ਸਰਪੰਚ ਨੇ ਬੀ. ਡੀ. ਓ. ''ਤੇ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

Wednesday, Sep 13, 2017 - 06:28 AM (IST)

ਸਰਪੰਚ ਨੇ ਬੀ. ਡੀ. ਓ. ''ਤੇ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼

ਲੋਪੋਕੇ,  (ਸਤਨਾਮ)-  ਪਿੰਡ ਭਿੱਟੇਵੱਡ ਦੇ ਸਰਪੰਚ ਸਰਬਜੀਤ ਸਿੰਘ ਰਾਜੂ ਨੇ ਬਲਾਕ ਹਰਸ਼ਾ ਛੀਨਾ ਦੇ ਬੀ. ਡੀ. ਓ. ਜਸਕਰਨ ਸਿੰਘ 'ਤੇ ਦੋਸ਼ ਲਾਏ ਹਨ ਕਿ ਪਿੰਡ ਦੇ ਵਿਕਾਸ ਲਈ ਜੋ ਕੰਮ ਕਰਵਾਏ ਜਾ ਰਹੇ ਹਨ, ਉਨ੍ਹਾਂ ਨੂੰ ਉਹ ਹੋਣ ਨਹੀਂ ਦੇ ਰਿਹਾ। ਅਸੀਂ ਪਿੰਡ ਦੇ ਵਿਕਾਸ ਲਈ ਜੋ ਵੀ ਚੈੱਕ ਪਾਸ ਕਰਨ ਲਈ ਭੇਜੇ ਸਨ ਉਨ੍ਹਾਂ 'ਤੇ ਉਹ ਆਪਣੇ ਗਲਤ ਦਸਤਖਤ ਕਰ ਰਿਹਾ ਹੈ, ਜਿਸ ਕਾਰਨ ਚੈੱਕ ਪਾਸ ਨਹੀਂ ਹੋ ਰਹੇ ਅਤੇ ਮੈਨੂੰ ਤੇ ਮੇਰੀ ਪੰਚਾਇਤ ਨੂੰ ਆਨੇ-ਬਹਾਨੇ ਬੀ. ਡੀ. ਓ. ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
 ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪਿੰਡ ਦੇ ਇਕ ਕਾਂਗਰਸੀ ਆਗੂ ਲਖਵਿੰਦਰ ਸਿੰਘ ਨੇ ਸਾਡੇ ਵਿਰੁੱਧ ਦਰਖਾਸਤ ਦਿੱਤੀ ਸੀ ਕਿ ਪਿੰਡ ਦੇ ਛੱਪੜ ਦੀ ਵੱਧ ਖੋਦਾਈ ਕਰ ਕੇ ਉਸ ਵਿਚੋਂ ਮਿੱਟੀ ਵੇਚੀ ਗਈ ਹੈ, ਜੋ ਕਿ ਬਿਲਕੁਲ ਬੇਬੁਨਿਆਦ ਹਨ ਕਿਉਂਕਿ ਸਾਡੀ ਪੰਚਾਇਤ ਨੇ ਮਤਾ ਪਾ ਕੇ ਇਹ ਫੈਸਲਾ ਲਿਆ ਸੀ ਕਿ ਪਿੰਡ ਦੀਆਂ ਗਲੀਆਂ-ਸੜਕਾਂ 'ਤੇ ਜੋ ਛੱਪੜ ਭਰ ਜਾਣ ਕਰ ਕੇ ਪਾਣੀ ਖੜ੍ਹਦਾ ਸੀ ਉਸ ਲਈ ਛੱਪੜ ਦੀ 8 ਫੁੱਟ ਤੱਕ ਖੋਦਾਈ ਕਰਵਾਈ ਅਤੇ ਇਸ ਦੀ ਮਿੱਟੀ ਸਕੂਲ ਦੀ ਗਰਾਊਂਡ, ਜੰਞ ਘਰਾਂ ਤੇ ਪਿੰਡ ਦੀਆਂ ਸਾਂਝੀਆਂ ਥਾਵਾਂ 'ਤੇ ਪੁਆਈ, ਜਿਸ ਦਾ ਠੇਕਾ ਕੁਲਦੀਪ ਸਿੰਘ ਠੇਕੇਦਾਰ ਨਾਲ ਟਿੱਪਰਾਂ ਤੇ ਜੇ. ਸੀ. ਬੀ. ਨਾਲ ਸੁੱਟਣ ਦਾ ਹੋਇਆ ਅਤੇ ਪੰਚਾਇਤ ਨੇ ਆਪਣੇ ਫੰਡ 'ਚੋਂ 4 ਲੱਖ ਰੁਪਏ ਦਾ ਚੈੱਕ ਵੀ ਦਿੱਤਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ 5 ਵਾਰ ਛੱਪੜ ਦੀ ਮਿਣਤੀ ਕੀਤੀ, ਜੋ ਸਹੀ ਪਾਈ ਗਈ।
ਬਾਅਦ ਵਿਚ ਲੋਕ ਛੱਪੜ 'ਚੋਂ ਮਿੱਟੀ ਪੁੱਟਦੇ ਰਹੇ ਅਤੇ ਲਖਵਿੰਦਰ ਸਿੰਘ ਨੇ ਇਸ ਛੱਪੜ 'ਤੇ ਕਬਜ਼ੇ ਵੀ ਕਰਵਾਏ ਹਨ, ਜਿਸ ਵਿਰੁੱਧ ਅਸੀਂ ਬੀ. ਡੀ. ਓ. ਦਫਤਰ ਵਿਖੇ ਦਰਖਾਸਤਾਂ ਵੀ ਦਿੱਤੀਆਂ ਪਰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਮੈਨੂੰ ਤੰਗ ਕਰ ਕੇ ਮੇਰੇ ਵਿਰੁੱਧ ਜਾਤੀ ਸੂਚਕ ਸ਼ਬਦ ਬੀ. ਡੀ. ਓ. ਵੱਲੋਂ ਬੋਲੇ ਗਏ। ਸਰਬਜੀਤ ਸਿੰਘ ਨੇ ਕਿਹਾ ਕਿ ਬੀ. ਡੀ. ਓ. ਨੇ ਡੀ. ਡੀ. ਪੀ. ਓ ਦੀ ਗੱਡੀ ਲੈਣ ਵਾਸਤੇ 1 ਲੱਖ ਦੀ ਮੰਗ ਕਰਨ ਦੇ ਦੋਸ਼ ਵੀ ਲਾਏ।
ਇਸ ਮੌਕੇ ਗੁਰਨਾਮ ਸਿੰਘ ਪਹਿਲਵਾਨ, ਸਾਬਕਾ ਸਰਪੰਚ ਕੁਲਰਾਜ ਸਿੰਘ, ਸਤਨਾਮ ਸਿੰਘ, ਚੇਅਰਮੈਨ ਬਲਦੇਵ ਸਿੰਘ, ਰਵੇਲ ਸਿੰਘ, ਸਤਨਾਮ ਸਿੰਘ, ਸਾਹਿਬ ਸਿੰਘ ਆਦਿ ਹਾਜ਼ਰ ਸਨ।
ਇਸ ਸਬੰਧੀ ਵਿਰੋਧੀ ਧਿਰ ਨਾਲ ਸੰਬੰਧਿਤ ਲਖਵਿੰਦਰ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਸਰਪੰਚ 'ਤੇ ਛੱਪੜ ਦੀ ਮਿੱਟੀ ਵੇਚਣ ਦੇ ਦੋਸ਼ ਲਾਏ।
 ਬੀ. ਡੀ. ਓ. ਜਸਕਰਨ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਆਪਣੇ ਉਪਰ ਲੱਗੇ ਦੋਸ਼ਾਂ ਝੂਠਾ ਤੇ ਬੇਬੁਨਿਆਦ ਦੱਸਿਆ ਤੇ ਕਿਹਾ ਸਰਪੰਚ ਸਰਬਜੀਤ ਸਿੰਘ ਰਾਜੂ ਵਿਰੁੱਧ ਡੀ. ਡੀ. ਪੀ. ਓ. ਸਾਹਿਬ ਨੂੰ ਦਰਖਾਸਤਾਂ ਗਈਆਂ ਹਨ, ਜਿਨ੍ਹਾਂ ਨੇ ਸਾਨੂੰ ਚਿੱਠੀਆਂ ਕੱਢੀਆਂ, ਅਸੀਂ ਉਸ ਆਧਾਰ 'ਤੇ ਜਾਂਚ ਕਰ ਰਹੇ, ਨਾ ਹੀ ਅਸੀਂ ਕਿਸੇ ਨੂੰ ਤੰਗ ਕੀਤਾ ਹੈ ਤੇ ਨਾ ਕਿਸੇ ਵਿਰੁੱਧ ਸਿਆਸੀ ਦਬਾਅ ਹੇਠ ਕਾਰਵਾਈ ਕਰਾਂਗੇ, ਅਸੀਂ ਕਾਨੂੰਨੀ ਤਰੀਕੇ ਨਾਲ ਨਿਰਪੱਖ ਜਾਂਚ ਕਰਾਂਗੇ। ਉਨ੍ਹਾਂ ਕਿਹਾ ਕਿ ਮੈਂ ਕਿਸੇ ਕੋਲੋਂ ਵੀ ਕੋਈ ਪੈਸੇ ਦੀ ਮੰਗ ਨਹੀਂ ਕੀਤੀ।


Related News