ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਹਿਮੇ ਲੋਕ, ਘਰੋਂ ਬਾਹਰ ਕੱਢਦੇ ਰਹੇ ਸਮਾਨ

Monday, Jul 24, 2023 - 09:40 AM (IST)

ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਹਿਮੇ ਲੋਕ, ਘਰੋਂ ਬਾਹਰ ਕੱਢਦੇ ਰਹੇ ਸਮਾਨ

ਲੁਧਿਆਣਾ/ਲਾਡੋਵਾਲ (ਅਨਿਲ) : ਭਾਖੜਾ ਡੈਮ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਕਿਸੇ ਵੀ ਸਮੇਂ ਸਤਲੁਜ ਦਰਿਆ ’ਚ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ ਕਾਰਨ ਕਸਬਾ ਲਾਡੋਵਾਲ ਨੇੜੇ ਸਤਲੁਜ ਦਰਿਆ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ’ਚ ਪਾਣੀ ਵੱਧਣ ਦੀ ਸੂਚਨਾ ਮਿਲਦੇ ਹੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਿਵੇਂ ਹੀ ਲੋਕਾਂ ਨੂੰ ਸੂਚਨਾ ਮਿਲੀ ਕਿ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਚੁੱਕਾ ਹੈ ਅਤੇ ਕਿਸੇ ਵੀ ਸਮੇਂ ਭਾਖੜਾ ਡੈਮ ਦੇ ਫਲੱਡ ਗੇਟ ਖੁੱਲ੍ਹ ਸਕਦੇ ਹਨ। ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ’ਚ ਫਿਰ ਪਾਣੀ ਦਾ ਡਰ ਸਤਾਉਣ ਲੱਗਾ ਹੈ।

ਇਹ ਵੀ ਪੜ੍ਹੋ : ਪਾਣੀ ਦਾ ਪੱਧਰ ਵਧਣ ਕਾਰਣ ਭਾਖੜਾ ਦੇ ਫਲੱਡ ਗੇਟ ਖੋਲ੍ਹਣ ਦੀ ਤਿਆਰੀ, ਇਹ ਇਲਾਕੇ ਖਾਲ੍ਹੀ ਕਰਵਾਉਣ ਦੇ ਹੁਕਮ

12 ਦਿਨ ਪਹਿਲਾਂ ਵੀ ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਵੱਧਣ ਕਾਰਨ ਸਤਲੁਜ ਦਾ ਪਾਣੀ ਲੋਕਾਂ ਦੇ ਘਰਾਂ ’ਚ ਆ ਗਿਆ ਸੀ, ਜਿਸ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ। ਲੋਕ ਫਿਰ ਸਤਲੁਜ ਦਰਿਆ ’ਚ ਪਾਣੀ ਛੱਡੇ ਜਾਣ ਦੇ ਡਰ ਕਾਰਨ ਲੋਕ ਫਿਰ ਘਰਾਂ ਦਾ ਸਮਾਨ ਬਾਹਰ ਕੱਢ ਰਹੇ ਹਨ। ਸਤਲੁਜ ਦਰਿਆ ਕੋਲ ਵਸੇ ਪਿੰਡ ਕਾਸਾਬਾਦ, ਤਲਵੰਡੀ ਕਲਾਂ, ਭੋਲੇਵਾਲ ਜਦੀਦ, ਆਲੋਵਾਲ, ਰਜਾਪੁਰ, ਖਹਿਰਾ ਬੇਟ ਆਦਿ ਪਿੰਡਾਂ ਦੇ ਲੋਕ ਪਾਣੀ ਆਉਣ ਦੇ ਡਰ ਕਾਰਨ ਆਪਣੇ ਘਰਾਂ ਦਾ ਸਾਮਾਨ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਜਾਣ ਲੱਗੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ, 291 'ਤੇ ਪੁੱਜੀ ਸ਼ੱਕੀ ਮਰੀਜ਼ਾਂ ਦੀ ਗਿਣਤੀ

ਦੱਸਣਯੋਗ ਹੈ ਕਿ ਸਤਲੁਜ ਦਰਿਆ ਦੇ ਨਾਲ ਲਗਦੇ ਧੁੱਸੀ ਬੰਨ੍ਹ ’ਤੇ ਕਈ ਪੁਆਇੰਟ ਕਮਜ਼ੋਰ ਹੋਣ ਕਾਰਨ ਲੋਕਾਂ ਦੇ ਦਿਲਾਂ ’ਚ ਹੜ੍ਹ ਦਾ ਖ਼ਤਰਾ ਮਹਿਸੂਸ ਕੀਤਾ ਜਾਣ ਲੱਗਾ ਹੈ। ਇਸ ਲਈ ਲੋਕ ਆਪਣਾ ਜ਼ਰੂਰੀ ਸਾਮਾਨ ਅਤੇ ਪਾਲਤੂ ਪਸ਼ੂਆਂ ਨੂੰ ਘਰਾਂ ’ਚੋਂ ਕੱਢ ਰਹੇ ਹਨ। ਸਤਲੁਜ ਦਰਿਆ ’ਚ ਪਾਣੀ ਦਾ ਪੱਧਰ ਇਕਦਮ ਵਧਣ ਕਾਰਨ ਲੋਕ ਫਿਰ ਡਰਨ ਲੱਗੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਨ੍ਹਾਂ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ। ਇਸ ਲਈ ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਹ ਧੁੱਸੀ ਬੰਨ੍ਹ ਦੇ ਨਾਜ਼ੁਕ ਪੁਆਇੰਟਾਂ ’ਤੇ ਨਜ਼ਰ ਰੱਖਣ ਤਾਂ ਕਿ ਕੋਈ ਅਣਹੋਣੀ ਘਟਨਾ ਨਾਲ ਜਲਦ ਨਜਿੱਠਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News