆਂ ਦਾ ਪਰਕੋਪ ਜਾਰੀ ਹੈ । ਇਸ ਕਾਰਨ ਪੇਂਡੂ ਲੋਕਾਂ ਦੀ ਆਮਦਨ ਦਾ ਕਾਫੀ ਵੱਡਾ ਹਿੱਸਾ ਇਲਾਜ ਦੇ ਖਰਚ ਹੋਣ ਕਾਰਨ ਗਰੀਬੀ ਦੀ ਜਕੜ ਮਜਬੂਤ ਹੋ ਰਹੀ ਹੈ । ਨਿੱਜੀ ਕੰਪਨੀਆਂ ਵੱਲੋਂ ਵੱਡੇ-ਵੱਡੇ ਪ੍ਰਾਈਵੇਟ ਹਸਪਤਾਲ ਖੋਲ ਕੇ ਕਥਿਤ ਕੀਤੀ ਜਾ ਰਹੀ ਲੁੱਟ ਨੂੰ ਸਰਕਾਰ ਵਿਕਾਸ ਦਾ ਨਾਂ ਦੇ ਰਹੀ ਹੈ ਅਤੇ ਸਿੱਖਿਆ ਸੰਬੰਧੀ ਉਨ੍ਹਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਸਿਰਫ ਗਰੀਬ ਲੋਕਾਂ ਦੇ ਬੱਚੇ ਹੋਣ ਕਾਰਨ ਸਰਕਾਰ ਦੀ ਅਣਦੇਖੀ ਕਾਰਨ ਮਿਆਰੀ ਸਿੱਖਿਆ ਤੋਂ ਵਾਂਝੇ ਹਨ । ਸਕੂਲਾਂ ਅੰਦਰ ਜ਼ਰੂਰਤ ਅਨੁਸਾਰ ਅਧਿਆਪਕਾਂ ਦੀ ਘਾਟ ਹੈ । ਇਸ ਲਈ ਸਿੱਖਿਆ ਅਤੇ ਸਿਹਤ ਦੀ ਸੰਵਿਧਾਨਕ ਗਰੰਟੀ ਦੇਣ ਦੀ ਜ਼ਰੂਰਤ ਹੈ ।
ਉਘੇ ਪੱਤਰਕਾਰ ਡਾ. ਹਮੀਰ ਸਿੰਘ ਨੇ ਕਿਹਾ ਕਿ ਪਿੰਡ ਧੜੇਬੰਦੀ ਦਾ ਸ਼ਿਕਾਰ ਹੋਣ ਕਾਰਨ ਲੋਕ ਮਿਲ ਬੈਠ ਕੇ ਸੰਵਾਦ ਕਰਨਾ ਭੁੱਲ ਗਏ ਹਨ ਅਤੇ ਸਮੂਹਿਕ ਤੌਰ 'ਤੇ ਸੋਚਣ ਦੀ ਬਜਾਏ ਨਿੱਜੀ ਤੌਰ 'ਤੇ ਮਸਲਿਆਂ ਨੂੰ ਹੱਲ ਕਰਨ ਦੀ ਪਿਰਤ ਨੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਖੁਦਕੁਸ਼ੀ ਦੇ ਰਾਹ ਤੋਰਿਆ ਹੈ । ਇਸ ਲਈ ਪੇਂਡੂ ਭਾਈਚਾਰੇ ਨੂੰ ਮਜਬੂਤ ਕਰਨ ਲਈ ਧੜੇਬੰਦੀ ਤੋਂ ਉਪਰ ਉਠ ਕੇ ਪਿੰਡ ਦੇ ਇੱਕਠ 'ਚ ਵਿਚਾਰ ਚਰਚਾ ਕਰਕੇ ਫੇਸਲੈ ਲੈਣ ਦੀ ਪਿਰਤ ਪਾਉਂਦੇ ਹੋਏ ਗਰਾਮ ਸਭਾ ਨੂੰ ਅਮਲੀ ਤੌਰ 'ਤੇ ਲਾਗੂ ਕਰਨਾ ਚਾਹੀਦਾ ਹੈ ।
ਆਈ. ਡੀ. ਪੀ. ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਕਿਹਾ ਕਿ ਦੁਨੀਆਂ ਭਰ ਅੰਦਰ ਪ੍ਰਚਲਿਤ ਵਿਕਾਸ ਦੇ ਘਾਤਕ ਮਾਡਲ ਨੇ ਅਮੀਰ ਗਰੀਬ ਦੇ ਪਾੜੇ ਨੁੰ ਵਧਾਇਆ ਹੈ। ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਦੀ ਬਜਾਇ ਰੋਜ਼ਗਾਰ ਖੁੱਸ ਰਹੇ ਹਨ । ਖੇਤੀ ਲਾਹੇਬੰਦ ਧੰਦਾ ਨਾ ਰਹਿਣ ਕਾਰਨ ਕਿਸਾਨ ਅਤੇ ਮਜਦੂਰ ਕਰਜਾਈ ਹੋ ਰਹੇ ਹਨ। ਕਰਜ਼ੇ ਦੇ ਬੋਝ ਕਾਰਨ ਕਿਸਾਨ ਅਤੇ ਮਜਦੂਰ ਖੁਦਕੁਸ਼ੀ ਦੇ ਰਾਹ ਪੈ ਰਹੇ ਹਨ । ਅਜਿਹੀ ਸਥਿਤੀ 'ਚ ਕਰਜ਼ਾ ਮੁਆਫੀ ਇਹ ਭਿਆਨਕ ਬੁਖਾਰ ਉਤਾਰਨ 'ਚ ਸਹਾਈ ਹੋ ਸਕਦੀ ਹੈ, ਪੰਜਾਬ ਦੀ ਆਰਥਿਕਤਾ ਨੂੰ ਠੀਕ ਕਰਨ ਲਈ ਮਰਨਰੇਗਾ ਕਾਨੂੰਨ ਤਾਹਿਤ 100 ਦਿਨ ਦਾ ਰੋਜ਼ਗਾਰ ਲਾਜ਼ਮੀ ਅਤੇ ਮਰਨਰੇਗਾ ਨੂੰ ਸਹੀ ਅਰਥਾਂ 'ਚ ਲਾਗੂ ਕਰਕੇ ਪੱਕੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾ ਸਕਦੇ ਹਨ।
ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾਕਟਰ ਗਿਆਨ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਖੇਤੀਬਾੜੀ ਧੰਦੇ ਨਾਲ ਜੁੜੇ ਕਿਸਾਨਾਂ ਅਤੇ ਮਜਦੂਰਾਂ ਦੀ ਆਮਦਨ ਘੱਟ ਤੇ ਖਰਚ ਜ਼ਿਆਦਾ ਹੋਣ ਕਾਰਨ ਉਹ ਕਰਜੇ ਦਾ ਵਿਆਜ ਵੀ ਦੇਣ ਦੇ ਸਮੱਰਥ ਨਹੀਂ ਹਨ । ਇਸ ਲਈ ਖੁਦਕੁਸ਼ੀ ਪੀੜਿਤ ਕਿਸਾਨਾਂ ਅਤੇ ਮਜਦੂਰਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਦੀ ਜ਼ਰੂਰਤ ਹੈ ਅਤੇ ਖੇਤੀ ਦੀ ਲਾਗਤ ਅਨੁਸਾਰ ਭਾਅ ਦੇ ਕੇ ਇਸ ਖੇਤੀਬਾੜੀ ਦੇ ਧੰਦੇ ਨੂੰ ਲਾਹੇਬੰਦ ਬਨਾਉਣ ਦੀ ਜ਼ਰੂਰਤ ਹੈ ।
ਇਸ ਕਾਨਫਰੰਸ 'ਚ ਕੋਰ ਕਮੇਟੀ ਮੈਂਬਰ ਫਲਜੀਤ ਸਿੰਘ ਸੰਗਰੂਰ, ਸੂਬਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਜਰਨਲ ਸਕੱਤਰ ਤਰਲੋਚਨ ਸਿੰਘ ਸੂਲਰ ਘਰਾਟ ,ਤਾਰਾ ਸਿੰਘ ਫੱਗੂਵਾਲਾ ਜ਼ਿਲਾ ਪ੍ਰਧਾਨ ਸੰਗਰੂਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ।


Related News