ਪੰਜਾਬ ''ਚ ''ਸਰਪੰਚੀ'' ਨੇ ਬਣਾਏ 2 ''ਮੁੱਖ ਮੰਤਰੀ''!

12/26/2018 9:04:06 AM

ਲੁਧਿਆਣਾ (ਮੁੱਲਾਂਪੁਰੀ) : ਪੰਜਾਬ 'ਚ ਅੱਜ-ਕੱਲ ਪੰਚਾਇਤੀ ਚੋਣਾਂ ਦਾ ਬਿਗੁਲ ਹਰ ਪਿੰਡ 'ਚ ਵੱਜ ਰਿਹਾ ਹੈ। ਕਹਿਣ ਨੂੰ ਇਹ ਦੇਸ਼ ਦੀ ਸਭ ਤੋਂ ਛੋਟੀ ਚੋਣ ਮੰਨੀ ਜਾਂਦੀ ਹੈ ਪਰ ਇਹ ਚੋਣ ਦੇਸ਼ ਤੇ ਸੂਬੇ ਦੀ ਰਾਜਨੀਤੀ ਦੇ ਪੈਰ ਹਨ। ਕਈ ਰਾਜਸੀ ਲੋਕ ਇਸ ਨੂੰ ਪਹਿਲੀ ਪੌੜੀ ਮੰਨਦੇ ਹਨ ਕਿਉਂਕਿ ਪੰਜਾਬ 'ਚ ਸਰਪੰਚ, ਪੰਚ ਬਣ ਕੇ ਜੋ ਵੀ ਆਗੂ ਆਪਣੀ ਰਾਜਨੀਤੀ ਸ਼ੁਰੂ ਕਰਦਾ ਹੈ, ਉਸ ਤੋਂ ਬਾਅਦ ਉਹ ਵੱਡੇ ਅਹੁਦਿਆਂ ਵੱਲ ਝੁਕਦਾ ਹੈ, ਜੀ ਹਾਂ! ਅਸੀਂ ਅੱਜ 13 ਹਜ਼ਾਰ 700 ਤੋਂ ਵੱਧ ਪਿੰਡਾਂ 'ਚ ਚੁਣੇ ਜਾਣ ਵਾਲੇ ਸਰਪੰਚਾਂ ਤੇ ਪੰਚਾਂ ਤੋਂ ਆਸ ਰੱਖਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਮੁੱਖ ਮੰਤਰੀ, ਵਜ਼ੀਰ ਜਾਂ ਐੱਮ. ਪੀ., ਵਿਧਾਇਕ ਬਣ ਕੇ ਪੰਜਾਬ ਦੀ ਰਾਜਨੀਤੀ 'ਚ ਆਪਣਾ ਸਿੱਕਾ ਜਮਾਉਣ ਤੇ ਸੇਵਾ ਕਰਨ।
੍ਰਪਾਠਕਾਂ ਨੂੰ ਦੱਸ ਦੇਈਏ ਕਿ ਪਿੰਡਾਂ 'ਚ ਸਰਪੰਚ ਬਣ ਕੇ ਅੱਜ ਤੱਕ ਪੰਜਾਬ 'ਚ ਮੁੱਖ ਮੰਤਰੀ ਬਣਨ ਦਾ ਜੇਕਰ ਕਿਸੇ ਨੂੰ ਮਾਣ ਹਾਸਲ ਹੋਇਆ ਹੈ ਤਾਂ ਉਹ ਸਵ. ਬੇਅੰਤ ਸਿੰਘ, ਜੋ ਬਿਲਾਸਪੁਰ ਦੇ ਸਰਪੰਚ ਬਣੇ ਤੇ ਫਿਰ ਮੰਤਰੀ ਤੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਅੱਤਵਾਦ ਖਤਮ ਕੀਤਾ। ਇਸੇ ਤਰ੍ਹਾਂ ਪੰਜ ਵਾਰੀ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਪਿੰਡ ਬਾਦਲ ਦੇ ਸਰਪੰਚ ਰਹੇ ਤੇ ਅੱਜ-ਕੱਲ ਵੀ ਰਾਜਨੀਤੀ 'ਚ ਵਿਚਰ ਰਹੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪੰਥ ਰਤਨ ਮਰਹੂਮ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੂੰ ਵੀ ਮਾਣ ਸੀ ਕਿ ਉਹ ਪਿੰਡ ਦਾ ਸਰਪੰਚ ਰਹੇ।

ਵੀਰ ਦਵਿੰਦਰ ਸਿੰਘ ਸਾਬਕਾ ਸਪੀਕਰ ਆਪਣੇ ਪਿੰਡ ਕੋਟਲਾ ਭਾਈਕੇ ਦੇ ਸਰਪੰਚ ਰਹੇ ਤੇ ਗੁਰਚਰਨ ਸਿੰਘ ਗਾਲਿਬ, ਗਾਲਿਬ ਪਿੰਡ ਤੇ ਅਮਰੀਕ ਸਿੰਘ ਆਲੀਵਾਲ ਪਿੰਡ ਆਲੀਵਾਲ ਦੇ ਸਰਪੰਚ ਰਹੇ, ਫਿਰ ਲੋਕ ਸਭਾ ਦੇ ਮੈਂਬਰ ਬਣੇ। ਇਸ ਤਰੀਕੇ ਨਾਲ ਪੰਜਾਬ 'ਚ ਪੰਜ ਦਰਜਨ ਦੇ ਕਰੀਬ ਕਾਂਗਰਸ, ਅਕਾਲੀ ਦਲ ਤੇ ਹੋਰਨਾਂ ਪਾਰਟੀਆਂ 'ਚ ਬੈਠੇ ਮੌਜੂਦਾ ਜਾਂ ਸਾਬਕਾ ਮੰਤਰੀ ਤੇ ਵਿਧਾਇਕ ਹਨ, ਜਿਨ੍ਹਾਂ ਨੇ ਆਪਣਾ ਰਾਜਸੀ ਜੀਵਨ ਪਿੰਡ ਦੀ ਸਰਪੰਚੀ ਤੋਂ ਸ਼ੁਰੂ ਕੀਤਾ ਹੈ। ਇਸ ਲਈ ਇਹ ਪਿੰਡ ਦੀ ਸਰਪੰਚੀ ਕੋਈ ਛੋਟੀ ਜਿਹੀ ਚੋਣ ਜਾਂ ਛੋਟਾ ਜਿਹਾ ਕਾਰਜ ਨਹੀਂ, ਜੇਕਰ ਇਸ ਨੂੰ ਰਾਜਸੱਤਾ ਤੇ ਰਾਜਸੀ ਕਲਾਸ ਦੀ ਪਹਿਲੀ ਜਮਾਤ ਕਿਹਾ ਜਾਵੇ ਤਾਂ ਕੋਈ ਅਤ-ਕਥਨੀ ਨਹੀਂ।


Babita

Content Editor

Related News