ਸੰਤ ਸੀਚੇਵਾਲ ਵੱਲੋਂ ਸਤਲੁਜ ’ਚ ਪਏ ਪਾੜ ਨੂੰ ਬੰਨ੍ਹਣ ਦਾ ਕਾਰਜ ਸ਼ੁਰੂ, ਮੋਟਰ ਬੋਟ ਰਾਹੀਂ ਲੋਕਾਂ ਨੂੰ ਸੁਰੱਖਿਅਤ ਕੱਢਿਆ

Tuesday, Jul 11, 2023 - 10:46 PM (IST)

ਸੰਤ ਸੀਚੇਵਾਲ ਵੱਲੋਂ ਸਤਲੁਜ ’ਚ ਪਏ ਪਾੜ ਨੂੰ ਬੰਨ੍ਹਣ ਦਾ ਕਾਰਜ ਸ਼ੁਰੂ, ਮੋਟਰ ਬੋਟ ਰਾਹੀਂ ਲੋਕਾਂ ਨੂੰ ਸੁਰੱਖਿਅਤ ਕੱਢਿਆ

ਸੁਲਤਾਨਪੁਰ ਲੋਧੀ (ਧੀਰ, ਅਸ਼ਵਨੀ)-ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ’ਚ ਦੇਰ ਰਾਤ 2 ਥਾਵਾਂ ਤੋਂ ਪਾੜ ਪੈ ਗਿਆ ਸੀ, ਇਕ ਪਾੜ ਲੱਖੂ ਦੀਆਂ ਛੰਨਾਂ/ਮੰਡਾਲਾ ਛੰਨਾ ਅਤੇ ਦੂਜਾ ਪਾੜ ਗੱਟਾ ਮੁੰਡੀ ਕਾਸੂ ਨੇੜੇ ਤੋਂ ਟੁੱਟ ਗਿਆ ਸੀ। ਦੋਵਾਂ ਥਾਵਾਂ ਤੋਂ ਪਏ ਪਾੜ ਕਾਰਨ 3 ਦਰਜਨ ਦੇ ਕਰੀਬ ਪਿੰਡਾਂ ’ਚ ਪਾਣੀ ਵੜ ਗਿਆ ਹੈ ਤੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਖੂਹੀ ’ਚ ਉੱਤਰੇ ਪੰਜਾਬੀ ਨੌਜਵਾਨ ਤੇ 2 ਪ੍ਰਵਾਸੀਆਂ ਨਾਲ ਵਾਪਰੀ ਅਣਹੋਣੀ, ਇਕ-ਇਕ ਕਰਕੇ ਤਿੰਨਾਂ ਦੀ ਗਈ ਜਾਨ

PunjabKesari

ਦੇਰ ਸ਼ਾਮ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੰਡਾਲਾ ਛੰਨਾਂ ਦੇ ਪਏ ਪਾੜ ਨੂੰ ਪੂਰਨ ਦਾ ਕੰਮ ਆਰੰਭ ਕਰ ਦਿੱਤਾ। ਸੰਤ ਸੀਚੇਵਾਲ ਸਵੇਰੇ 7 ਵਜੇ ਤੋਂ ਹੀ ਆਲੇ-ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਬਚਾਉਣ ਵਿਚ ਜਿਥੇ ਰੁੱਝੇ ਰਹੇ, ਉੱਥੇ ਹੀ ਕਾਰ ਸੇਵਕਾਂ ਰਾਹੀਂ ਮਿੱਟੀ ਦੇ ਬੋਰੇ ਭਰਨ ਦਾ ਕੰਮ ਸ਼ੁਰੂ ਕਰ ਦਿੱਤਾ ਸੀ। ਸ਼ਾਮ ਤੱਕ ਉਨ੍ਹਾਂ ਵੱਲੋਂ ਬੰਨ੍ਹ ਦੀ ਮਜ਼ਬੂਤੀ ਦੇ ਨਾਲ-ਨਾਲ ਉਸ ਨੂੰ ਬੰਨ੍ਹਣ ਲਈ ਬੋਰਿਆਂ ਦੇ ਕਰੇਟ ਬਣਾ ਕੇ ਪਾਣੀ ਵਿਚ ਰਿੰਗ ਬੰਨ੍ਹ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਮੋਦੀ ਸਰਕਾਰ ਹੜ੍ਹਾਂ ਨਾਲ ਹੋਏ ਨੁਕਸਾਨ ਲਈ ਨੈਸ਼ਨਲ ਰਿਲੀਫ਼ ਫੰਡ ’ਚੋਂ 1000 ਕਰੋੜ ਰੁਪਏ ਜਾਰੀ ਕਰੇ : ਬਾਜਵਾ

ਸੰਤ ਸੀਚੇਵਾਲ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਤੱਕ ਸਹਾਇਤਾ ਪਹੁੰਚਾਉਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਵੱਲੋਂ ਸੇਵਾਦਾਰਾਂ ਦੀ ਟੀਮਾਂ ਬਣਾ ਕੇ ਪਿੰਡਾਂ ਵਿਚ ਪਾਣੀ ਦੀ ਮਾਰ ਹੇਠ ਆਏ ਲੋਕਾਂ ਨੂੰ ਵੀ ਬੋਟ ਰਾਹੀਂ ਸੁੱਰਖਿਅਤ ਬਾਹਰ ਕੱਢਿਆ ਗਿਆ। ਸੰਤ ਸੀਚੇਵਾਲ ਦੀਆਂ ਅੱਖਾਂ ਵਿਚ 2019 ਦੇ ਵਰਗੇ ਫੇਰ ਤੋਂ ਬਣੇ ਮੰਜ਼ਰ ਨੂੰ ਦੇਖਦਿਆਂ ਲੋਕਾਂ ਦਾ ਦਰਦ ਸਾਫ਼ ਝਲਕ ਰਿਹਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਨਾਲ ਮਿਲ ਕੇ ਉਨ੍ਹਾਂ ਵੱਲੋਂ ਕੋਸ਼ਿਸ਼ਾਂ ਤਾਂ ਬਹੁਤ ਕੀਤੀਆਂ ਗਈਆਂ ਪਰ ਕੁਦਰਤ ਅੱਗੇ ਕੋਈ ਵੀ ਨਹੀਂ ਟਿਕ ਸਕਦਾ।

ਇਹ ਖ਼ਬਰ ਵੀ ਪੜ੍ਹੋ : ਹੜ੍ਹਾਂ ਦੇ ਹਾਲਾਤ ਦਰਮਿਆਨ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਲੋਕਾਂ ਨੂੰ ਕੀਤੀ ਇਹ ਅਪੀਲ

ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਨੇ ਇਲਾਕੇ ਦਾ ਦੌਰਾ ਕੀਤਾ। ਉਨ੍ਹਾਂ ਲੋਕਾਂ ਨੂੰ ਨੀਵੇਂ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ ਅਤੇ ਉਨ੍ਹਾਂ ਦੀ ਜਾਨ-ਮਾਲ ਦੀ ਰਾਖੀ ਲਈ ਸੂਬਾ ਸਰਕਾਰ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਸਮੁੱਚੀ ਸਥਿਤੀ ’ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਅਧਿਕਾਰੀਆਂ ਦੀਆਂ ਟੀਮਾਂ ਦਿਨ-ਰਾਤ ਸੁਰੱਖਿਆ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ।

ਇਸ ਮੁਸ਼ਕਿਲ ਘੜੀ ਵਿਚ ਉਨ੍ਹਾਂ ਲੋਕਾਂ ਨੂੰ ਪ੍ਰਸ਼ਾਸਨ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਬਾਰੇ ਪਤਾ ਲੱਗਦਾ ਹੈ ਜਾਂ ਕਿਸੇ ਦੇ ਫਸੇ ਹੋਣ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਥਾਪਿਤ ਹੜ੍ਹ ਕੰਟਰੋਲ ਰੂਮ ਦੇ ਨੰਬਰ 0181-2224417 ਜਾਂ ਐਮਰਜੈਂਸੀ ਨੰਬਰ 112 ’ਤੇ ਸੂਚਿਤ ਕੀਤਾ ਜਾਵੇ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ।
 


author

Manoj

Content Editor

Related News