'ਹੋਲੀ ਬੰਪਰ' ਨੇ ਸਰਵਣ ਸਿੰਘ ਦੀ ਜ਼ਿੰਦਗੀ 'ਚ ਭਰੇ ਰੰਗ, ਰਾਤੋ-ਰਾਤ ਬਣਿਆ ਕਰੋੜਪਤੀ

Saturday, Mar 07, 2020 - 10:21 AM (IST)

'ਹੋਲੀ ਬੰਪਰ' ਨੇ ਸਰਵਣ ਸਿੰਘ ਦੀ ਜ਼ਿੰਦਗੀ 'ਚ ਭਰੇ ਰੰਗ, ਰਾਤੋ-ਰਾਤ ਬਣਿਆ ਕਰੋੜਪਤੀ

ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਹੋਲੀ ਬੰਪਰ-2020 ਨੇ ਫਾਜ਼ਿਲਕਾ ਵਾਸੀ ਸਰਵਣ ਸਿੰਘ ਦੀ ਜ਼ਿੰਦਗੀ ਰੰਗੀਨ ਬਣਾ ਦਿੱਤੀ ਹੈ। ਪਿਛਲੇ ਦਿਨੀਂ ਲੁਧਿਆਣਾ ਵਿਖੇ ਕੱਢੇ ਗਏ ਹੋਲੀ ਬੰਪਰ ਦੇ ਡਰਾਅ 'ਚ 1.50-1.50 ਕਰੋੜ ਰੁਪਏ ਦੇ ਪਹਿਲੇ ਦੋ ਇਨਾਮਾਂ 'ਚੋਂ ਇਕ ਇਨਾਮ ਟਿਕਟ ਨੰਬਰ ਏ-664223 'ਤੇ ਨਿਕਲਿਆ, ਜੋ ਕਿ ਸਰਵਣ ਸਿੰਘ ਨੇ ਖਰੀਦੀ ਸੀ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 'ਚ ਮੁੱਖ ਨਕਸ਼ਾ ਨਵੀਸ ਵਜੋਂ ਸੇਵਾ ਨਿਭਾਅ ਰਹੇ ਸਰਵਣ ਸਿੰਘ ਨੇ ਦੱਸਿਆ ਕਿ ਉਹ ਪਿਛਲੇ 17 ਸਾਲਾਂ ਤੋਂ ਲਾਟਰੀ ਪਾ ਰਹੇ ਹਨ ਅਤੇ ਇਸ ਵਾਰ ਉਨ੍ਹਾਂ ਦੇ ਲੱਕੀ ਨੰਬਰ '23' ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਉਹ ਇਸੇ ਸਾਲ 31 ਮਾਰਚ ਨੂੰ ਸੇਵਾਮੁਕਤ ਹੋ ਰਹੇ ਹਨ। ਇਨਾਮੀ ਰਾਸ਼ੀ ਲਈ ਇਥੇ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਕੋਲ ਦਸਤਾਵੇਜ਼ ਜਮ੍ਹਾਂ ਕਰਵਾਉਣ ਬਾਅਦ ਸਰਵਣ ਸਿੰਘ ਨੇ ਦੱਸਿਆ ਕਿ 23 ਨੰਬਰ ਉਨ੍ਹਾਂ ਦੀ ਜ਼ਿੰਦਗੀ 'ਚ ਹਮੇਸ਼ਾ ਖਾਸ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਰਕਾਰੀ ਨੌਕਰੀ 'ਚ ਤਰੱਕੀ 23 ਅਗਸਤ, 2003 ਨੂੰ ਮਿਲੀ ਸੀ ਅਤੇ ਹੁਣ ਪਹਿਲੇ ਇਨਾਮ ਵਾਲੀ ਟਿਕਟ ਦੇ ਆਖਰੀ ਦੋ ਨੰਬਰ ਵੀ 23 ਹੀ ਹਨ। ਇਸ ਤੋਂ ਇਲਾਵਾ ਜੇਕਰ ਟਿਕਟ ਦੇ ਕੁੱਲ ਨੰਬਰਾਂ ਦਾ ਜੋੜ ਕੀਤਾ ਜਾਵੇ ਤਾਂ ਉਹ ਵੀ 23 ਹੀ ਬਣਦਾ ਹੈ।

ਰਾਤੋ ਰਾਤ ਕਰੋੜਪਤੀ ਬਣਨ 'ਤੇ ਬਾਗ਼ੋ ਬਾਗ਼ ਨਜ਼ਰ ਆ ਰਹੇ ਸਰਵਣ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਲਾਟਰੀ ਬੰਪਰ ਬਦੌਲਤ ਜਿੱਤੀ ਇੰਨੀ ਵੱਡੀ ਰਾਸ਼ੀ ਨਾਲ ਉਨ੍ਹਾਂ ਨੂੰ ਆਪਣੇ ਦੋ ਬੇਟਿਆਂ ਦੇ ਕੈਰੀਅਰ ਬਣਾਉਣ ਅਤੇ ਚੰਗੀ ਜ਼ਿੰਦਗੀ ਬਤੀਤ ਕਰਨ 'ਚ ਮਦਦ ਮਿਲੇਗੀ। ਇਸ ਤੋਂ ਇਲਾਵਾ ਉਹ ਇਨਾਮੀ ਰਾਸ਼ੀ ਨਾਲ ਸਮਾਜ ਭਲਾਈ ਦੇ ਕੰਮ ਵੀ ਕਰਨਾ ਚਾਹੁੰਦੇ ਹਨ। ਇਸ ਦੌਰਾਨ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੇ ਸਰਵਨ ਸਿੰਘ ਨੂੰ ਜਲਦੀ ਤੋਂ ਜਲਦੀ ਇਨਾਮੀ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।


author

Babita

Content Editor

Related News