ਸਾਲਾਂ ਤੋਂ ਪਾਣੀ ਨੂੰ ਤਰਸਦੇ ਲੋਕਾਂ ਲਈ ਆਈ ਸਬਮਰਸੀਬਲ ਮੋਟਰ, ਸਰਪੰਚ ਨੇ ਨਹੀਂ ਦਿੱਤੀ ਲੱਗਣ
Thursday, Jun 09, 2022 - 02:36 AM (IST)
 
            
            ਬਰਨਾਲਾ (ਧਰਮਿੰਦਰ ਧਾਲੀਵਾਲ) : ਪਾਣੀ ਨੂੰ ਤਰਸਦੇ ਪਿੰਡ ਧੌਲਾ ਖੁੱਡੀ ਪੱਤੀ ਦੇ ਲੋਕਾਂ ਨੇ ਸਰਪੰਚ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਪਿੱਟ ਸਿਆਪਾ ਕੀਤਾ। ਇਸ ਮੌਕੇ ਐੱਸ.ਸੀ. ਭਾਈਚਾਰੇ ਨਾਲ ਸਬੰਧਿਤ ਗਰੀਬ ਪਰਿਵਾਰ ਦੀਆਂ ਔਰਤਾਂ ਤੇ ਲੋਕਾਂ ਨੇ ਸਰਪੰਚ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਅਸੀਂ ਵੋਟਾਂ ਪਾ ਕੇ ਸਰਪੰਚ ਨੂੰ ਜਿਤਾਇਆ ਸੀ। ਸਰਕਾਰ ਵੱਲੋਂ ਹੁਣ ਸਬਮਰਸੀਬਲ ਮੋਟਰਾਂ ਲਗਾਈਆਂ ਜਾ ਰਹੀਆਂ ਹਨ। ਐੱਸ.ਸੀ. ਭਾਈਚਾਰੇ ਦੇ 30 ਪਰਿਵਾਰਾਂ ਲਈ ਸਰਕਾਰੀ ਸਬਮਰਸੀਬਲ ਮੋਟਰ ਲਗਵਾ ਰਹੇ ਸੀ ਤਾਂ ਸਰਪੰਚ ਨੇ ਸਾਰਾ ਕੰਮ ਰੁਕਵਾ ਦਿੱਤਾ ਤੇ ਆਪਣੇ ਖ਼ਾਸ ਵਿਅਕਤੀ ਦੇ ਘਰ ਦੇ ਬਾਹਰ ਮੋਟਰ ਲਗਵਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਪਹਿਲਾਂ ਤਾਣੀ ਪਿਸਤੌਲ, ਫਿਰ ਮਾਰੇ ਦਾਤਰ, ਲੁੱਟ ਕੇ ਲੈ ਗਏ ਹਜ਼ਾਰਾਂ ਦੀ ਨਕਦੀ (ਵੀਡੀਓ)

ਪੀੜਤ ਔਰਤਾਂ ਨੇ ਸਰਪੰਚ ਖ਼ਿਲਾਫ਼ ਪਿੱਟ ਸਿਆਪਾ ਕਰਦਿਆਂ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਉਥੇ ਖਾਲੀ ਭਾਂਡੇ ਦਿਖਾਉਂਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਪੀਣਯੋਗ ਪਾਣੀ ਨਹੀਂ ਮਿਲ ਰਿਹਾ ਅਤੇ ਦੂਰੋਂ ਪਾਣੀ ਲਿਆਉਣਾ ਪੈਂਦਾ ਹੈ ਤੇ ਸਰਪੰਚ ਸਭ ਕੁਝ ਜਾਣਦੇ ਹੋਏ ਵੀ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ। ਸਰਪੰਚ ਵੱਲੋਂ ਕੰਮ ਰੋਕਣ ਬਾਰੇ ਜਦ ਉਸ ਦੇ ਘਰ ਇਕੱਠੇ ਹੋ ਕੇ ਬਸਤੀ ਦੇ ਗਰੀਬ ਲੋਕ ਗਏ ਤਾਂ ਸਰਪੰਚ ਨੇ ਉਨ੍ਹਾਂ ਨੂੰ ਬੇਇੱਜ਼ਤ ਕਰਕੇ ਘਰੋਂ ਮੋੜ ਦਿੱਤਾ। ਪੀੜਤ ਲੋਕਾਂ ਨੇ ਇਹ ਵੀ ਕਿਹਾ ਕਿ ਸਰਪੰਚ ਆਪਣੇ ਖਾਸ ਵਿਅਕਤੀਆਂ ਲਈ ਸਰਕਾਰੀ ਗਲੀ 'ਚ ਬਿਨਾਂ ਸਰਕਾਰੀ ਆਗਿਆ ਦੇ ਗ਼ੈਰ-ਕਾਨੂੰਨੀ ਢੰਗ ਨਾਲ ਸਬਮਰਸੀਬਲ ਮੋਟਰ ਲਗਵਾ ਰਿਹਾ ਹੈ, ਜਿਸ 'ਤੇ ਉਨ੍ਹਾਂ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਪੀਣ ਵਾਲੇ ਪਾਣੀ ਦੀ ਸਪਲਾਈ 24 ਘੰਟਿਆਂ 'ਚ ਬਹਾਲ ਨਾ ਕੀਤੀ ਤਾਂ ਲੋਕ ਕਰਨਗੇ ਬੁਢਲਾਡਾ ਬੰਦ

ਦੂਜੇ ਪਾਸੇ ਇਸ ਮਾਮਲੇ ਸਬੰਧੀ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਨ੍ਹਾਂ ਮੀਡੀਆ ਸਾਹਮਣੇ ਬੋਲਣ ਤੋਂ ਜਵਾਬ ਦੇ ਦਿੱਤਾ ਪਰ ਲੋਕਾਂ ਵੱਲੋਂ ਬਣਾਈ ਵੀਡੀਓ 'ਚ ਸਰਪੰਚ ਸਾਫ ਜਵਾਬ ਦਿੰਦਾ ਦਿਖਾਈ ਦੇ ਰਿਹਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਕਿਸਾਨ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਮੇਰੇ ਸਾਹਮਣੇ ਸਰਪੰਚ ਵੱਲੋਂ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਹੈ, ਕਿਸਾਨ ਯੂਨੀਅਨ ਵੱਲੋਂ ਕਾਰਵਾਈ ਕਰਵਾਈ ਜਾਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਪੰਜਾਬ 'ਚ ਖੁੱਲ੍ਹੇ ਬੋਰਾਂ ਨੂੰ ਲੈ ਕੇ ਸਖ਼ਤ ਆਦੇਸ਼ ਜਾਰੀ ਕੀਤੇ ਸਨ, ਉਥੇ ਦੂਜੇ ਪਾਸੇ ਸਰਪੰਚ ਧੜੱਲੇ ਨਾਲ ਬਿਨਾਂ ਇਜਾਜ਼ਤ ਸਰਕਾਰੀ ਗਲੀਆਂ 'ਚ ਬੋਰ ਕਰਵਾਉਂਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਵੱਡਾ ਹਾਦਸਾ ਹੋ ਸਕਦਾ ਹੈ।
ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            