2 ਸਿੱਖਾਂ ਦੇ ਕਤਲ ਮਾਮਲੇ ’ਚ ਸਰਨਾ ਭਰਾਵਾਂ ਨੇ ਪਾਕਿ ਹਾਈ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ
Tuesday, May 17, 2022 - 01:42 AM (IST)
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੀ ਅਗਵਾਈ 'ਚ ਇਕ ਵਫ਼ਦ ਨੇ ਪਾਕਿਸਤਾਨ ਵਿੱਚ 2 ਸਿੱਖ ਨੌਜਵਾਨਾਂ ਦੇ ਕਤਲ ਦੇ ਮਾਮਲੇ 'ਚ ਰਾਜਧਾਨੀ ਦਿੱਲੀ 'ਚ ਪਾਕਿ ਹਾਈ ਕਮਿਸ਼ਨਰ ਆਫਤਾਬ ਹਸਨ ਖਾਨ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਿੱਖਾਂ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ ਤੇ ਪਾਕਿਸਤਾਨ 'ਚ ਰਹਿੰਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਪਾਕਿ ਹਾਈ ਕਮਿਸ਼ਨਰ ਨੇ ਮੰਗ-ਪੱਤਰ ਨੂੰ ਪੜ੍ਹਨ ਤੋਂ ਬਾਅਦ ਸਿੱਖ ਨੌਜਵਾਨਾਂ ਦੇ ਕਤਲ 'ਤੇ ਅਫਸੋਸ ਪ੍ਰਗਟ ਕੀਤਾ ਤੇ ਪੀੜਤ ਸਿੱਖ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿ ਸਰਕਾਰ ਕਾਤਲਾਂ ਦੀ ਗੰਭੀਰਤਾ ਨਾਲ ਭਾਲ ਕਰ ਰਹੀ ਹੈ ਤੇ ਉਮੀਦ ਹੈ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਵਫ਼ਦ ਨੂੰ ਭਰੋਸਾ ਜਤਾਇਆ ਕਿ ਸਿੱਖ ਭਾਈਚਾਰੇ ਦੀ ਸੁਰੱਖਿਆ ਦਾ ਹਰ ਪੱਖੋਂ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਪਾਕਿ ’ਚ 2 ਸਿੱਖਾਂ ਦੇ ਕਤਲ ਦੀ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਾ, ਕਹੀਆਂ ਇਹ ਗੱਲਾਂ
ਇਸ ਮੌਕੇ ਗੱਲਬਾਤ ਕਰਦਿਆਂ ਸਰਨਾ ਭਰਾਵਾਂ ਨੇ ਕਿਹਾ ਕਿ ਅਸੀਂ ਫੈਡਰਲ ਅਤੇ ਸੂਬਾਈ ਪੱਧਰ 'ਤੇ ਪਾਕਿਸਤਾਨ ਦੇ ਅਧਿਕਾਰੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕਣ ਅਤੇ ਪੇਸ਼ਾਵਰ ਦੇ 2 ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਜੇਲਾਂ 'ਚ ਬੰਦ ਕਰਨ। ਉਨ੍ਹਾਂ ਕਿਹਾ ਕਿ ਜਦ ਤੱਕ ਕਾਤਲਾਂ ਨੂੰ ਸਖਤ ਸਜ਼ਾ ਨਹੀਂ ਦਿੱਤੀ ਜਾਂਦੀ, ਤਦ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ। ਉਨ੍ਹਾਂ ਕਿਹਾ ਕਿ ਇਹੋ-ਜਿਹਾ ਪ੍ਰਬੰਧ ਕੀਤਾ ਜਾਵੇ ਕਿ ਦੁਬਾਰਾ ਅਜਿਹੀ ਘਟਨਾ ਨਾ ਵਾਪਰੇ ਤੇ ਪੀੜਤ ਪਰਿਵਾਰਾਂ ਨੂੰ ਮਾਲੀ ਸਹਾਇਤਾ ਵੀ ਦਿੱਤੀ ਜਾਵੇ ਕਿਉਂਕਿ ਮਾਰੇ ਗਏ ਨੌਜਵਾਨ ਹੀ ਆਪਣੇ ਪਰਿਵਾਰਾਂ ਲਈ ਕਮਾਈ ਦਾ ਸਾਧਨ ਸਨ। ਦੱਸ ਦੇਈਏ ਕਿ ਬੀਤੇ ਦਿਨ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਅਣਪਛਾਤਿਆਂ ਨੇ 2 ਸਿੱਖ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਨਾਲ ਦੁਨੀਆ ਭਰ ਦੇ ਸਿੱਖਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਕਤਲ ਕੀਤੇ ਗਏ ਦੋਵੇਂ ਸਿੱਖਾਂ ਦੀ ਪਛਾਣ ਕੰਵਲਜੀਤ ਸਿੰਘ ਤੇ ਰਣਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਪੇਸ਼ਾਵਰ ਦੇ ਰਹਿਣ ਵਾਲੇ ਸਨ।
ਇਹ ਵੀ ਪੜ੍ਹੋ : 23 ਕਿਸਾਨ ਜਥੇਬੰਦੀਆਂ 17 ਮਈ ਤੋਂ ਚੰਡੀਗੜ੍ਹ ਵਿਖੇ ਮੰਗਾਂ ਨੂੰ ਲੈ ਕੇ ਦੇਣਗੀਆਂ ਧਰਨਾ : ਜਗਜੀਤ ਡੱਲੇਵਾਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ