ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਓਬਰਾਏ ਹੋਏ ਕੋਰੋਨਾ ਮੁਕਤ

10/13/2020 12:18:24 PM

ਅੰਮ੍ਰਿਤਸਰ (ਸੰਧੂ) : ਬਿਨਾਂ ਕਿਸੇ ਸਵਾਰਥ ਆਪਣੇ ਕੋਲੋਂ ਪੈਸੇ ਖਰਚ ਕੇ ਵੱਡੇ ਮਿਸਾਲੀ ਸੇਵਾ ਕਾਰਜ ਨਿਭਾਉਣ ਵਾਲੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਜੋ ਕਿ ਪਿਛਲੇ ਦਿਨੀਂ ਕਰੋਨਾ ਦੀ ਲਪੇਟ 'ਚ ਆਉਣ ਕਾਰਨ ਪੀ.ਜੀ.ਆਈ. ਚੰਡੀਗੜ੍ਹ ਵਿਚ ਜੇਰੇ ਇਲਾਜ ਸਨ, ਅੱਜ ਉਹ ਕਰੋਨਾ ਰਿਪੋਰਟ ਨੈਗਟਿਵ ਆਉਣ 'ਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਉਪਰੰਤ ਆਪਣੇ ਘਰ ਪਰਤ ਆਏ ਹਨ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ ਦੇਸ਼ 'ਚ ਕਰੋਨਾ ਆਫ਼ਤ ਦੇ ਸ਼ੁਰੂ ਹੁੰਦਿਆਂ ਹੀ ਡਾ. ਐੱਸ.ਪੀ.ਸਿੰਘ ਓਬਰਾਏ ਵੱਲੋਂ ਆਪਣੇ ਦੁਬਈ ਵਿਚਲੇ ਸਾਰੇ ਕੰਮ ਛੱਡ ਦਿੱਤੇ ਗਏ ਅਤੇ ਆਪਣੀ ਸਿਹਤ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਜੇਬ 'ਚੋਂ ਕਰੀਬ 30 ਕਰੋੜ ਰੁਪਏ ਖ਼ਰਚ ਕੇ ਪੰਜਾਬ ਅੰਦਰ ਇਸ ਮਹਾਮਾਰੀ ਦੌਰਾਨ ਰੁਜ਼ਗਾਰਹੀਣ ਹੋਏ ਲੋਕਾਂ ਦੇ ਪਰਿਵਾਰਾਂ ਦੇ ਚੁੱਲ੍ਹੇ ਤੱਪਦੇ ਰੱਖਣ ਲਈ 2 ਲੱਖ ਤੋਂ ਵਧੇਰੇ ਲੋਕਾਂ ਨੂੰ ਇਕ-ਇਕ ਮਹੀਨੇ ਦਾ ਸੁੱਕਾ ਰਾਸ਼ਨ ਵੰਡਿਆ।

ਇਹ ਵੀ ਪੜ੍ਹੋ :  ਕੋਰੋਨਾ ਦੇ ਡਰ ਨਾਲ ਜੂਝ ਰਹੇ ਲੋਕਾਂ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ, ਸ਼ੁਰੂ ਕੀਤੀ ਇਹ ਸੇਵਾ

ਉਨ੍ਹਾਂ ਦੱਸਿਆ ਕਿ  ਪੰਜਾਬ ਦੇ ਸਾਰੇ ਹੀ ਸਰਕਾਰੀ ਮੈਡੀਕਲ ਕਾਲਜਾਂ, ਹਸਪਤਾਲਾਂ, ਹਵਾਈ ਅੱਡਿਆਂ, ਬੀ.ਐੱਸ.ਐੱਫ਼. ਤੋਂ ਇਲਾਵਾ ਸਮੁੱਚੇ ਜ਼ਿਲ੍ਹਿਆਂ ਦੇ ਸਿਵਲ, ਸਿਹਤ ਤੇ ਪੁਲਸ ਪ੍ਰਸ਼ਾਸਨ ਨੂੰ ਵੱਡੀ ਮਾਤਰਾ 'ਚ ਵੈਂਟੀਲੇਟਰ, ਐਂਬੂਲੈਂਸ ਗੱਡੀਆਂ, ਪੀ.ਪੀ.ਈ. ਕਿੱਟਾਂ, ਸਰਜੀਕਲ ਮਾਸਕ, ਸੈਨੇਟਾਈਜ਼ਰ, ਇਨਫਰਾਰੈੱਡ ਥਰਮਾਮੀਟਰ, ਅੰਤਿਮ ਯਾਤਰਾ ਗੱਡੀਆਂ ਵੰਡਣ ਦੀ ਵੱਡੀ ਸੇਵਾ ਨਿਭਾ ਕੇ ਪੂਰੀ ਦੁਨੀਆਂ ਅੰਦਰ ਇਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ। 

ਇਹ ਵੀ ਪੜ੍ਹੋ :  ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖ਼ਬਰ, ਖਜ਼ਾਨਾ ਮੰਤਰੀ ਦਾ ਐਲਾਨ, ਜਲਦ ਸ਼ੁਰੂ ਹੋਣ ਜਾ ਰਹੀ ਭਰਤੀ

ਉਨ੍ਹਾਂ ਦੱਸਿਆ ਇਨ੍ਹਾਂ ਸੇਵਾ ਕਾਰਜਾਂ ਦੌਰਾਨ ਹੀ ਪਿਛਲੇ ਦਿਨੀਂ ਡਾ. ਓਬਰਾਏ ਕੋਰੋਨਾ ਦੀ ਲਪੇਟ 'ਚ ਆ ਗਏ ਸਨ ਅਤੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਚ ਭਰਤੀ ਕਰਾਉਣਾ ਪਿਆ ਸੀ। ਕੋਰੋਨਾ ਰਿਪੋਰਟ ਨੈਗੇਟਿਵ ਆਉਣ ਉਪਰੰਤ ਅੱਜ ਡਾ.ਓਬਰਾਏ ਹਸਪਤਾਲ ਤੋਂ ਆਪਣੇ ਘਰ ਪਰਤ ਆਏ ਹਨ। ਡਾ. ਓਬਰਾਏ ਵੱਲੋਂ ਉਨ੍ਹਾਂ ਦੀ ਤੰਦਰੁਸਤੀ ਲਈ ਦੇਸ਼-ਵਿਦੇਸ਼ ਤੋਂ ਅਰਦਾਸ ਬੇਨਤੀਆਂ ਕਰਨ ਵਾਲੇ ਸਾਰੇ ਹੀ ਸੁਨੇਹੀ ਸੱਜਣਾਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਅੰਦਰ ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਡਾ.ਐਸ.ਪੀ. ਸਿੰਘ ਓਬਰਾਏ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਦੇਸ਼ ਵਿਦੇਸ਼ 'ਚ ਬੈਠੇ ਲੋਕਾਂ ਵੱਲੋਂ ਵੱਡੇ ਪੱਧਰ ਤੇ ਲਗਾਤਾਰ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ :  ਜਲੰਧਰ ਦੀ ਕੁਸੁਮ ਤੋਂ ਬਾਅਦ ਰਾਮਪੁਰਾ ਦੀ ਪਰਮਿੰਦਰ ਨੇ ਚਟਾਈ ਲੁਟੇਰਿਆਂ ਨੂੰ ਧੂੜ, ਵੀਡੀਓ ਦੇਖ ਹੋਵੋਗੇ ਹੈਰਾਨ


Gurminder Singh

Content Editor

Related News