ਪੰਜਾਬ ਦੇ ਖਿਡਾਰੀ ਦੇਸ਼ ਛੱਡ ਜਾ ਰਹੇ ਹਨ ਵਿਦੇਸ਼, ਸੁਣੋ ਇਸ ਹੈਂਡਬਾਲ ਖਿਡਾਰੀ ਦੀ ਹੱਡ ਬੀਤੀ

01/30/2020 5:05:21 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ)— ਪੰਜਾਬ ਦੀ ਨੌਜਵਾਨੀ ਵਾਂਗ ਹੁਣ ਪੰਜਾਬ ਦੇ ਖਿਡਾਰੀ ਵੀ ਵਿਦੇਸ਼ਾਂ ਦਾ ਰੁਖ਼ ਕਰ ਰਹੇ ਹਨ ਕਿਉਂਕਿ ਸਰਕਾਰ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਇਕ ਗੁਰਦਾਸਪੁਰ ਦਾ ਰਹਿਣ ਵਾਲਾ ਸੋਨ ਤਮਗਾ ਜੇਤੂ ਹੈਂਡਬਾਲ ਦਾ ਖਿਡਾਰੀ ਸਰਬਜੀਤ ਸਿੰਘ ਹੈ ਜੋ ਪੰਜਾਬ ਨੂੰ ਛੱਡ ਕੇ ਦੁਬਈ 'ਚ ਐਥਲੀਟ 'ਚ ਆਪਣੇ ਜੌਹਰ ਦਿਖਾ ਕੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਿਹਾ ਹੈ ਪਰ ਇਸ ਖਿਡਾਰੀ ਨੂੰ ਆਪਣੀਆਂ ਸਰਕਾਰਾਂ ਪ੍ਰਤੀ ਕਾਫੀ ਰੋਸ ਹੈ ਕਿਉਂਕਿ ਹੈਂਡਬਾਲ 'ਚ ਸੋਨ ਤਮਗਾ ਹਾਸਲ ਕਰਨ ਦੇ ਬਾਅਦ ਇਸ ਨੂੰ ਅੱਗੇ ਖੇਡਣ ਲਈ ਉਸ ਸਮੇਂ ਦੀਆਂ ਸਰਕਾਰਾਂ ਨੇ ਕੋਈ ਸਹਿਯੋਗ ਨਹੀਂ ਕੀਤਾ ਹੈ ਅਤੇ ਨਾ ਹੀ ਕੋਈ ਨੌਕਰੀ ਦਿੱਤੀ। ਜਿਸ ਕਾਰਨ ਇਸ ਖਿਡਾਰੀ ਨੂੰ ਆਪਣਾ ਦੇਸ਼ ਛੱਡ ਵਿਦੇਸ਼ ਜਾਣਾ ਪਿਆ।

ਸਾਡੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਹੈਂਡਬਾਲ ਖਿਡਾਰੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ 1889-90 'ਚ ਨੈਸ਼ਨਲ ਸਕੂਲ ਖੇਡ 'ਚ ਰਿਟਾਇਰਡ ਚੀਫ ਮਾਰਸ਼ਲ ਸਰਦਾਰ ਅਰਜੁਨ ਸਿਘ ਅਤੇ ਉਪ ਰਾਸ਼ਟਰਪਤੀ ਦਿੱਲੀ ਤੋਂ ਗੋਲਡ ਮੈਡਲ ਹਾਸਲ ਕਰਨ 'ਤੇ ਸਨਮਾਨਤ ਹੋਏ ਸਨ। ਇਸ ਤੋਂ ਬਾਅਦ ਉਹ ਅੱਗੇ ਹੋਰ ਖੇਡਣਾ ਚਾਹੁੰਦੇ ਸਨ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨਾ ਚਾਹੁੰਦੇ ਸਨ ਪਰ ਗਰੀਬ ਪਰਿਵਾਰ ਹੋਣ ਕਾਰਨ ਉਸ ਕੋਲ ਪੈਸਿਆਂ ਦੀ ਕਮੀ ਸੀ ਅਤੇ ਉਸ ਨੇ ਸਰਕਾਰ ਤੋਂ ਮਦਦ ਲੈਣ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਸਰਕਾਰ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਇਸ ਕਾਰਨ ਉਸ ਨੇ ਖੇਡ ਛੱਡ ਦਿੱਤੀ ਅਤੇ ਸੋਨ ਤਮਗਾ ਜਿੱਤਣ ਦੇ ਬਾਅਦ ਉਸ ਨੇ ਇਕ ਚਪੜਾਸੀ ਦੀ ਨੌਕਰੀ ਲਈ ਬਹੁਤ ਸੰਘਰਸ਼ ਕੀਤਾ ਪਰ ਸਰਕਾਰ ਉਸ ਨੂੰ ਚਪੜਾਸੀ ਦੀ ਨੌਕਰੀ ਵੀ ਨਾ ਦੇ ਸਕੀ। ਨੌਕਰੀ ਲੈਣ ਲਈ ਉਹ ਉਸ ਸਮੇਂ ਦੇ ਮੁੱਖਮੰਤਰੀ ਬੇਅੰਤ ਸਿੰਘ ਅਤੇ ਖੇਡ ਮੰਤਰੀ ਮਹਿੰਦਰ ਸਿੰਘ ਨੂੰ ਵੀ ਮਿਲੇ ਪਰ ਕਿਸੇ ਨੇ ਵੀ ਉਸ ਦੀ ਸਾਰ ਨਾ ਲਈ।

ਇਸ ਲਈ ਮਜਬੂਰਨ ਉਸ ਨੂੰ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਦਾ ਰੁਖ਼ ਕਰਨਾ ਪਿਆ ਪਰ ਉਸ ਦਾ ਦੇਸ਼ ਪ੍ਰਤੀ ਜਜ਼ਬਾ ਘੱਟ ਨਹੀਂ ਹੋਇਆ ਅਤੇ ਉਹ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਅੱਜ ਵੀ ਵਿਦੇਸ਼ 'ਚ ਹੋਰ ਰਹੀਆਂ ਖੇਡਾਂ 'ਚ ਹਿੱਸਾ ਲੈ ਰਿਹਾ ਹੈ ਅਤੇ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਰਿਹਾ ਹੈ। ਦੁਬਈ 'ਚ ਉਹ ਕਾਫੀ ਤਮਗੇ ਜਿੱਤ ਚੁੱਕਾ ਹੈ ਅਤੇ ਦੁਬਈ 'ਚ ਹੋਣ ਵਾਲੀ ਦੌੜ 'ਚ ਆਪਣੇ ਦੇਸ਼ ਦਾ ਤਿਰੰਗਾ ਲੈ ਕੇ ਦੌੜਦਾ ਹੈ ਜਿਸ ਨਾਲ ਕਿ ਉਹ ਆਪਣੇ ਦੇਸ਼ ਦਾ ਨਾਂ ਰੌਸ਼ਨ ਕਰ ਸਕੇ ਅਤੇ ਵਿਦੇਸ਼ ਦੀ ਸਰਕਾਰ ਵੀ ਉਸ ਦਾ ਪੂਰਾ ਮਾਨ-ਸਤਿਕਾਰ ਕਰਦੀ ਹੈ। ਇਸ ਖਿਡਾਰੀ ਦੀ ਪੰਜਾਬ ਸਰਕਾਰ ਤੋਂ ਅਪੀਲ ਹੈ ਕਿ ਜੇਕਰ ਸਾਡੇ ਖਿਡਾਰੀਆਂ ਨੂੰ ਬਣਦਾ ਸਨਮਾਨ ਨਹੀਂ ਦਿੱਤਾ ਜਾਵੇਗਾ ਤਾਂ ਸਾਡੇ ਪੰਜਾਬ 'ਚੋਂ ਚੰਗੇ ਖਿਡਾਰੀ ਵੀ ਖਤਮ ਹੋ ਜਾਣਗੇ।  


Tarsem Singh

Content Editor

Related News