ਸਰਪੰਚ ਕਤਲਕਾਂਡ : ਮੁੱਖ ਦੋਸ਼ੀ ਬੌਬੀ ਨੇ ਜੇਲ ''ਚ ਪੁੱਛਗਿੱਛ ਦੌਰਾਨ ਕੀਤੇ ਅਹਿਮ ਖੁਲਾਸੇ

Sunday, Feb 18, 2018 - 10:27 AM (IST)

ਸਰਪੰਚ ਕਤਲਕਾਂਡ : ਮੁੱਖ ਦੋਸ਼ੀ ਬੌਬੀ ਨੇ ਜੇਲ ''ਚ ਪੁੱਛਗਿੱਛ ਦੌਰਾਨ ਕੀਤੇ ਅਹਿਮ ਖੁਲਾਸੇ

ਚੰਡੀਗੜ੍ਹ (ਸੰਦੀਪ) : ਹੁਸ਼ਿਆਰਪੁਰ ਦੇ ਪਿੰਡ ਖੁਰਦਾ ਦੇ ਸਰਪੰਚ ਸਤਨਾਮ ਦੀ ਹੱਤਿਆ ਦੇ ਮਾਮਲੇ 'ਚ ਮੁਲਜ਼ਮ ਮਨਜੀਤ ਸਿੰਘ ਉਰਫ ਬੌਬੀ ਨੂੰ ਪੁਲਸ ਨੇ 5 ਦਿਨਾਂ ਦੇ ਪੁਲਸ ਰਿਮਾਂਡ ਤੋਂ ਬਾਅਦ ਮੁੜ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਥਾਣਾ ਪੁਲਸ ਗੈਂਗਸਟਰ ਬੌਬੀ ਨੂੰ ਹੁਸ਼ਿਆਰਪੁਰ ਤੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ। ਹੁਸ਼ਿਆਰਪੁਰ ਪੁਲਸ ਨੇ ਉਸਨੂੰ ਉਥੇ ਦਰਜ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਸੂਤਰਾਂ ਮੁਤਾਬਕ ਰਿਮਾਂਡ ਦੌਰਾਨ ਪੁੱਛਗਿੱਛ 'ਚ ਉਸ ਨੇ ਦੱਸਿਆ ਕਿ ਹੁਸ਼ਿਆਰਪੁਰ 'ਚ ਦਰਜ ਹੱਤਿਆ ਮਾਮਲੇ 'ਚ ਖੁਰਦਾ ਪਿੰਡ ਦੇ ਸਰਪੰਚ ਸਤਨਾਮ ਸਿੰਘ ਦੀ 11 ਅਪ੍ਰੈਲ ਨੂੰ ਗਵਾਹੀ ਸੀ। ਉਹ ਗਵਾਹੀ ਨਾ ਦੇ ਸਕੇ, ਇਸ ਲਈ ਮੁਲਜ਼ਮਾਂ ਨੇ ਉਸਦੀ ਹੱਤਿਆ ਕੀਤੀ ਸੀ।  ਹੱਤਿਆ ਮਾਮਲੇ 'ਚ ਫਸੇ ਲੋਕ ਸਤਨਾਮ ਸਿੰਘ ਨੂੰ ਗਵਾਹੀ ਨਾ ਦੇਣ ਦੀਆਂ ਧਮਕੀਆਂ ਦੇ ਰਹੇ ਸਨ ਪਰ ਸਤਨਾਮ ਕੇਸ 'ਚ ਚਸ਼ਮਦੀਦ ਗਵਾਹ ਹੋਣ ਕਾਰਨ ਗਵਾਹੀ ਦੇਣ ਤੋਂ ਪਿੱਛੇ ਨਹੀਂ ਹਟ ਰਿਹਾ ਸੀ। ਜੇਕਰ 11 ਅਪ੍ਰੈਲ ਨੂੰ ਸਤਨਾਮ ਅਦਾਲਤ 'ਚ ਗਵਾਹੀ ਦੇ ਦਿੰਦਾ ਤਾਂ ਕੇਸ 'ਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਸਜ਼ਾ ਹੋ ਸਕਦੀ ਸੀ।
ਹੁਸ਼ਿਆਰਪੁਰ ਪੁਲਸ ਨੇ ਦਬੋਚਿਆ ਸੀ ਗੈਂਗਸਟਰ ਬੌਬੀ
ਹੁਸ਼ਿਆਰਪੁਰ ਪੁਲਸ ਨੇ ਗੈਂਗਸਟਰ ਬੌਬੀ ਨੂੰ ਉਥੇ ਦਰਜ ਅਪਰਾਧਿਕ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਚੰਡੀਗੜ੍ਹ ਪੁਲਸ ਉਸਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਸੀ ਤੇ ਅਦਾਲਤ ਤੋਂ ਉਸਦਾ ਪੰਜ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਸ਼ਨੀਵਾਰ ਨੂੰ ਰਿਮਾਂਡ ਖਤਮ ਹੋਣ 'ਤੇ ਉਸਨੂੰ ਅਦਾਲਤ 'ਚ ਪੇਸ਼ ਕਰਕੇ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ, ਉਥੇ ਹੀ ਮਾਮਲੇ 'ਚ ਪੁਲਸ ਨੇ ਦੋ ਮੁਲਜ਼ਮਾਂ ਤੀਰਥ ਤੇ ਅਰਸ਼ਦੀਪ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਪੁਲਸ ਵਲੋਂ ਉਸਦੇ ਖਿਲਾਫ ਕੇਸ ਡਿਸਚਾਰਜ ਦੀ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਹੁਣ ਦੋਵਾਂ ਵਲੋਂ ਪਟੀਸ਼ਨ ਦਰਜ ਕੀਤੀ ਗਈ ਹੈ।
ਸੈਕਟਰ-38 ਵੈਸਟ ਦੇ ਗੁਰਦੁਆਰੇ ਦੇ ਬਾਹਰ ਕੀਤਾ ਸੀ ਕਤਲ
ਜ਼ਿਕਰਯੋਗ ਹੈ ਕਿ ਸਰਪੰਚ ਸਤਨਾਮ ਗਵਾਹੀ ਨਾ ਦੇ ਸਕੇ, ਇਸ ਲਈ ਪਿਛਲੇ ਸਾਲ 9 ਅਪ੍ਰੈਲ ਨੂੰ ਸਵੇਰੇ 11 ਵਜੇ ਸੈਕਟਰ-38 ਵੈਸਟ ਦੇ ਗੁਰਦੁਆਰੇ ਦੇ ਬਾਹਰ ਤਿੰਨ ਨੌਜਵਾਨਾਂ ਨੇ ਉਸ ਦੀ ਗੋਲੀਆਂ ਤੇ ਤਲਵਾਰਾਂ ਨਾਲ ਹੱਤਿਆ ਕਰ ਦਿੱਤੀ ਸੀ। ਸਰਪੰਚ 'ਤੇ 7 ਫਾਇਰ ਕੀਤੇ ਗਏ ਸਨ। ਗੋਲੀ ਲੱਗਣ ਦੇ ਬਾਵਜੂਦ ਸਤਨਾਮ ਸਿੰਘ ਜ਼ਖਮੀ ਹਾਲਤ 'ਚ ਉਥੋਂ ਭੱਜਿਆ ਤੇ ਟਰੱਕ ਦੇ ਪਿੱਛੇ ਲੁਕ ਗਿਆ ਪਰ ਇਸਦੇ ਬਾਵਜੂਦ ਮੁਲਜ਼ਮ ਉਸ 'ਤੇ ਫਾਇਰਿੰਗ ਕਰਦੇ ਰਹੇ। ਘਟਨਾ ਤੋਂ ਬਾਅਦ ਸਰਪੰਚ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ ਸੀ। ਉਥੇ ਹੀ ਮੁਲਜ਼ਮ ਲੁਧਿਆਣਾ ਨੰਬਰ ਦੀ ਆਈ-20 ਕਾਰ 'ਚ ਫਰਾਰ ਹੋ ਗਏ ਸਨ।


Related News