ਸਰਬੱਤ ਦਾ ਭਲਾ ਟਰੱਸਟ ਦੀ ਬਦੌਲਤ ਗੁਰਦਾ ਪੀੜਤ ਮਰੀਜ਼ਾਂ ਨੂੰ ਆਰਥਿਕ ਲੁੱਟ ਤੇ ਬੇਲੋੜੀ ਪ੍ਰੇਸ਼ਾਨੀ ਤੋਂ ਮਿਲੀ ਨਿਜ਼ਾਤ

06/07/2021 4:32:03 PM

ਅੰਮ੍ਰਿਤਸਰ (ਸੰਧੂ) : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ.ਸਿੰਘ ਓਬਰਾਏ ਵੱਲੋਂ ਪੰਜਾਬ ਸਮੇਤ 10 ਹੋਰਨਾਂ ਸੂਬਿਆਂ ਅੰਦਰ ਸਥਾਪਤ ਕੀਤੇ ਗਏ 200 ਡਾਇਲਸਿਸ ਯੂਨਿਟਾਂ ਦੀ ਬਦੌਲਤ ਗੁਰਦੇ ਦੀ ਬਿਮਾਰੀ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਡਾਇਲਸਿਸ ਕਰਵਾਉਣ ਸਮੇਂ ਹੁੰਦੀ ਬੇਲੋੜੀ ਪ੍ਰੇਸ਼ਾਨੀ ਦੇ ਨਾਲ-ਨਾਲ ਵੱਡੀ ਆਰਥਿਕ ਲੁੱਟ ਤੋਂ ਵੀ ਨਿਜ਼ਾਤ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਤੋਂ ਗੁਰਦਾ ਪੀੜਤ ਮਰੀਜ਼ਾਂ ਦੀ ਗਿਣਤੀ ’ਚ ਕਾਫ਼ੀ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਡਾਇਲਸਿਸ ਸੈਂਟਰਾਂ ਦੀ ਘਾਟ ਹੋਣ ਕਾਰਨ ਪੰਜਾਬ ਦੇ ਬਹੁਤ ਸਾਰੇ ਮਰੀਜ਼ਾਂ ਨੂੰ ਆਪਣਾ ਡਾਇਲਸਿਸ ਕਰਵਾਉਣ ਲਈ 100 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਨੀ ਪੈਂਦੀ ਸੀ, ਜਿਸ ਨਾਲ ਜਿੱਥੇ ਮਰੀਜ਼ ਅਤੇ ਉਸ ਦੇ ਵਾਰਸਾਂ ਦੀ ਬੇਲੋੜੀ ਖੱਜਲ-ਖੁਆਰੀ ਹੁੰਦੀ ਸੀ, ਉਥੇ ਹੀ ਉਨ੍ਹਾਂ ਨੂੰ ਵੱਡੀ ਆਰਥਿਕ ਲੁੱਟ ਦਾ ਸ਼ਿਕਾਰ ਵੀ ਹੋਣਾ ਪੈਂਦਾ ਸੀ। ਜਿਸ ਨੂੰ ਵੇਖਦਿਆਂ ਉਨ੍ਹਾਂ ਵਲੋਂਲਏ ਗਏ ਫ਼ੈਸਲੇ ਤਹਿਤ ਅੱਜ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪੰਜਾਬ ਸਮੇਤ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਮੱਧ ਪ੍ਰਦੇਸ਼, ਕੇਰਲਾ ਅਤੇ ਉੱਤਰ ਪ੍ਰਦੇਸ਼ ਸੂਬੇ ਦੇ ਵੱਖ-ਵੱਖ ਖੇਤਰਾਂ ਦੇ 70 ਹਸਪਤਾਲਾਂ ਅੰਦਰ 200 ਦੇ ਕਰੀਬ ਡਾਇਲਸਿਸ ਯੂਨਿਟ ਸਥਾਪਿਤ ਕੀਤੇ ਜਾ ਚੁੱਕੇ ਹਨ।

ਅੱਜ ਪੰਜਾਬ ’ਚ ਲਗਭਗ ਹਰੇਕ 25 ਕਿਲੋਮੀਟਰ ਬਾਅਦ ਟਰੱਸਟ ਵੱਲੋਂ ਡਾਇਲਸਿਸ ਦੀ ਸਹੂਲਤ ਦਿੱਤੀ ਜਾ ਰਹੀ ਹੈ ਅਤੇ ਡਾਇਲਸਿਸ ਦੇ ਰੇਟ ਵੀ ਨਾ- ਮਾਤਰ ਹੀ ਲਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਾਇਲਸਿਸ ਯੂਨਿਟਾਂ ਤੇ ਕਈ ਜਗ੍ਹਾ ਬਿਲਕੁਲ ਮੁਫ਼ਤ ਜਦ ਕਿ ਕੁਝ ਥਾਵਾਂ ਤੇ ਸਿਰਫ਼ 100 ਰੁਪਏ ਤੋਂ ਲੈ ਕੇ 650 ਰੁਪਏ ਤੱਕ ਹੀ ਡਾਇਲਸਿਸ ਕੀਤੇ ਜਾਂਦੇ ਹਨ ਜਦ ਕਿ ਟਰੱਸਟ ਕੋਲੋਂ ਪੈਨਸ਼ਨ ਜਾਂ ਹੋਰ ਸਿਹਤ ਸੰਬੰਧੀ ਸਹੂਲਤ ਲੈਣ ਵਾਲੇ ਲੋੜਵੰਦਾਂ ਨੂੰ ਇਹ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। 

ਡਾ.ਓਬਰਾਏ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ , ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਸਮੇਤ ਪੰਜਾਬ ਦੇ 21 ਸਰਕਾਰੀ ਅਤੇ 48 ਨਿੱਜੀ ਹਸਪਤਾਲਾਂ ਅੰਦਰ 100 ਡਾਇਲਸਿਸ ਯੂਨਿਟ ਸਥਾਪਤ ਕੀਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਅੰਦਰ ਨਾਲਾਗੜ੍ਹ, ਬੱਦੀ, ਪਾਲਮਪੁਰ, ਸੁੰਦਰ ਨਗਰ ਤੇ ਹਮੀਰਪੁਰ 'ਚ 12 ਯੂਨਿਟ ,ਚੰਡੀਗੜ੍ਹ ’ਚ 16 ਜਦ ਕਿ ਹਰਿਆਣੇ 'ਚ 24 ਯੂਨਿਟ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਟਰੱਸਟ ਦੁਆਰਾ ਸਥਾਪਤ ਕੀਤੇ ਗਏ ਡਾਇਲਸਿਸ ਯੂਨਿਟਾਂ ਰਾਹੀਂ ਹਰ ਰੋਜ਼ ਹਜ਼ਾਰਾਂ ਹੀ ਮਰੀਜ਼ ਡਾਇਲਸਿਸ ਦੀ ਸਹੂਲਤ ਦਾ ਲਾਭ ਉਠਾ ਰਹੇ ਹਨ ਅਤੇ ਜੇਕਰ ਅੰਕੜੇ ਵੇਖੇ ਜਾਣ ਤਾਂ ਇਕ ਸਾਲ ਦੌਰਾਨ ਇਨ੍ਹਾਂ ਯੂਨਿਟਾਂ ਤੇ 1 ਲੱਖ ਤੋਂ ਵਧੇਰੇ ਡਾਇਲਸਿਸ ਹੋ ਰਹੇ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਜਿੱਥੇ ਪਹਿਲਾਂ ਤੋਂ ਹੀ ਟਰੱਸਟ ਦਾ ਡਾਇਗਨੋਜ਼ ਸੈਂਟਰ ਤੇ ਲੈਬਾਰਟਰੀ ਚੱਲ ਰਹੀ ਹੈ ਉਥੇ ਹੁਣ ਬਹੁਤ ਜਲਦ 12 ਨਵੇਂ ਡਾਇਲਸਿਸ ਯੂਨਿਟ ਵੀ ਸਥਾਪਿਤ ਕੀਤੇ ਜਾ ਰਹੇ ਹਨ ਅਤੇ ਇਥੇ ਕੇਵਲ 250 ਰੁਪਏ ’ਚ ਹੀ ਡਾਇਲਸਿਸ ਕੀਤਾ ਜਾਵੇਗਾ।

ਓਬਰਾਏ ਨੇ ਇਹ ਵੀ ਦੱਸਿਆ ਕਿ ਪੰਜਾਬ ਅੰਦਰ ਕੁਝ ਮਰੀਜ਼ ਅਜਿਹੇ ਵੀ ਹਨ ਜੋ ਗੁਰਦੇ ਦੀ ਬਿਮਾਰੀ ਨਾਲ-ਨਾਲ ਐੱਚ.ਆਈ.ਵੀ. ਪੌਜ਼ਟਿਵ ਵੀ ਹਨ। ਪਹਿਲੀ ਗੱਲ ਤਾਂ ਅਜਿਹੇ ਮਰੀਜ਼ਾਂ ਦਾ ਡਾਇਲਸਿਸ ਕਰਨ ਨੂੰ ਕੋਈ ਹਸਪਤਾਲ ਛੇਤੀ ਤਿਆਰ ਨਹੀਂ ਹੁੰਦਾ ਜੇਕਰ ਕੋਈ ਕਰਦਾ ਵੀ ਹੈ ਤਾਂ ਬਹੁਤ ਜ਼ਿਆਦਾ ਪੈਸੇ ਵਸੂਲ ਕਰਦਾ ਹੈ। ਇਸ ਮੁਸ਼ਕਿਲ ਨੂੰ ਵੇਖਦਿਆਂ ਹੋਇਆਂ ਟਰੱਸਟ ਨੇ ਚੰਡੀਗੜ੍ਹ, ਪਟਿਆਲਾ, ਅੰਮ੍ਰਿਤਸਰ,ਜਲੰਧਰ ਤੇ ਲੁਧਿਆਣਾ ਵਿਖੇ ਐੱਚ.ਆਈ.ਵੀ. ਪੀੜਤ ਮਰੀਜ਼ਾਂ ਲਈ ਵਿਸ਼ੇਸ਼ ਡਾਇਲਸਿਸ ਯੂਨਿਟ ਸਥਾਪਤ ਕੀਤੇ ਹਨ ਜਦੋਂ ਕਿ ਹੈਪੇਟਾਈਟਸ-ਸੀ ਪੀੜਤ ਮਰੀਜ਼ਾਂ ਨੂੰ ਤਾਂ ਹਰੇਕ ਜ਼ਿਲ੍ਹੇ ਅੰਦਰ ਇਹ ਸੁਵਿਧਾ ਦਿੱਤੀ ਜਾ ਰਹੀ ਹੈ।


Gurminder Singh

Content Editor

Related News