ਪ੍ਰਭਲੀਨ ਕਤਲ ਮਾਮਲੇ ''ਚ ਵਿਦੇਸ਼ ਮੰਤਰੀ ਨੂੰ ਮਿਲੇ ਸੰਤੋਖ ਚੌਧਰੀ, ਕੀਤੀ ਇਹ ਮੰਗ

Thursday, Nov 28, 2019 - 11:17 AM (IST)

ਪ੍ਰਭਲੀਨ ਕਤਲ ਮਾਮਲੇ ''ਚ ਵਿਦੇਸ਼ ਮੰਤਰੀ ਨੂੰ ਮਿਲੇ ਸੰਤੋਖ ਚੌਧਰੀ, ਕੀਤੀ ਇਹ ਮੰਗ

ਜਲੰਧਰ (ਧਵਨ)— ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਬੀਤੇ ਦਿਨ ਕੇਂਦਰੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਮੁਲਾਕਾਤ ਕਰਕੇ ਕੈਨੇਡਾ ਦੇ ਸਰੀ ਸ਼ਹਿਰ 'ਚ ਪ੍ਰਭਲੀਨ ਕੌਰ ਦੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਪ੍ਰਭਲੀਨ ਕੈਨੇਡਾ 'ਚ ਉੱਚ ਸਿੱਖਿਆ ਲਈ ਗਈ ਸੀ ਅਤੇ ਉਸ ਤੋਂ ਬਾਅਦ ਉਹ ਕੈਨੇਡਾ 'ਚ ਹੀ ਪੂਰੀ ਤਰ੍ਹਾਂ ਕੰਮ ਕਰ ਰਹੀ ਸੀ। ਉਹ ਜ਼ਿਲਾ ਜਲੰਧਰ ਦੇ ਪਿੰਡ ਚਿੱਟੀ ਨਾਲ ਸਬੰਧ ਰੱਖਦੀ ਸੀ।

PunjabKesari

ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਇਹ ਇਕ ਹੱਤਿਆ ਦਾ ਮਾਮਲਾ ਹੈ ਅਤੇ ਇਸ ਨਾਲ ਪੰਜਾਬ ਦੇ ਲੋਕਾਂ 'ਚ ਰੋਸ ਅਤੇ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਹਰ ਸਾਲ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਉੱਚ ਸਿੱਖਿਆ ਲੈਣ ਲਈ ਜਾਂਦੇ ਹਨ ਅਤੇ ਸਿੱਖਿਆ ਪੂਰੀ ਹੋਣ ਤੋਂ ਬਾਅਦ ਉਥੇ ਕੰਮ ਕਰਨ ਲਈ ਵਸ ਜਾਂਦੇ ਹਨ। ਪ੍ਰਭਲੀਨ ਦੀ ਹੱਤਿਆ ਨਾਲ ਨੌਜਵਾਨ ਵਰਗ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਕੈਨੇਡਾ 'ਚ ਪੜ੍ਹ ਰਹੇ ਪੰਜਾਬੀ ਬੱਚਿਆਂ ਦੇ ਮਾਪਿਆਂ 'ਚ ਵੀ ਚਿੰਤਾ ਪਾਈ ਜਾ ਰਹੀ ਹੈ।

PunjabKesari

ਸੰਸਦ ਮੈਂਬਰ ਚੌਧਰੀ ਨੇ ਕੇਂਦਰੀ ਮੰਤਰੀ ਨੂੰ ਕਿਹਾ ਕਿ ਉਹ ਇਹ ਮਾਮਲਾ ਕੈਨੇਡਾ ਸਰਕਾਰ ਦੇ ਸਾਹਮਣੇ ਉਠਾਉਣ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਇਹ ਮਾਮਲਾ ਦੂਜੇ ਦੇਸ਼ ਨਾਲ ਜੁੜਿਆ ਹੋਇਆ ਹੈ, ਇਸ ਲਈ ਇਸ 'ਚ ਪੰਜਾਬ ਸਰਕਾਰ ਕੁਝ ਨਹੀਂ ਕਰ ਸਕਦੀ। ਕੇਂਦਰ ਨੂੰ ਇਹ ਮਾਮਲਾ ਆਪਣੇ ਦੂਤਘਰ ਦੇ ਜ਼ਰੀਏ ਕੈਨੇਡਾ ਸਰਕਾਰ ਦੇ ਸਾਹਮਣੇ ਉਠਾਉਣਾ ਚਾਹੀਦਾ ਹੈ। ਕੇਂਦਰੀ ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਰੋਸਾ ਦਿਵਾਇਆ ਕਿ ਉਹ ਕੈਨੇਡਾ ਸਰਕਾਰ 'ਚ ਉੱਚ ਅਧਿਕਾਰੀਆਂ ਦੇ ਸਾਹਮਣੇ ਪੰਜਾਬੀ ਲੜਕੀ ਦੀ ਹੱਤਿਆ ਦਾ ਮਾਮਲਾ ਚੁੱਕਣਗੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਦਿਵਾਈ ਜਾਵੇਗੀ।


author

shivani attri

Content Editor

Related News