ਦੁਬਈ ਤੇ ਸਾਊਦੀ ਅਰਬ ਦੇ ਇਮੀਗ੍ਰੇਸ਼ਨ ਕਾਨੂੰਨ ਰੀਨਾ ਰਾਣੀ ਦੀ ਦੇਸ਼ ਵਾਪਸੀ ''ਚ ਬਣ ਰਹੇ ਨੇ ਰੁਕਾਵਟ

10/16/2017 9:44:57 AM

ਹੁਸ਼ਿਆਰਪੁਰ (ਜ.ਬ.)-ਸਾਊਦੀ ਅਰਬ 'ਚ ਪ੍ਰੇਸ਼ਾਨੀ ਝੱਲ ਰਹੀ ਹੁਸ਼ਿਆਰਪੁਰ ਦੇ ਬੋਦਲ ਕੋਟਲੀ ਪਿੰਡ ਦੀ ਰੀਨਾ ਰਾਣੀ ਦੀ ਦੇਸ਼ ਵਾਪਸੀ ਲਈ ਜਿੱਥੇ ਭਾਰਤ ਸਰਕਾਰ ਆਪਣੇ ਤੌਰ 'ਤੇ ਲਗਾਤਾਰ ਯਤਨ ਕਰ ਰਹੀ ਹੈ, ਉੱਥੇ ਹੀ ਦੇਰੀ ਦਾ ਕਾਰਨ ਇਮੀਗ੍ਰੇਸ਼ਨ ਰਿਕਾਰਡ ਅਨੁਸਾਰ ਉਸ ਦਾ ਭਾਰਤ ਤੋਂ ਸਾਊਦੀ ਅਰਬ ਨਹੀਂ ਸਗੋਂ ਪਹਿਲਾਂ ਦੁਬਈ ਪਹੁੰਚਣਾ ਹੈ। 
ਰੀਨਾ ਰਾਣੀ ਦੀ ਸੁਰੱਖਿਅਤ ਦੇਸ਼ ਵਾਪਸੀ 'ਚ ਲੱਗੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਅਨੁਸਾਰ ਰੀਨਾ ਹੁਸ਼ਿਆਰਪੁਰ ਤੋਂ ਟੂਰਿਸਟ ਵੀਜ਼ਾ ਲੈ ਕੇ ਪਹਿਲਾਂ ਦੁਬਈ ਗਈ ਸੀ ਅਤੇ ਬਾਅਦ 'ਚ ਸਾਊਦੀ ਅਰਬ। 
ਇਸ ਕਾਰਨ ਸਾਊਦੀ ਅਰਬ ਤੇ ਦੁਬਈ ਦੀ ਇਮੀਗ੍ਰੇਸ਼ਨ ਪਾਲਿਸੀ ਦੀ ਕਾਨੂੰਨੀ ਅੜਚਨ ਰੀਨਾ ਦੀ ਦੇਸ਼ ਵਾਪਸੀ 'ਚ ਦੇਰੀ ਦੀ ਵਜ੍ਹਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਮਾਮਲੇ 'ਚ ਨਿੱਜੀ ਦਿਲਚਸਪੀ ਲੈ ਰਹੇ ਹਨ, ਜਿਸ ਕਰ ਕੇ ਸਾਨੂੰ ਪੂਰੀ ਉਮੀਦ ਹੈ ਕਿ ਇਕ ਹਫਤੇ ਦੇ ਅੰਦਰ-ਅੰਦਰ ਰੀਨਾ ਭਾਰਤ ਵਾਪਸ ਆ ਜਾਵੇਗੀ। ਉਨ੍ਹਾਂ ਦੱਸਿਆ ਕਿ ਰੀਨਾ ਰਾਣੀ ਹੁਸ਼ਿਆਰਪੁਰ 
ਤੇ ਮੁੰਬਈ ਦੇ ਏਜੰਟਾਂ ਰਾਹੀਂ ਦੁਬਈ ਰਸਤੇ ਸਾਊਦੀ ਅਰਬ ਪਹੁੰਚੀ ਸੀ। ਏਜੰਟਾਂ ਦੇ ਹੁਣ ਫੋਨ ਬੰਦ ਆ ਰਹੇ ਹਨ, ਜਿਸ ਕਰ ਕੇ ਵੈਰੀਫਿਕੇਸ਼ਨ 'ਚ ਕੁਝ ਤਕਨੀਕੀ ਸਮੱਸਿਆ ਆ ਰਹੀ ਹੈ। 
ਕੀ ਹੈ ਮਾਮਲਾ : ਜ਼ਿਕਰਯੋਗ ਹੈ ਕਿ ਰੀਨਾ ਰਾਣੀ ਪੁੱਤਰੀ ਮਹਿੰਦਰ ਪਾਲ ਵਾਸੀ ਬੋਪਾਰਾਏ ਕਲਾਂ ਦਾ ਵਿਆਹ ਟਾਂਡਾ ਦੇ ਬੋਦਲ ਕੋਟਲੀ ਦੇ ਰਹਿਣ ਵਾਲੇ ਕਿਸ਼ਨ ਲਾਲ ਨਾਲ ਹੋਇਆ ਸੀ। ਰੀਨਾ ਦੇ 2 ਬੱਚੇ ਲੜਕੀ ਨਵਜੋਤ ਤੇ ਲੜਕਾ ਹਰੀਸ਼ ਉਰਫ ਹੀਰਾ ਲਾਲ ਹਨ। ਉਸ ਦਾ ਪਤੀ ਕਿਸ਼ਨ ਲਾਲ ਦੁਬਈ 'ਚ ਕੰਮ ਕਰ ਚੁੱਕਾ ਹੈ ਪਰ ਬੀਮਾਰੀ ਕਾਰਨ ਉਹ ਹੁਣ ਕੰਮ ਕਰਨ ਤੋਂ ਅਸਮਰੱਥ ਹੈ। ਪਰਿਵਾਰ ਦੀ ਆਰਥਿਕ ਤੰਗੀ ਕਾਰਨ 24 ਅਕਤੂਬਰ 2016 ਨੂੰ ਏਜੰਟ ਰਾਹੀਂ ਉਹ ਸਾਊਦੀ ਅਰਬ ਗਈ ਸੀ। ਉਧਰ ਰੀਨਾ ਦੀ ਮਾਂ ਚੰਦ ਰਾਣੀ ਨੇ ਦੱਸਿਆ ਕਿ ਸਾਊਦੀ ਅਰਬ 'ਚ ਰਹਿਣ ਵਾਲੇ ਪੰਜਾਬੀ ਉਸ ਨੂੰ ਸੁਰੱਖਿਅਤ ਭਾਰਤ ਭੇਜਣ ਦੇ ਯਤਨ ਕਰ ਰਹੇ ਹਨ।


Related News