ਸਾਊਦੀ ਅਰਬ 'ਚ ਫਸੇ ਪੰਜਾਬੀ ਦੀ ਹੋਈ ਘਰ ਵਾਪਸੀ (ਵੀਡੀਓ)

Monday, Dec 03, 2018 - 11:59 AM (IST)

ਰੂਪਨਗਰ/ਰੋਪੜ/ਨੂਰਪੁਰਬੇਦੀ (ਰਾਕੇਸ਼)— ਸਾਊਦੀ ਅਰਬ 'ਚ ਫਸੇ 14 ਭਾਰਤੀਆਂ 'ਚੋਂ ਇਕ ਪੰਜਾਬੀ ਨੌਜਵਾਨ ਦੀ ਘਰ ਵਾਪਸੀ ਹੋ ਗਈ ਹੈ। ਇਸ ਤੋਂ ਇਲਾਵਾ 13 ਨੌਜਵਾਨ ਹਿਮਾਚਲ ਪ੍ਰਦੇਸ਼ ਦੇ ਉਥੇ ਫਸੇ ਹੋਏ ਹਨ। ਨੂਰਪੁਰਬੇਦੀ ਦੇ ਪਿੰਡ ਮਵਾ ਦੇ ਰਹਿਣ ਵਾਲਾ ਓਂਕਾਰ ਚੰਦ ਸਾਊਦੀ ਅਰਬ 'ਚੋਂ ਅੱਜ ਆਪਣੇ ਵਤਨ ਵਾਪਸ ਆ ਗਿਆ ਹੈ। ਜ਼ਿਕਰਯੋਗ ਹੈ ਕਿ ਸਾਊਦੀ ਅਰਬ 'ਚ ਭਾਰਤੀ ਦੂਤਘਰ ਵੱਲੋਂ ਜੇਲ 'ਚ ਜਾ ਕੇ ਵ੍ਹਾਈਟ ਪਾਸਪੋਰਟ ਬਣਾ ਕੇ ਨੌਜਵਾਨ ਨੂੰ ਘਰ ਭੇਜਿਆ ਗਿਆ। 14 ਨੌਜਵਾਨਾਂ 'ਚੋਂ ਸਿਰਫ ਓਂਕਾਰ ਸਿੰਘ ਦਾ ਨਾਂ ਅੰਬੈਸੀ ਦੀ ਲਿਸਟ 'ਚ ਸ਼ਾਮਲ ਸੀ ਅਤੇ ਬਾਕੀ ਹਿਮਾਚਲ ਦੇ 13 ਨੌਜਵਾਨ ਇਸ ਲਿਸਟ 'ਚ ਨਹੀਂ ਹਨ ਪਰ ਫਿਰ ਵੀ ਦੂਤਘਰ ਨੇ ਬਾਕੀ ਬਚੇ ਨੌਜਵਾਨਾਂ ਦੀਆਂ ਤਸਵੀਰਾਂ ਲੈ ਲਈਆਂ ਹਨ ਅਤੇ ਬਹੁਤ ਜਲਦੀ ਹੀ ਉਨ੍ਹਾਂ ਦੀ ਵੀ ਘਰ ਵਾਪਸੀ ਹੋ ਸਕਦੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਓਂਕਾਰ ਚੰਦ ਨੇ ਆਪਣੇ ਪਰਿਵਾਰ ਨੂੰ ਆਡੀਓ ਅਤੇ ਵੀਡੀਓ ਭੇਜ ਕੇ ਸਾਊਦੀ ਅਰਬ ਦੀ ਜੇਲ 'ਚ ਫਸੇ ਹੋਣ ਦੀ ਜਾਣਕਾਰੀ ਦਿੰਦੇ ਹੋਏ ਮਦਦ ਦੀ ਗੁਹਾਰ ਲਗਾਈ ਸੀ। ਓਂਕਾਰ ਸਿੰਘ ਹਿਮਾਚਲ ਪ੍ਰਦੇਸ਼ ਦੇ ਇਕ ਟਰੈਵਲ ਏਜੰਟ ਰਾਹੀਂ ਦੋ ਮਹੀਨੇ ਪਹਿਲਾਂ ਆਪਣਾ ਅਤੇ ਪਰਿਵਾਰ ਦਾ ਭਵਿੱਖ ਸਵਾਰਣ ਲਈ ਸਾਊਦੀ ਅਰਬ ਗਿਆ ਸੀ, ਜਿੱਥੇ ਉਸ ਨੂੰ ਬਿਨਾਂ ਤਨਖਾਹ ਰੋਟੀ ਦੇ ਕੰਮ ਕਰਨ ਲਈ ਬੰਧਕ ਬਣਾ ਲਿਆ ਗਿਆ ਸੀ। ਇਸ ਤੋਂ ਬਾਅਦ ਉਥੇ ਉਸ ਨੂੰ ਕਾਫੀ ਤੰਗ ਪਰੇਸ਼ਾਨ ਕੀਤਾ ਗਿਆ, ਜਿਸ ਦੇ ਚਲਦਿਆਂ ਉਸ ਨੇ ਆਪਣੇ ਪਰਿਵਾਰ ਨੂੰ ਸਾਰੇ ਨੌਜਵਾਨਾਂ ਸਮੇਤ ਆਪਣੀ ਆਡੀਓ ਅਤੇ ਵੀਡੀਓ ਭੇਜ ਕੇ ਪਰਿਵਾਰ ਨੂੰ ਆਪਣੀ ਹੱਡ ਬੀਤੀ ਸੁਣਾਈ ਸੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਭਾਰਤ ਸਰਕਾਰ ਨੂੰ ਉਨ੍ਹਾਂ ਦੇ  ਨੌਜਵਾਨ ਦੀ ਵਾਪਸੀ ਲਈ ਗੁਹਾਰ ਲਗਾਈ ਗਈ ਸੀ।

ਆਪਣੇ ਪਿੰਡ ਵਾਪਸ ਪਹੁੰਚਣ 'ਤੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਓਂਕਾਰ ਚੰਦ ਨੇ ਦੱਸਿਆ ਕਿ ਏਜੰਟ ਧੋਖੇ ਨਾਲ ਬੇਰੋਜ਼ਗਾਰ ਨੌਜਵਾਨਾਂ ਨੂੰ ਵਿਦੇਸ਼ ਭੇਜਦੇ ਹਨ ਅਤੇ ਜਦੋਂ ਉਨ੍ਹਾਂ ਨੂੰ ਬਾਹਰ ਕਿਧਰੇ ਕੰਮ ਨਹੀਂ ਮਿਲਦਾ ਅਤੇ ਵੀਜ਼ਾ ਖਤਮ ਹੋ ਜਾਂਦਾ ਹੈ ਤਾਂ ਉਧਰ ਦੀ ਸਰਕਾਰ ਅਤੇ ਪ੍ਰਸ਼ਾਸਨ ਅਜਿਹੇ ਨੌਜਵਾਨਾਂ ਨੂੰ ਜੇਲ 'ਚ ਭੇਜ ਦਿੰਦੀ ਹੈ। ਉਸ ਨੇ ਆਵਾਜ਼ ਬੁਲੰਦ ਕੀਤੀ ਤਾਂ ਕਿਤੇ ਉਸ ਦੀ ਵਾਪਸੀ ਸੰਭਵ ਹੋ ਸਕੀ। ਸਾਊਦੀ ਅਰਬ 'ਚ ਫਸੇ ਸੈਂਕੜੇ ਨੌਜਵਾਨ ਜੋ ਕੰਮ ਦੀ ਤਲਾਸ਼ 'ਚ ਗਏ ਸਨ, ਉਨ੍ਹਾਂ ਦੀ ਵਾਪਸੀ ਜਲਦੀ ਹੋਣੀ ਚਾਹੀਦੀ ਹੈ ਕਿਉਂਕਿ ਉਥੇ ਹੀ ਉਨ੍ਹਾਂ ਦੀ ਹਾਲਤ ਬਹੁਤ ਦਰਦ ਭਰੀ ਹੈ।


author

shivani attri

Content Editor

Related News