ਸੰਤ ਸੀਚੇਵਾਲ ਨੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨਾਲ ਕੀਤੀ ਮੁਲਾਕਾਤ, ਚੁੱਕੇ ਇਹ ਅਹਿਮ ਮੁੱਦੇ
Tuesday, Apr 04, 2023 - 10:50 PM (IST)
ਸੁਲਤਾਨਪੁਰ ਲੋਧੀ (ਸੋਢੀ, ਧੀਰ, ਅਸ਼ਵਨ, ਜੋਸ਼ੀ)-ਬਜਟ ਇਜਲਾਸ ਦੌਰਾਨ ਹੋਏ ਹੰਗਾਮਿਆਂ ਕਾਰਨ ਸੰਸਦ ਦੀ ਕਾਰਵਾਈ ਠੱਪ ਰਹਿਣ ਕਾਰਨ ਸਮੇਂ ਤੇ ਪੈਸਿਆਂ ਦੀ ਹੋਈ ਬਰਬਾਦੀ ਨੂੰ ਲੈ ਕੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੂੰ ਪੱਤਰ ਲਿਖਿਆ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਬਣੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬੀ ਭਾਸ਼ਾ ਵਿਚ ਲਿਖੇ ਆਪਣੇ ਪੱਤਰ ਵਿਚ ਬਹੁਤ ਹੀ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਸੱਤਾਧਾਰੀ ਤੇ ਵਿਰੋਧੀ ਧਿਰਾਂ ਵੱਲੋਂ ਸੰਸਦ ਨਾ ਚੱਲਣ ਦੇਣ ਕਾਰਨ ਜਿੱਥੇ ਦੇਸ਼ ਦੇ ਲੋਕਾਂ ਦੇ ਕਰੋੜਾਂ ਰੁਪਏ ਬਰਬਾਦ ਹੋਏ ਹਨ, ਉੱਥੇ ਹੀ ਗੰਭੀਰ ਮੁੱਦਿਆਂ ’ਤੇ ਚਰਚਾ ਨਹੀਂ ਹੋ ਸਕੀ।
ਇਹ ਖ਼ਬਰ ਵੀ ਪੜ੍ਹੋ : ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਹਕੀਕਤਾਂ ਸਮਝਣ ਲਈ ਸਿੱਖਿਆ ਮੰਤਰੀ ਬੈਂਸ ਨੇ ਲਿਆ ਅਹਿਮ ਫ਼ੈਸਲਾ
ਉਨ੍ਹਾਂ ਆਪਣੇ ਪੱਤਰ ਵਿਚ ਕਿਹਾ ਕਿ ਉਨ੍ਹਾਂ ਨੇ ਕਰੀਬ 10 ਮਹੀਨੇ ਪਹਿਲਾਂ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਵਜੋਂ ਸੇਵਾ ਸ਼ੁਰੂ ਕੀਤੀ ਸੀ। ਮੇਰੀ ਸਿਆਸਤ ’ਚ ਕਦੇ ਕੋਈ ਰੁਚੀ ਨਹੀਂ ਰਹੀ। ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਵਾਤਾਵਰਨ ਸੰਭਾਲ ਅਤੇ ਸਮਾਜ ਸੇਵਾ ਨੂੰ ਸਮਰਪਿਤ ਰਹੀ ਹੈ, ਜਿਸਨੂੰ ਦੇਖਦਿਆਂ ਹੀ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ, ਤਾਂ ਕਿ ਵਾਤਾਵਰਣ ਤੇ ਪਾਣੀਆਂ ਦੇ ਮੁੱਦੇ ’ਤੇ ਕੀਤੇ ਕਾਰਜਾਂ ਦੇ ਤਜਰਬੇ ਦਾ ਲਾਭ ਸਮੁੱਚੇ ਦੇਸ਼ ਨੂੰ ਮਿਲ ਸਕੇ, ਇਸੇ ਮਕਸਦ ਨੂੰ ਲੈ ਕੇ ਉਨ੍ਹਾਂ ਰਾਜ ਸਭਾ ਮੈਂਬਰਸ਼ਿਪ ਨੂੰ ਸਵੀਕਾਰਿਆ ਸੀ।
ਇਹ ਖ਼ਬਰ ਵੀ ਪੜ੍ਹੋ : ਭਾਜਪਾ ਆਗੂ ਤਰੁਣ ਚੁੱਘ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਲੈ ਕੇ ‘ਆਪ’ ਸਰਕਾਰ ’ਤੇ ਵਿੰਨ੍ਹਿਆ ਨਿਸ਼ਾਨਾ
ਰਾਜ ਸਭਾ ਦੇ ਮੈਂਬਰ ਵਜੋਂ ਉਨ੍ਹਾਂ ਨੇ ਸੰਖ਼ੇਪ ਜਿਹੇ ਕਾਰਜਕਾਲ ਦੌਰਾਨ 3 ਸੰਸਦ ਇਜਲਾਸਾਂ ਵਿਚ ਹਾਜ਼ਰੀ ਭਰੀ ਹੈ ਤੇ ਉਨ੍ਹਾਂ ਪਹਿਲੇ ਅਤੇ ਦੂਜੇ ਦੋਵੇਂ ਇਜਲਾਸਾਂ ਦੌਰਾਨ ਪੰਜਾਬ ਅਤੇ ਮੁਲਕ ਦੇ ਕੁਝ ਅਹਿਮ ਲੋਕਪੱਖ਼ੀ ਮਸਲੇ ਉਠਾਏ ਸੀ ਪਰ ਮੌਜੂਦਾ ਬਜਟ ਸੈਸ਼ਨ ਦੇ ਦੋਵੇਂ ਹਿੱਸਿਆ ਵਿਚ ਹੁਣ ਤੱਕ ਕਾਰਵਾਈ ਸਦਨ ਵਿਚਲੇ ਹੰਗਾਮੇ ਦੌਰਾਨ ਠੱਪ ਪਈ ਹੈ, ਜਿਸ ਕਾਰਨ ਉਨ੍ਹਾਂ ਨੂੰ ਰਾਜ ਸਭਾ ਵਿਚ ਆਉਣ ਦੇ ਮਕਸਦ ਦਾ ਸੁਫ਼ਨਾ ਟੁੱਟਦਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿ ਉਹ ਚਾਹੁੰਦੇ ਹਨ ਕਿ ਅਡਾਨੀ ਮੁੱਦੇ ਉੱਤੇ ਵਿਰੋਧੀ ਧਿਰ ਦੀ ਮੰਗ ਮੁਤਾਬਕ ਜੇ. ਪੀ. ਸੀ. ਦਾ ਗਠਨ ਹੋਵੇ ਪਰ ਉਹ ਇਹ ਨਹੀਂ ਚਾਹੁੰਦੇ ਕਿ ਇਸ ਨਾਲ ਸੰਸਦ ਦੀ ਕਾਰਵਾਈ ਹੀ ਨਾ ਚੱਲੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਚਾਹੁਣ ਵਾਲਿਆਂ ਲਈ ਅਹਿਮ ਖ਼ਬਰ, ਇਸ ਦਿਨ ਰਿਲੀਜ਼ ਹੋਵੇਗਾ ਨਵਾਂ ਗੀਤ
ਉਨ੍ਹਾਂ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਮੁਲਕ ਦੀ ਲੀਡਰਸ਼ਿਪ ਸੰਸਦ ਚਲਾਉਣ ਦਾ ਹੀ ਮਸਲਾ ਹੱਲ ਨਹੀਂ ਕਰ ਸਕਦੀ ਤਾਂ ਮੁਲਕ ਦੇ ਅਸਲ ਮੁੱਦੇ ਹੱਲ ਕਿਵੇਂ ਹੋਣਗੇ। ਉਨ੍ਹਾਂ ਰਾਜ ਸਭਾ ਚੇਅਰਮੈਨ ਕੋਲੋਂ ਮੰਗ ਕਰਦਿਆਂ ਕਿਹਾ ਕਿ ਤੁਸੀਂ ਸਦਨ ਦੇ ਕਸਟੋਡੀਅਨ ਹੋ, ਸੰਸਦੀ ਕਦਰਾਂ ਕੀਮਤਾਂ ਦੀ ਰੱਖਿਆ ਕਰਵਾਉਣਾ ਤੁਹਾਡੀ ਜ਼ਿੰਮੇਵਾਰੀ ਹੈ। ਅਸੀਂ ਤੁਹਾਨੂੰ ਇਹ ਕੋਸ਼ਿਸ਼ਾਂ ਕਰਦੇ ਲਗਾਤਾਰ ਦੇਖਦੇ ਵੀ ਹਾਂ ਪਰ ਇਹ ਅਣਕਿਆਸੇ ਹਾਲਾਤ ਹਨ, ਇਨ੍ਹਾਂ ’ਚ ਕੋਈ ਮਿਸਾਲੀ ਕਦਮ ਚੁੱਕਣ ਦੀ ਲੋੜ ਹੈ। ਘੱਟੋ-ਘੱਟ ਜ਼ੀਰੋ ਆਵਰ, ਵਿਸ਼ੇਸ਼ ਮੈਨਸ਼ਨ, ਪ੍ਰਸ਼ਨਕਾਲ ਤਾਂ ਯਕੀਨੀ ਬਣਾਏ ਜਾ, ਕਿਉਂਕਿ ਰਾਜ ਸਭਾ ਉਹ ਸਦਨ ਹੈ, ਜਿਸ ਦੇ ਮੈਂਬਰਾਂ ਨੂੰ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਚੁਣਦੇ ਹਨ।
ਉਨ੍ਹਾਂ ਦੱਸਿਆ ਕਿ ਇਕ ਮੋਟੇ ਜਿਹੇ ਅਨੁਮਾਨ ਮੁਤਾਬਕ ਇਕ ਮਿੰਟ ਵਿਚ ਦੋਵਾਂ ਸਦਨਾਂ ਉੱਤੇ ਢਾਈ ਲੱਖ ਰੁਪਏ ਖ਼ਰਚ ਆ ਜਾਂਦੇ ਹਨ, ਘੰਟੇ ਦੇ ਹਿਸਾਬ ਨਾਲ ਇਹ ਡੇਢ ਕਰੋੜ ਰੁਪਏ ਬਣਦਾ ਹੈ। ਬਜਟ ਦੇ ਦੋਵੇਂ ਇਜਲਾਸਾਂ ਦੇ ਬਿਨਾਂ ਚਰਚਾ ਕੀਤਿਆਂ ਲੰਘ ਜਾਣ ਨਾਲ ਦੇਸ਼ ਦੇ ਲੋਕਾਂ ਦਾ ਹੁਣ ਤੱਕ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੰਸਦ ਨੂੰ ਚਲਾਉਣ ਉੱਤੇ ਲੋਕਾਂ ਦੀ ਕਿਰਤ ਕਮਾਈ ਦਾ ਪੈਸਾ ਲੱਗਦਾ ਹੈ। ਸੰਸਦ ਮੈਂਬਰਾਂ ਵੱਲੋਂ ਬਿਨਾਂ ਕੁਝ ਕੀਤਿਆਂ ਲੋਕਾਂ ਦੇ ਕਰੋੜਾਂ ਰੁਪਏ ਦੀ ਬਰਬਾਦੀ ਦਾ ਜ਼ਿੰਮੇਵਾਰ ਕੌਣ ਹੈ? ਇਸ ਦਾ ਜਵਾਬ ਦੇਸ਼ ਦੇ ਲੋਕਾਂ ਨੂੰ ਮਿਲਣਾ ਚਾਹੀਦਾ ਹੈ।