ਸਾਊਦੀ ਅਰਬ ਫਸਿਆ ਨੌਜਵਾਨ ਪਰਤਿਆ ਵਤਨ, ਸੁਣਾਈ ਹੱਡਬੀਤੀ
Monday, Dec 02, 2019 - 06:33 PM (IST)

ਜਲੰਧਰ/ਫਿਲੌਰ (ਸੋਨੂੰ)— ਵਿਦੇਸ਼ੀ ਧਰਤੀ 'ਤੇ ਤਸ਼ੱਦਦ ਝੱਲਣ ਤੋਂ ਬਾਅਦ ਫਿਲੌਰ ਦਾ ਇਕ ਨੌਜਵਾਨ ਅੱਜ ਕਈ ਯਤਨਾਂ ਤੋਂ ਬਾਅਦ ਵਤਨ ਪਰਤ ਆਇਆ ਹੈ। ਉਸ ਦੇ ਘਰ ਵਾਪਸ ਆਉਣ ਤੋਂ ਬਾਅਦ ਪਰਿਵਾਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਹੱਡਬੀਤੀ ਬਿਆਨ ਕਰਦੇ ਹੋਏ ਸਾਊਦੀ ਅਰਬ ਤੋਂ ਵਾਪਸ ਪਰਤੇ ਆਸ਼ੂ ਨੇ ਦੱਸਿਆ ਕਿ ਉਹ 3 ਸਾਲ ਪਹਿਲਾਂ ਯਾਨੀ 2016 'ਚ ਸਾਊਦੀ ਅਰਬ 'ਚ ਗਿਆ ਸੀ।
ਡੇਢ ਸਾਲ ਤੱਕ ਸਭ ਕੁਝ ਸਹੀ ਸਲਾਮਤ ਚੱਲਦਾ ਰਿਹਾ ਅਤੇ ਜਦੋਂ ਉਸ ਨੇ ਛੁੱਟੀ ਦੀ ਗੱਲ ਕੀਤੀ ਤਾਂ ਉਸ ਤੋਂ ਬਾਅਦ ਨਾ ਹੀ ਉਸ ਨੂੰ ਛੁੱਟੀ ਦਿੱਤੀ ਗਈ ਅਤੇ ਨਾ ਹੀ ਪੈਸੇ। ਇਸ ਤੋਂ ਬਾਅਦ ਉਸ ਨਾਲ ਕਈ ਤਰ੍ਹਾਂ ਦੇ ਤਸ਼ੱਦਦ ਵੀ ਢਾਏ ਗਏ। ਦੁੱਖ ਬਿਆਨ ਕਰਦੇ ਉਸ ਨੇ ਕਿਹਾ ਕਿ ਫਿਰ ਮਜਬੂਰ ਹੋ ਕੇ ਉਸ ਨੇ ਆਪਣੀ ਇਕ ਵੀਡੀਓ ਬਣਾਈ, ਜਿਸ 'ਚ ਉਸ ਨੇ ਆਪਣੇ 'ਤੇ ਹੋਏ ਤਸ਼ੱਦਦ ਦੀ ਗੱਲ ਕੀਤੀ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ।
ਉਸ ਤੋਂ ਬਾਅਦ ਲੋਕਾਂ ਨੇ ਉਸ ਦੀ ਮਦਦ ਲਈ ਹੱਥ ਅੱਗੇ ਵਧਾਏ ਅਤੇ ਅੱਜ ਉਹ ਪੰਜਾਬ ਆਪਣੇ ਘਰ ਵਾਪਸ ਆ ਗਿਆ। ਉਸ ਵਾਪਸ ਆਉਣ 'ਚ ਤਕਰੀਬਨ ਢਾਈ ਮਹੀਨੇ ਦੀ ਜੱਦੋਜ਼ਹਿਦ ਕਰਨੀ ਪਈ। ਆਸ਼ੂ ਨੇ ਦੱਸਿਆ ਕਿ ਉਹ ਇਥੇ ਵੀ ਵਧੀਆ ਪੈਸੇ ਕਮਾ ਲੈਂਦਾ ਸੀ ਪਰ ਬੱਸ ਇਕ ਭੇਡ ਚਾਲ 'ਚ ਵਿਦੇਸ਼ ਜਾ ਕੇ ਪੈਸੇ ਕਮਾ ਸਕਦਾ ਹੈ ਅਤੇ ਉਹ ਸਾਊਦੀ ਅਰਬ ਪਹੁੰਚ ਗਿਆ ਪਰ ਉਥੇ ਉਸ ਨਾਲ ਜੋ ਹੋਇਆ, ਉਸ ਬਾਰੇ ਕਦੇ ਉਸ ਨੇ ਸੋਚਿਆ ਵੀ ਨਹੀਂ ਸੀ। ਸਹੀ ਸਲਾਮਤ ਘਰ ਪਰਤਣ 'ਤੇ ਆਸ਼ੂ ਨੇ ਸਾਰਿਆਂ ਨੂੰ ਇਥੇ ਰਹਿ ਕੇ ਹੀ ਕੰਮ ਕਰਨ ਦੀ ਨਸੀਹਤ ਦਿੱਤੀ।